December 3, 2011 admin

ਮੁੱਖ ਮੰਤਰੀ ਸ. ਬਾਦਲ ਨੇ ਕੀਤਾ ਵੈਟਨਰੀ ਪੌਲੀਟੈਕਨਿਕ ਦਾ ਉਦਘਾਟਨ

0੩-ਦਿਸੰਬਰ-2011 : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪੌਲੀਟੈਕਨਿਕ, ਕਾਲਝਰਾਣੀ ਦਾ ਉਦਘਾਟਨ ਸ. ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਨੇ ਕਾਲਝਰਾਣੀ (ਬਠਿੰਡਾ) ਵਿਖੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸਮਾਰੋਹ ਦੀ ਪ੍ਰਧਾਨਗੀ ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਤੇ ਸ. ਬਾਦਲ ਨੇ ਕਿਹਾ ਕਿ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਪਸ਼ੂ ਪਾਲਣ ਕਿੱਤੇ ਬਹੁਤ ਅਹਿਮ ਸਥਾਨ ਰੱਖਦੇ ਹਨ। ਪਸ਼ੂ ਪਾਲਣ ਅਤੇ ਪਸ਼ੂ ਇਲਾਜ ਖੇਤਰ ਵਿੱਚ ਬਿਹਤਰ ਅਤੇ ਵਿਗਿਆਨਕ ਸਿਖਲਾਈ ਦੇਣ ਵਾਸਤੇ ਇਹ ਵੈਟਨਰੀ ਪੌਲੀਟੈਕਨਿਕ ਇਕ ਅਹਿਮ ਭੂਮਿਕਾ ਨਿਭਾਏਗਾ। ਉਨ•ਾਂ ਕਿਹਾ ਕਿ ਇਸ ਸੰਸਥਾ ਦੇ ਨਾਲ ਸੂਬੇ ਦੀਆਂ ਅਰਧ-ਵੈਟਨਰੀ ਸੇਵਾਵਾਂ ਹੋਰ ਬਿਹਤਰ ਹੋਣਗੀਆਂ।
ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਦੱੱਸਿਆ ਕਿ ਇਸ ਪੌਲੀਟੈਕਨਿਕ ਦਾ ਉਦੇਸ਼ ਪਸ਼ੂ ਸਿਹਤ ਅਤੇ ਉਤਪਾਦਨ ਨੂੰ ਹੋਰ ਵਧੀਆ ਤਰੀਕੇ ਨਾਲ ਸੰਭਾਲਣ ਵਾਸਤੇ ਤਕਨੀਕੀ ਤੌਰ ਤੇ ਬਿਹਤਰ ਸਿੱਖਿਆਰਥੀ ਪੈਦਾ ਕਰਨਾ ਹੈ। ਉਨ•ਾਂ ਕਿਹਾ ਕਿ ਇਸ ਸੰਸਥਾ ਤੋਂ ਸਿੱਖਿਅਤ ਵਿਦਿਆਰਥੀ, ਵੈਟਨਰੀ ਵਿਗਿਆਨ, ਪਸ਼ੂ ਸਿਹਤ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਹ ਵਿਦਿਆਰਥੀ ਰਾਜ ਦੇ ਵੱਖ ਵੱਖ ਪਸ਼ੂ ਪਾਲਣ ਮਹਿਕਮਿਆਂ, ਜਨਤਕ ਸਿਹਤ ਦੀਆਂ ਸੰਸਥਾਵਾਂ, ਵੈਟਨਰੀ ਕਾਲਜਾਂ ਅਤੇ ਖੋਜ ਸੰਸਥਾਵਾਂ ਵਿੱਚ ਆਪਣੀਆਂ ਸੇਵਾਵਾਂ ਦੇਣਗੇ।
ਡਾ. ਤਨੇਜਾ ਨੇ ਕਿਹਾ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਪਸ਼ੂ ਪਾਲਕਾਂ ਦੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਪੰਜਾਬ ਵਿੱਚ ਤਿੰਨ ਖੇਤਰੀ ਖੋਜ ਕੇਂਦਰ ਸਥਾਪਿਤ ਕਰਨ ਦਾ ਕੰਮ ਆਰੰਭਿਆ ਸੀ ਜੋ ਕਿ ਬੂਹ (ਤਰਨਤਾਰਨ), ਤਲਵਾੜਾ (ਹੁਸ਼ਿਆਰਪੁਰ) ਅਤੇ ਕਾਲਝਰਾਣੀ (ਬਠਿੰਡਾ) ਵਿਖੇ ਸਥਾਪਿਤ ਹੋ ਚੁੱਕੇ ਹਨ। ਕਾਲਝਰਾਣੀ ਵਾਲੇ ਖੇਤਰੀ ਖੋਜ ਕੇਂਦਰ ਜਿੱਥੇ ਕਿ ਇਹ ਵੈਟਨਰੀ ਪੌਲੀਟੈਕਨਿਕ ਖੋਲਿਆ ਗਿਆ ਹੈ ਵਿਖੇ ਪਸ਼ੂ ਪਾਲਕਾਂ ਨੂੰ ਸਿਖਲ਼ਾਈ ਦੇਣ ਦਾ ਕਾਰਜ ਵੀ ਸ਼ੁਰੂ ਹੋ ਚੁੱਕਾ ਹੈ। ਇਸ ਕੇਂਦਰ ਵਿਖੇ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਸੰਭਾਲਣ ਅਤੇ ਉਹਨਾਂ ਦੀ ਨਸਲ ਸੁਧਾਰ ਦਾ ਕਾਰਜ ਵੀ ਆਰੰਭਿਆ ਗਿਆ ਹੈ। ਉਨ•ਾਂ ਕਿਹਾ ਕਿ ਇਹ ਕੇਂਦਰ ਇਸ ਖਿੱਤੇ ਦੇ ਪਸ਼ੂ ਪਾਲਕਾਂ, ਸਰਕਾਰੀ ਅਤੇ ਗੈਰ ਸਰਕਾਰੀ ਜੱਥੇਬੰਦੀਆਂ ਨਾਲ ਜੁੜੇ ਲੋਕਾਂ ਨੂੰ ਜਿੱਥੇ ਸਿਖਲਾਈ ਦੇਵੇਗਾ, ਉੱਥੇ ਬਤੌਰ ਸਲਾਹਕਾਰ ਵੀ ਕੰਮ ਕਰੇਗਾ ਤਾਂ ਕਿ ਇੱਥੋਂ ਦੀਆਂ ਸਮੱਸਿਆਵਾਂ ਨੂੰ ਇੱਥੋਂ ਦੇ ਮਾਹੋਲ ਮੁਤਾਬਿਕ ਹੀ ਨਜਿੱਠਿਆ ਜਾ ਸਕੇ। ਉਨ•ਾਂ ਕਿਹਾ ਕਿ ਦੱਖਣ-ਪੱਛਮੀ ਪੰਜਾਬ ਦੇ ਫ਼ਿਰੋਜਪੁਰ, ਮੁਕਤਸਰ, ਫਰੀਦਕੋਟ, ਬਠਿੰਡਾ ਅਤੇ ਮਾਨਸਾ ਜ਼ਿਲਿਆਂ ਦੀ ਲਗਭਗ 1.25 ਲੱਖ ਹੈਕਟੇਅਰ ਜ਼ਮੀਨ ਸੇਮ ਅਤੇ ਖਾਰੇ ਪਾਣੀ ਦੀ ਸ਼ਿਕਾਰ ਹੋ ਚੁੱਕੀ ਹੈ ਜਿਸ ਨੇ ਇਸ ਖੇਤਰ ਦੀ ਖੇਤੀਬਾੜੀ ਦਾ ਲੱਕ ਤੋੜ ਦਿੱਤਾ ਹੈ। ਇਸ ਜ਼ਮੀਨ ਦੀ ਹੋਰ ਢੰਗਾਂ ਨਾਲ ਵਰਤੋਂ ਕਰਨ ਵਾਸਤੇ ਯੂਨੀਵਰਸਿਟੀ ਮੱਛੀ ਉਤਪਾਦਨ ਦੇ ਧੰਦੇ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਵੈਟਨਰੀ ਪੌਲੀਟੈਕਨਿਕ ਦੇ ਪ੍ਰਿੰਸੀਪਲ ਕਮ ਸੰਯੁਕਤ ਨਿਰਦੇਸ਼ਕ ਡਾ. ਵੇਦ ਭੂਸ਼ਣ ਜੋਸ਼ੀ ਨੇ ਕਿਹਾ ਕਿ ਇਸ ਪੌਲੀਟੈਕਨਿਕ ਵਿੱਚ ਹਰ ਵਰ•ੇ 52 ਵਿਦਿਆਰਥੀਆਂ ਨੂੰ ਵੈਟਨਰੀ ਸਿੱਖਿਆ ਸਬੰਧੀ ਦਾਖਲਾ ਦਿੱਤਾ ਜਾਇਆ ਕਰੇਗਾ। ਇਨ•ਾਂ ਵਿੱਚੋਂ 2 ਸੀਟਾਂ ਕਾਲਝਰਾਣੀ ਦੇ ਪੱਕੇ ਵਸਨੀਕਾਂ ਵਾਸਤੇ ਵੀ ਸੁਰੱਖਿਅਤ ਹਨ।
ਡਾ. ਕੁਲਬੀਰ ਸਿੰੰਘ ਸੰਧੂ, ਨਿਰਦੇਸ਼ਕ ਪਸਾਰ ਸਿੱਖਿਆ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਇਸ ਸਮਾਰੋਹ ਵਿੱਚ ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਪਰਚੇ ਵੀ ਵੰਡੇ ਗਏ।
ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਧਾਤਾਂ ਦੇ ਮਿਸ਼ਰਣ ਅਤੇ ਪਸ਼ੂ ਚਾਟ ਵੀ ਪ੍ਰਦਰਸ਼ਿਤ ਕੀਤੇ ਗਏ। ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ, ਪ੍ਰਜਨਣ ਸਮੱਸਿਆਵਾਂ, ਪਸ਼ੂਆਂ ਦਾ ਟੀਕਾਕਰਨ, ਪਸ਼ੂਆਂ ਦਾ ਲੰਗੜੇਪਨ ਤੋਂ ਬਚਾਅ ਅਤੇ ਸਾਫ ਸੁੱਥਰਾ ਦੁੱਧ ਉਤਪਾਦਨ ਕਰਨ ਸਬੰਧੀ ਮਾਹਰਾਂ ਨੇ ਬੜੇ ਮੁੱਲਵਾਨ ਨੁਕਤੇ ਪਸ਼ੂ ਪਾਲਕਾਂ ਨਾਲ ਸਾਂਝੇ ਕੀਤੇ। ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਤੋਂ ਤਿਆਰ ਕੀਤੇ ਗੁਣਵੱਤਾ ਭਰਪੂਰ ਉਤਪਾਦ ਜਿਵੇਂ ਮਿੱਠੀ ਲੱਸੀ, ਨਮਕੀਨ ਲੱਸੀ, ਸੁਗੰਧਿਤ ਦੁੱਧ ਅਤੇ ਪਨੀਰ ਵੀ ਪ੍ਰਦਰਸ਼ਿਤ ਕੀਤੇ ਗਏ ਤਾਂ ਜੋ ਪਸ਼ੂ ਪਾਲਕ ਅਜਿਹੀਆਂ ਵਸਤਾਂ ਤਿਆਰ ਕਰਕੇ ਹੋਰ ਵਧੇਰੇ ਮੁਨਾਫਾ ਕਮਾ ਸਕਣ।

Translate »