December 4, 2011 admin

ਮੀਡੀਏਸ਼ਨ ਕੇਂਦਰਾਂ ਰਾਹੀਂ ਮੁਕੱਦਮਿਆਂ ਦਾ ਹੱਲ ਸਮਾਜ ਲਈ ਬੇਹੱਦ ਫਾਇਦੇਮੰਦ-ਜਸਟਿਸ ਕੇ. ਸੀ. ਪੁਰੀ

ਬਠਿੰਡਾ, 4 ਦਸੰਬਰ -ਮੁਕੱਦਮਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਨਿਪਟਾਉਣ ਵਿਚ ਮੀਡੀਏਸ਼ਨ ਕੇਂਦਰਾਂ (ਵਿਚੋਲਗਿਰੀ ਕੇਂਦਰਾਂ) ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਕੇ ਸੀ ਪੁਰੀ  ਨੇ ਕਿਹਾ ਕਿ ਨਵੇਂ ਸੰਕਲਪ ਵਾਲੇ ਇਨ੍ਹਾਂ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਸਮਾਜ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਨਾਲ ਜਿਥੇ ਅਦਾਲਤਾਂ ‘ਚ ਲੰਬਿਤ ਪਏ ਕੇਸਾਂ ਦਾ ਬੋਝ ਘਟੇਗਾ ਉਥੇ ਰਜ਼ਾਮੰਦੀ ਨਾਲ ਹੋਏ ਫ਼ੈਸਲੇ ਨਾਲ ਇਨਸਾਫ਼ ਦੀ ਅਸਲ ਤਸਵੀਰ ਵੀ ਅੱਗੇ ਆਉਂਦੀ ਹੈ। ਜਸਟਿਸ ਪੁਰੀ ਅੱਜ ਬਠਿੰਡਾ ਦੇ ਅਦਾਲਤੀ ਕੰਪਲੈਕਸ ‘ਚ ਸਥਾਪਿਤ ਹੋਏ ਮੀਡੀਏਸ਼ਨ ਸੈਂਟਰ ਦਾ ਉਦਘਾਟਨ ਕਰਨ ਲਈ ਆਏ ਸਨ।

ਇਹ ਸੈਂਟਰ ਪੰਜਾਬ ਦਾ ਨੌਵਾਂ ਅਜਿਹਾ ਕੇਂਦਰ ਹੈ ਅਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਪਟਿਆਲਾ ਤੇ ਸੰਗਰੂਰ ਵਿਚ ਅਜਿਹੇ ਕੇਂਦਰ ਬਣਾਏ ਗਏ ਹਨ। ਇਸ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਪੁਰੀ ਨੇ ਕਿਹਾ ਕਿ ਲੋਕ ਅਦਾਲਤਾਂ ਤੋਂ ਬਾਅਦ ਮੀਡੀਏਸ਼ਨ ਸੈਂਟਰਾਂ ਦਾ ਸੰਕਲਪ ਬਹੁਤ ਚੰਗੀ ਭਾਵਨਾ ਵਾਲਾ ਹੈ, ਕਿਉਂਕਿ ਜਿਥੇ ਇਨ੍ਹਾਂ ਨਾਲ ਫ਼ੈਸਲਾ ਬਹੁਤ ਜਲਦੀ ਹੋ ਜਾਂਦਾ ਹੈ ਉਥੇ ਕੇਸਾਂ ਵਿਚ ਦੋਵੇਂ ਧਿਰਾਂ ਆਪਣੇ ਸਾਰੇ ਮਸਲਿਆਂ ਨੂੰ ਸੁਲਝਾ ਕੇ ਇਕੱਠੀਆਂ ਹੋ ਜਾਂਦੀਆਂ ਹਨ ਤੇ ਖੁਸ਼ੀ-ਖੁਸ਼ੀ ਕਚਹਿਰੀ ‘ਚੋਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤਰੀਕੇ ਨਾਲ ਕੇਸਾਂ ਦਾ ਨਿਪਟਾਰਾ ਹੋਣਾ ਆਪਣੇ ਆਪ ਵਿਚ ਸਮਾਜ ਦੀ ਇਕ ਤਰ੍ਹਾਂ ਨਾਲ ਸੇਵਾ ਹੀ ਹੈ। ਜਸਟਿਸ ਪੁਰੀ ਨੇ ਕਿਹਾ ਕਿ ਇਨ੍ਹਾਂ ਨਾਲ ਅਜਿਹੇ ਕੇਸ ਵੀ ਖ਼ਤਮ ਹੋ ਜਾਂਦੇ ਹਨ, ਜਿਨ੍ਹਾਂ ਸਬੰਧੀ ਪੁਰਾਣੇ 10-10 ਮੁਕੱਦਮੇ ਚੱਲ ਰਹੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਇਸ ਕੇਂਦਰ ਵਿਚ 3 ਮੀਡੀਏਟਰਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਜਲਦ ਹੀ ਇਨ੍ਹਾਂ ਦੀ ਗਿਣਤੀ ਦੁੱਗਣੀ ਜਾਂ ਲੋੜ ਅਨੁਸਾਰ ਹੋਰ ਵਧਾ ਦਿੱਤੀ ਜਾਵੇਗੀ। ਲੋਕ ਅਦਾਲਤਾਂ ਅਤੇ ਮੀਡੀਏਸ਼ਨ ਕੇਂਦਰਾਂ ‘ਚ ਫਰਕ ਦੱਸਦਿਆਂ ਉਨ੍ਹਾਂ ਕਿਹਾ ਕਿ ਲੋਕ ਅਦਾਲਤ ਜਿਥੇ ਮੁਕੱਦਮਾ ਫ਼ੈਸਲੇ ਨਾਲ ਖ਼ਤਮ ਹੁੰਦਾ ਹੈ ਉਥੇ ਮੀਡੀਏਸ਼ਨ ਕੇਂਦਰ ਵਿਚ ਰਜ਼ਾਮੰਦੀ ਹੋ ਜਾਂਦੀ ਹੈ ਇਸ ਲਈ ਇਹ ਲੋਕ ਅਦਾਲਤ ਨਾਲੋਂ ਵੱਧ ਲਾਹੇਵੰਦ ਹੈ। ਜਸਟਿਸ ਪੁਰੀ ਨੇ ਕਿਹਾ ਕਿ ਸਮਝੌਤੇ ਨਾਲ ਜਿਥੇ ਦੋਵਾਂ ਧਿਰਾਂ ਦਾ ਸਮਾਂ ਅਤੇ ਖਰਚਾ ਬਚਦਾ ਹੈ, ਉਥੇ ਵਿਚੋਲਗਿਰੀ ਧਿਰਾਂ ਵਿਚ ਭਾਈਵਾਲਤਾ ਤੇ ਲਚਕਤਾ ਲਿਆਉਂਦੀ ਹੈ ਅਤੇ ਇਸ ਵਿਧੀ ਨਾਲ ਮਸਲਿਆਂ ਦਾ ਹੋਇਆ ਹੱਲ ਬਹੁਤ ਤਸੱਲੀਬਖਸ਼ ਹੁੰਦਾ ਹੈ।

ਇਸ ਤੋਂ ਪਹਿਲਾਂ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀ ਐਸ ਕੇ ਅਗਰਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਮੀਡੀਏਸ਼ਨ ਕੇਂਦਰਾਂ ਦੇ ਪਿਛੋਕੜ ਅਤੇ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਹਰਜੀਤ ਸਿੰਘ, ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀਮਤੀ ਹਰਿੰਦਰ ਕੌਰ ਸਿੱਧੂ, ਵਧੀਕ ਸੈਸ਼ਨਜ਼ ਜੱਜ ਸ੍ਰੀ ਗੁਰਬੀਰ ਸਿੰਘ, ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜਨ ਗਰਗ ਤੇ ਸਕੱਤਰ ਸ੍ਰੀ ਲਲਿਤ ਗਰਗ, ਐਡਵੋਕੇਟ ਭਰਪੂਰ ਸਿੰਘ ਖੱਟੜਾ, ਐਡਵੋਕੇਟ ਰਣਜੀਤ ਸਿੰਘ ਜਲਾਲ, ਐਡਵੋਕੇਟ ਮਿਸ ਸੀਮਾ ਸ਼ਰਮਾ, ਐਡਵੋਕੇਟ ਅਸ਼ੋਕ ਕੁਮਾਰ ਗੋਇਲ, ਸ੍ਰੀ ਤਰਸੇਮ ਰਾਜ ਗੋਇਲ ਅਤੇ ਏ ਡੀ ਏ ਸ੍ਰੀ ਆਰ ਕੇ ਸ਼ਰਮਾ ਤੋਂ ਇਲਾਵਾ ਮੋਗਾ ਤੇ ਬਠਿੰਡਾ ਬਾਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਹਾਜ਼ਰ ਸਨ। 

Translate »