ਸ਼੍ਰੀ ਮੁਕਤਸਰ ਸਾਹਿਬ, 3 ਦਸੰਬਰ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਦੀ ਇਕਾਈ ਕੋਟਕਪੂਰਾ ਵੱਲੋਂ ਨੇੜਲੇ ਪਿੰਡ ਮਰਾੜ• ਕਲਾਂ ਦੇ ਗੁਰੂ ਗੋਬਿੰਦ ਪਬਲਿਕ ਸਕੂਲ ਵਿਖੇ ‘ਜੀਵਨ ਜਿਉਣ ਦਾ ਢੰਗ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜੋਨਲ ਸਕੱਤਰ ਡਾ.ਅਵੀਨਿੰਦਰਪਾਲ ਸਿੰਘ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਚੰਗਾ ਜੀਵਨ ਬਤੀਤ ਕਰਨ ਦੇ ਢੰਗਾਂ ਤੋਂ ਜਾਣੂ ਕਰਵਾਇਆ। ਪ੍ਰਧਾਨਗੀ ਮੰਡਲ ‘ਚ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਜੈਪਾਲ ਸਿੰਘ ਸੰਧੂ, ਪ੍ਰਿੰਸੀਪਲ ਜਤਿੰਦਰ ਸਿਡਾਨਾ, ਗੁਰਿੰਦਰ ਸਿੰਘ ਕੋਟਕਪੂਰਾ ਅਤੇ ਨਵਨੀਤ ਸਿੰਘ ਖੇਤਰ ਸਕੱਤਰ ਕੋਟਕਪੂਰਾ ਬਿਰਾਜਮਾਨ ਸਨ। ਸੈਮੀਨਾਰ ਦੀ ਸ਼ੁਰੂਆਤ ਪ੍ਰਿੰਸੀਪਲ ਸਿਡਾਨਾ ਵੱਲੋਂ ਸੈਮੀਨਾਰ ਦੇ ਵਿਸ਼ੇ ਤੋਂ ਜਾਣੂ ਕਰਾਉਣ ਅਤੇ ਬੁਲਾਰਿਆਂ ਦੀ ਜਾਣ-ਪਛਾਣ ਉਪਰੰਤ ਹੋਈ। ਚੰਗਾ ਜੀਵਨ ਜਿਉਣ ਦੇ ਢੰਗ ਦੱਸਦਿਆਂ ਡਾ.ਅਵੀਨਿੰਦਰਪਾਲ ਸਿੰਘ ਨੇ ਦੱਸਿਆ ਕਿ ਕਰਮ-ਕਾਂਡ, ਵਹਿਮ-ਭਰਮ ਜਾਂ ਅਖੌਤੀ ਰਸਮਾਂ ਗੁਰਬਾਣੀ ਦੀ ਕਸਵੱਟੀ ‘ਤੇ ਪੂਰੀਆਂ ਨਹੀਂ ਉਤਰਦੀਆਂ। ਉਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਜਪੁਜੀ ਸਾਹਿਬ ਦੀ ਬਾਣੀ ਦੀਆਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਗੁਰਬਾਣੀ ਦੀ ਜਾਣਕਾਰੀ ਸਾਨੂੰ ਉੱਚੇ-ਸੁੱਚੇ ਆਚਰਣ ਦਾ ਮਾਲਕ ਬਣਾਉਂਦੀ ਹੈ, ਜਦੋਂਕਿ ਅਜੋਕਾ ਗਾਇਕੀ ਦਾ ਖੇਤਰ ਸਿਰਫ ਦਿਲ ਦੀਆਂ ਗੱਲਾਂ ਕਰ ਰਿਹਾ ਹੈ। ਉਨਾਂ ਦੱਸਿਆ ਕਿ ਸਾਡੀ ਬੁੱਧੀਮਤਾ ਦੀ ਪਰਖ ਦਿਮਾਗ ਨਾਲ ਹੁੰਦੀ ਹੈ। ਇਕੱਲਾ ਦਿਲ ਵੀ ਸਾਡੇ ਜੀਵਨ ਨੂੰ ਬਰਬਾਦੀ ਦੇ ਰਾਹ ‘ਤੇ ਅਤੇ ਦਿਮਾਗ ਵੀ ਹਨੇਰੇ ਰਾਹਾਂ ਵੱਲ ਧੱਕ ਸਕਦਾ ਹੈ। ਦਿਲ ਤੇ ਦਿਮਾਗ ਦਾ ਸੁਮੇਲ ਹੀ ਇਕ ਆਦਰਸ਼ਕ ਸ਼ਖਸ਼ੀਅਤ ਦੀ ਸਿਰਜਣਾ ਲਈ ਜਰੂਰੀ ਹੈ। ਗੁਰੂ ਵੱਲੋਂ ਬਖਸ਼ੇ 5 ਕੱਕਾਰਾਂ ਅਰਥਾਤ ਕੱਕੇ (ਕ) ਦਾ ਵਿਸਥਾਰ ਦੱਸਦਿਆਂ ਉਨਾਂ ਸਮਝਾਇਆ ਕਿ ਕਲਚਰ ਦਾ ਕ ਕੱਟਣ ਨਾਲ ਲਚਰ ਸ਼ਬਦ ਬਣਦਾ ਹੈ, ਜੋ ਘਿਰਣਾ ਨਾਲ ਦੇਖਿਆ ਜਾਂਦਾ ਹੈ ਪਰ ਸਾਡੇ ਗੁਰੂਆਂ ਨੇ ਸਾਨੂੰ 5 ਕੱਕੇ ਬਖਸ਼ੇ ਅਸੀਂ ਫਿਰ ਵੀ ਉਨਾਂ ਦੀ ਪਰਿਭਾਸ਼ਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇ। ਉਨਾਂ ਦੱਸਿਆ ਕਿ ਕਿਸੇ ਸਮੇਂ ਬਾਬਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਵਾਦ ਰਚਾਉਂਦਿਆਂ ਕਿਹਾ ਸੀ ਕਿ ਬੰਦਿਆ ਐਸ਼ ਕਰ, ਇਹ ਜੀਵਨ ਦੁਬਾਰਾ ਨਹੀਂ ਮਿਲਣਾ, ਜਦੋਂਕਿ ਬਾਬੇ ਨਾਨਕ ਨੇ ਬਾਬਰ ਦੀ ਗੱਲ ਨੂੰ ਉਲਟਾਉਂਦਿਆਂ ਕਿਹਾ ਸੀ ਕਿ ਹੋਸ਼ ਕਰ, ਇਹ ਜੀਵਨ ਦੁਬਾਰਾ ਨਹੀਂ ਮਿਲਣਾ। ਜੇਕਰ ਅਸੀਂ ਐਸ਼ ਕਰ ਤੇ ਹੋਸ਼ ਕਰ ਦੇ ਅਸਲ ਮਕਸਦ ਤੋਂ ਜਾਣੂ ਹੋ ਜਾਵਾਂਗੇ ਤਾਂ ਜੀਵਨ ਜਿਉਣ ਦੇ ਢੰਗ ਆਪਣੇ ਆਪ ਬਣ ਜਾਣਗੇ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਗੁਰਬਾਣੀ ਦੇ ਹਵਾਲਿਆਂ ਅਨੁਸਾਰ ਹੀ ਦਿੱਤੇ ਗਏ। ਸੈਮੀਨਾਰ ਦੇ ਅਖੀਰ ‘ਚ ਮੈਨੇਜਮੈਂਟ ਕਮੇਟੀ ਵੱਲੋਂ ਡਾ.ਅਵੀਨਿੰਦਰਪਾਲ ਸਿੰਘ ਸਮੇਤ ਸੈਮੀਨਾਰ ‘ਚ ਸਹਿਯੋਗ ਦੇਣ ਵਾਲੇ ਬੱਚਿਆਂ ਨੂੰ ਵੀ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ।