December 3, 2011 admin

ਰਿਕਾਰਡ ਵਿਕਾਸ ਕਾਰਜਾਂ ਕਾਰਨ ਅਕਾਲੀਆਂ ਦੀ ਹੋਈ ਚੜ੍ਹਤ ਕਾਂਗਰਸੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ : ਚੰਦੂਮਾਜਰਾ

ਫ਼ਤਿਹਗੜ੍ਹ ਸਾਹਿਬ, 3 ਦਸੰਬਰ () : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਸੂਬੇ ਅੰਦਰ ਕਰਵਾਏ ਰਿਕਾਰਡ ਵਿਕਾਸ ਕਾਰਜਾਂ ਕਾਰਨ ਅਕਾਲੀਆਂ ਦੀ ਹੋਈ ਚੜ੍ਹਤ ਕਾਂਗਰਸੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਅਕਾਲੀ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਦੌਰਾਨ ਸੂਬੇ ਅੰਦਰ ਥਾਂ ਥਾ ਬਣਾਏ ਮਾਡਲ ਸਕੂਲ, ਓਵਰ ਬ੍ਰਿਜ, ਹਸਪਤਾਲ, ਥਰਮਲ ਪਲਾਂਟ, ਸੜਕਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਕਾਰਨ ਵਿਰੋਧੀ ਧਿਰ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜ਼ਬੂਰ ਹੋ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਲਾਕੇ ਦੇ ਪਿੰਡ ਚੋਲਟੀ ਖੇੜੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇਥੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੱਢੇ ਗਏ 6ਵੇਂ ਅਲੌਕਿਕ ਨਗਰ ਕੀਤਰਨ ਵਿਚ ਹਾਜ਼ਰੀ ਲਗਵਾਉਣ ਪੁੱਜੇ ।

         ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਕਾਲੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਚਲਾਈਆਂ ਗਈਆਂ ਅਨੇਕਾਂ ਵਿਕਾਸ ਅਤੇ ਰਿਆਇਤੀ ਸਕੀਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਨੂੰ ਵਿਕਾਸ ਪਖੋਂ ਨੰਬਰ ਇਕ ਸੂਬਾ ਬਣਾਉਣ ਲਈ ਕੀਤੀ ਜਾ ਰਹੀ ਦਿਨ ਰਾਤ ਸੇਵਾ ਦਾ ਮੁੱਲ ਪੰਜਾਬ ਵਾਸੀ ਮੁੜ ਅਕਾਲੀ ਸਰਕਾਰ ਦੋਹਰਾ ਕੇ ਚੁੱਕਾਉਣਗੇ ਜੋ ਕਿ ਕਾਂਗਰਸੀਆਂ ਨੂੰ ਅੱਜ ਕੰਧ ‘ਤੇ ਲਿਖਿਆ ਨਜ਼ਰ ਆਉਣ ਲੱਗ ਪਿਆ ਹੈ।

         ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸੀਆਂ ਦੀ ਗਾਲੀ ਗਲੋਚ ਤੇ ਭੱਦੀ ਸ਼ਬਦਾਵਲੀ ਤੋਂ ਸੂਬੇ ਦੇ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਇਹ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਜੇਕਰ ਸੂਬੇ ਦਾ ਵਿਕਾਸ ਕਿਸੇ ਸਰਕਾਰ ਸਮੇਂ ਹੋਇਆ ਤਾਂ ਉਹ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਹੋਇਆ, ਜਦੋਂਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਵੱਡੇ ਘੁਟਾਲਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਲੋਕ ਕੰਮ ਦੇਖਦੇ ਹਨ ਚੰਮ ਨਹੀਂ।

         ਇਸ ਮੌਕੇ ਸ. ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਰਪੰਚ ਰਣਜੀਤ ਸਿੰਘ ਸਾਬਕਾ ਸਰਪੰਚ ਪਿਆਰਾ ਸਿੰਘ, ਦੀ ਸੈਂਟਰਲ ਕੁਆਪਰੇਟਿਵ ਬੈਂਕ ਦੇ ਸਟੇਟ ਡਾਇਰੈਕਟਰ ਬਲਜੀਤ ਸਿੰਘ ਭੁੱਟਾ, ਕੇਸਰ ਸਿੰਘ, ਕਰਮ ਸਿੰਘ, ਸਿਕੰਦਰ ਸਿੰਘ, ਅਮਨਦੀਪ ਸਿੰਘ, ਬਬਲਾ ਸਿੰਘ, ਬਲਕਾਰ ਸਿੰਘ, ਅਮਰਦੀਪ ਸਿੰਘ ਸਰਹੰਦ, ਤਤਿੰਦਰ ਸਿੰਘ ਸਲੇਮਪੁਰ ਵੀ ਹਾਜ਼ਰ ਸਨ।

Translate »