December 3, 2011 admin

ਹਰ ਗੁਨਾਹਗਾਰ ਹਮੇਸ਼ਾਂ ਇਹੀ ਆਖੇਗਾ ਹੈ ਕਿ ਉਹ ਬੇਗੁਨਾਹ ਹੈ’- ਸ. ਪਰਮਜੀਤ ਸਿੰਘ ਸਰਨਾ

ਨਵੀਂ ਦਿੱਲੀ : (੦੩, ਦਸੰਬਰ, ੨੦੧੧) :’ਕੋਈ ਵੀ ਗੁਨਾਹਗਾਰ ਇਹ ਗਲ ਸਵੀਕਾਰ ਕਰਨ ਲਈ ਕਦੀ ਵੀ ਤਿਆਰ ਨਹੀਂ ਹੋਵੇਗਾ ਕਿ ਉਸਨੇ ਕੋਈ ਗੁਨਾਹ ਕੀਤਾ ਹੈ, ਹਰ ਗੁਨਾਹਗਾਰ ਹਮੇਸ਼ਾਂ ਇਹੀ ਆਖੇਗਾ ਹੈ ਕਿ ਉਹ ਬੇਗੁਨਾਹ ਹੈ’, ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਇੱਕ ਨਿਜੀ ਟੀਵੀ ਚੈਨਲ ਨਾਲ ਮੁਲਾਕਾਤ ਦੌਰਾਨ ਇਹ ਗਲ ਕਹੀ। ਉਹ ਅਮਿਤਾਭ ਬਚਨ ਵਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਵੰਬਰ-੮੪ ਦੇ ਸਿੱਖ ਹਤਿਆ ਕਾਂਡ ਦੇ ਮਾਮਲੇ ਵਿੱਚ ਆਪਣੇ ਬੇਗੁਨਾਹ ਹੋਣ ਸੰਬੰਧੀ ਲਿਖੇ ਗਏ ਇੱਕ ਪਤ੍ਰ ਦੇ ਸੰਬੰਧ ਵਿੱਚ ਪੁਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਨਵੰਬਰ-੮੪ ਦੇ ਸਿੱਖ ਹਤਿਆਕਾਂਡ ਦੇ ਗਰਦਾਨੇ ਜਾਂਦੇ ਹਰ ਮੁਖ ਦੋਸ਼ੀ ਨੇ ਆਪਣੇ ਆਪਨੂੰ ਬੇਗੁਨਾਹ ਹੀ ਦਸਿਆ ਹੈ। ਜਗਦੀਸ਼ ਟਾਈਟਲਰ ਨੇ ਸ੍ਰੀ ਅਕਾਲ ਤਖ਼ਤ ਨੂੰ ਲਿਖੀ ਟੀਵੀ ਦੇ ਸਿੱਧੇ ਪ੍ਰਸਾਰਣ ਵਿੱਚ ਚਿੱਠੀ ਵਿੱਚ ਅਤੇ ਅਦਾਲਤ ਵਿੱਚ ਦਿੱਤੇ ਗਏ ਬਿਆਨਾਂ ਵਿੱਚ ਵੀ ਆਪਣੇ ਆਪਨੂੰ ਬੇਗੁਨਾਹ ਦਸਿਆ, ਇਸੇ ਤਰ੍ਹਾਂ ਸਜਣ ਕੁਮਾਰ ਵੀ ਅਦਾਲਤ ਵਿੱਚ ਆਪਣੇ-ਆਪਨੂੰ ਬੇਗੁਨਾਹ ਹੀ ਦਸਦਾ ਚਲਿਆ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਦੋਸ਼-ਮੁਕਤ ਕਰਾਰ ਦੇ ਦਿੱਤਾ ਹੈ, ਪਰ ਸਿੱਖ ਜਗਤ ਨੇ ਨਾ ਤਾਂ ਜਗਦੀਸ਼ ਟਾਈਟਲਰ ਨੂੰ ਮਾਫ ਕੀਤਾ ਹੈ ਅਤੇ ਨਾ ਹੀ ਉਹ ਸਜਣ ਕੁਮਾਰ ਅਤੇ ਅਜਿਹੇ ਹੋਰ ਦੋਸ਼ੀਆਂ ਨੂੰ ਮਾਫ ਕਰੇਗਾ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਸ. ਸਰਨਾ ਨੇ ਕਿਹਾ ਕਿ ਜੇ ਸੱਤਾਧਾਰੀ ਬਾਦਲਕਿਆਂ ਦੇ ਦਬਾਉ ਹੇਠ ਸ੍ਰੀ ਅਕਾਲ ਤਖ਼ਤ ਤੋਂ ਅਮਿਤਾਭ ਬਚਨ ਦੀ ਬੇਗੁਨਾਹ ਹੋਣ ਦੀ ਗਲ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਕੀ ਸਿੱਖ ਜਗਤ ਅਮਿਤਾਭ ਨੂੰ ਬੇਦੋਸ਼ਾ ਮੰਨ, ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਵਲੋਂ ਆਪ ਅਮਿਤਾਭ ਬਚਨ ਨੂੰ ਟੀਵੀ ਦੇ ਸਿੱਧੇ ਪ੍ਰਸਾਰਣ ਦੌਰਾਨ ‘ਖੂਨ ਕਾ ਬਦਲਾ ਖੂਨ’ ਤੇ ਹੋਰ ਸਿੱਖ-ਵਿਰੋਧੀ ਨਾਹਰੇ ਲਾਉਂਦਿਆਂ ਵੇਖਣ ਅਤੇ ਸੁਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਝੂਠਿਆਂ ਮੰਨਣ ਲਈ ਤਿਆਰ ਹੋ ਜਾਇਗਾ? ਉਨ੍ਹਾਂ ਕਿਹਾ ਕਿ ਭਾਵੇਂ ਉਹ ਆਪ ਅਮਿਤਾਭ ਦੇ ਦੋਸ਼ੀ ਹੋਣ ਜਾਂ ਨਾ ਹੋਣ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਉਹ ਉਨ੍ਹਾਂ ਨੂੰ ਵੀ ਤਾਂ ਝੂਠਾਂ ਨਹੀਂ ਮੰਂਨ ਸਕਦੇ ਜੋ ਚਸ਼ਮਦੀਦ ਹੋਣ ਦੀ ਗਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀਆਂ ਨਜ਼ਰਾਂ ਵਿੱਚ ਅਮਿਤਾਭ ਉਸੇ ਤਰ੍ਹਾਂ ਹੀ ਦੋਸ਼ੀ ਰਹੇਗਾ, ਜਿਵੇਂ ਸਜਣ ਕੁਮਾਰ, ਟਾਈਟਲਰ, ਭਗਤ ਆਦਿ ਦੋਸ਼ੀ ਹਨ। ਅਮਿਤਾਭ ਬਚਨ ਦੀ ਮਾਂ ਦੇ ਸਿੱਖ ਹੋਣ ਦੀ ਗਲ ਕਹਿ ਉਸਨੂੰ ਬੇਗੁਨਾਹ ਮੰਨ ਲੈਣ ਦੇ ਦਿੱਤੇ ਗਏ ਸੰਕੇਤ ਬਾਰੇ ਪੁਛੇ ਜਾਣ ਤੇ ਸ. ਸਰਨਾ ਨੇ ਕਿਹਾ ਕਿ ਇਹ ਗਲ ਕਹਿ ਕੇ ਸਿੱਖ ਨੌਜਵਾਨਾਂ ਨੂੰ ਮਾੜਾ ਸੁਨੇਹਾ ਦਿੱਤਾ ਗਿਆ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਕੇਵਲ ਸਿੱਖ ਧਰਮ ਅਤੇ ਉਸਦੀਆਂ ਮਾਨਤਾਵਾਂ ਸੰਬੰਧੀ ਉਠੇ ਵਿਵਾਦਾਂ ਦੇ ਹਲ ਵਲ ਹੀ ਧਿਆਨ ਕੇਂਦ੍ਰਿਤ ਰਖਣਾ ਚਾਹੀਦਾ ਹੈ। ਜਿਨ੍ਹਾਂ ਨਾਲ ਸੰਬੰਧਤ ਕਈ ਮਾਮਲੇ ਉਨ੍ਹਾਂ ਦੇ ਵਿਚਾਰ-ਅਧੀਨ ਹਨ।    

Translate »