ਲੁਧਿਆਣਾ: 3 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 49ਵੀਂ ਸਾਲਾਨਾ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਬੜੇ ਉਤਸ਼ਾਹ ਨਾਲ ਮਨਾਈ ਗਈ। ਇਸ ਮਿਲਣੀ ਵਿੱਚ ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਤੋਂ ਪੁਰਾਣੇ ਵਿਦਿਆਰਥੀਆਂ ਨੇ ਭਾਗ ਲਿਆ। ਉਥੇ ਹੀ ਵਿਸ਼ੇਸ਼ ਤੌਰ ਤੇ ਪਾਕਿਸਤਾਨ ਦੇ ਸਭ ਤੋਂ ਪੁਰਾਣੇ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਡਾ: ਹਾਫਿਜ਼ ਅਬਦੁੱਲ ਕਿਯੂਮ ਦੀ ਅਗਵਾਈ ਹੇਠ ਅੱਠ ਮੈਂਬਰੀ ਵਫਦ ਨੇ ਸ਼ਿਰਕਤ ਵੀ ਕੀਤੀ। ਇਸ ਵਫਦ ਨੂੰ ਬੜੀ ਗਰਮਜੋਸ਼ੀ ਨਾਲ ਵਾਹਘਾ ਬਾਰਡਰ ਤੋਂ ਲੈ ਕੇ ਯੂਨੀਵਰਸਿਟੀ ਦੇ ਵਿਹੜੇ ਤਕ ਕਈ ਸ਼ਗਨ ਅਤੇ ਰੀਤਾਂ ਨਾਲ ਜੀ ਆਇਆਂ ਆਖਿਆ ਗਿਆ।
ਇਸ ਵਫਦ ਵਿੱਚ ਡਾ: ਮੁਸ਼ਤਾਕ ਅਹਿਮਦ, ਡਾ: ਫਾਰਿਖ ਅੰਜੁਮ ਚੌਧਰੀ, ਡਾ: ਮੁਹੰਮਦ ਅਮਜ਼ਦ, ਡਾ: ਮੁਹੰਮਦ ਇਕਬਾਲ, ਡਾ: ਖਾਲਿਦ ਮੁਸ਼ਤਫਾ, ਡਾ: ਮੁਹੰਮਦ ਜੁਲਾਲ ਆਰਿਫ ਅਤੇ ਡਾ: ਵੱਕਾਸ ਵਕੀਲ ਸ਼ਾਮਿਲ ਸਨ। ਮਿਲਣੀ ਦੌਰਾਨ ਵਫਦ ਨੂੰ ਜੀ ਆਇਆਂ ਕਹਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ਅਤੇ ਹਿੰਦੁਸਤਾਨੀ ਪੰਜਾਬ ਨੂੰ ਹੱਦਾਂ ਵਿੱਚ ਸਮੇਂ ਨੇ ਤਕਸੀਮ ਤਾਂ ਕਰ ਦਿੱਤਾ ਪਰ ਇਥੋਂ ਦੇ ਵਾਸੀਆਂ ਦੇ ਦਿਲਾਂ ਦੀ ਸੱਧਰਾਂ, ਰੀਤੀ ਰਿਵਾਜ਼, ਖਾਣ–ਪੀਣ ਅਤੇ ਵਿਹਾਰ ਵਿੱਚ ਕੋਈ ਵੀ ਤਬਦੀਲੀ ਨਹੀਂ ਲਿਆਂਦੀ ਜਾ ਸਕੀ। ਉਨ•ਾਂ ਕਿਹਾ ਕਿ ਜੇ ਇਹ ਗੱਲ ਪ੍ਰਵਾਨ ਚੜੇ ਤਾਂ ਦੋਹਾਂ ਮੁਲਕਾਂ ਲਈ ਲਾਹੇਵੰਦ ਸਿੱਧ ਹੋਵੇਗੀ ਜੇਕਰ ਬਾਰਡਰ ਤੇ ਸਾਂਝੀ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾ ਸਕੇ ਜਿਥੇ ਵਿਸ਼ਵ ਮਿਆਰੀ ਖੋਜ ਪ੍ਰਬੰਧ ਦੇ ਉਪਰਾਲੇ ਕੀਤੇ ਜਾਣ। ਦੁਪਹਿਰ ਬਾਅਦ ਦੇ ਸੈਸ਼ਨ ਵਿੱਚ ਵਿਦਿਆਰਥੀਆਂ ਦਾ ਕਵਿਤਾ ਉਚਾਰਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਡਾ: ਸਰਜੀਤ ਸਿੰਘ ਗਿੱਲ ਬਤੌਰ ਨਿਰਣਾਇਕ ਸ਼ਾਮਿਲ ਹੋਏ। ਇਸ ਮੁਕਾਬਲੇ ਦਾ ਸੰਚਾਲਨ ਡਾ: ਨਿਰਮਲ ਜੌੜਾ ਨੇ ਕੀਤਾ। ਡਾ: ਸਰਜੀਤ ਗਿੱਲ ਨੇ ਇਸ ਸਮੇਂ ਬਾਖੂਬੀ ਆਪਣੇ ਅੰਦਾਜ਼ ਵਿੱਚ ਕਿਹਾ ਕਿ ਚੜ•ਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੇ ਵਿਹਾਰ ਤੋਂ ਇਲਾਵਾ ਵੈਣ ਤਕ ਸਾਂਝੇ ਹਨ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਸਾਂਝ ਨੂੰ ਦਰਸਾਉਂਦਾ ਸਭਿਆਚਾਰਕ ਪ੍ਰੋਗਰਾਮ ਵੀ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਪਾਕਿਸਤਾਨ ਤੋਂ ਆਏ ਵਫਦ ਨੇ ਖੂਬ ਸਲਾਹਿਆ।