* ਹਰੇਕ ਡਾਕਟਰ ਲਈ 5 ਸਾਲਾਂ ਵਿੱਚ 50 ਘੰਟਿਆਂ ਦੀ ਸੀ.ਐਮ.ਈ.ਜਰੂਰੀ
* ਡਾਕਟਰ ਫੋਰਮ ਪਟਿਆਲਾ ਵੱਲੋਂ ਦੂਜੀ ਇੱਕ ਰੋਜਾ ਸੀ.ਐਮ.ਈ. ਕਰਵਾਈ
ਪਟਿਆਲਾ: 4 ਦਸੰਬਰ
” ਅਜੋਕੇ ਸਮੇਂ ਵਿੱਚ ਡਾਕਟਰੀ ਪੇਸ਼ੇ ਵਿੱਚ ਦਿਨੋ-ਦਿਨ ਹੋ ਰਹੀਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਬਾਰੇ ਹਰੇਕ ਡਾਕਟਰ ਨੂੰ ਜਾਣੂ ਕਰਵਾਉਣ ਹਿੱਤ ਪੰਜਾਬ ਮੈਡੀਕਲ ਕੌਂਸਲ ਵੱਲੋਂ 5 ਸਾਲਾਂ ਵਿੱਚ 50 ਘੰਟਿਆਂ ਦੀ ਸੀ.ਐਮ.ਈ. (ਕੰਟੀਨਿਊਡ ਮੈਡੀਸਨ ਐਜੂਕੇਸ਼ਨ) ਜਰੂਰੀ ਕੀਤੀ ਗਈ ਹੈ ਤਾਂ ਜੋ ਡਾਕਟਰ ਇਹਨਾਂ ਤੋਂ ਲਾਭ ਉਠਾ ਕੇ ਮਰੀਜਾਂ ਦਾ ਹੋਰ ਵੀ ਬਿਹਤਰ ਢੰਗ ਨਾਲ ਇਲਾਜ ਕਰ ਸਕਣ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ ਡਾ: ਜੈ ਕਿਸ਼ਨ ਨੇ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਡਾਕਟਰ ਫੋਰਮ ਪਟਿਆਲਾ ਵੱਲੋਂ ਮੈਡੀਸਨ ਅਪਡੇਟ-2011 ਵਿਸ਼ੇ ‘ਤੇ ਕਰਵਾਈ ਗਈ ਦੂਜੀ ਇੱਕ ਰੋਜ਼ਾ ਸੀ.ਐਮ.ਈ. ਵਿੱਚ ਡਾਕਟਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਡਾ: ਜੈ ਕਿਸ਼ਨ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਲੋਕ ਡਾਕਟਰਾਂ ਨੂੰ ਪ੍ਰਮਾਤਮਾ ਤੋਂ ਬਾਅਦ ਦੂਜਾ ਦਰਜਾ ਦਿੰਦੇ ਸਨ ਪ੍ਰੰਤੂ ਅਜੋਕੇ ਸਮੇਂ ਅੰਦਰ ਕੁਝ ਡਾਕਟਰਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਇਸ ਪਵਿੱਤਰ ਪੇਸ਼ੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਨੂੰ ਪਹਿਲਾਂ ਵਾਂਗ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ ਇਸ ਲਈ ਡਾਕਟਰਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾਂ ਪਵੇਗਾ। ਉਨ੍ਹਾਂ ਕਿਹਾ ਕਿ ਕੁਝ ਸੰਸਥਾਵਾਂ ਕਿਸੇ ਇੱਕ ਵਿਸ਼ੇ ‘ਤੇ ਹੀ ਸੀ.ਐਮ.ਈ.ਕਰਵਾਉਂਦੀਆਂ ਹਨ ਜਦੋਂ ਕਿ ਡਾਕਟਰ ਫੋਰਮ ਪਟਿਆਲਾ ਵੱਲੋਂ ਸਾਰੀਆਂ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੂੰ ਸੀ.ਐਮ.ਈ. ਵਿੱਚ ਬੁਲਾਇਆ ਗਿਆ ਹੈ ਤਾਂ ਜੋ ਨਵੇਂ ਡਾਕਟਰਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਨਵੀਂਆਂ ਤਕਨੀਕਾਂ ਤੇ ਖੋਜਾਂ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਪ੍ਰਿੰਸੀਪਲ ਡਾ: ਦਲਜੀਤ ਸਿੰਘ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਕਿਹਾ ਕਿ ਡਾਕਟਰੀ ਦੇ ਪੇਸ਼ੇ ਵਿੱਚ ਦਿਨੋਂ ਦਿਨ ਹੋ ਰਹੀਆਂ ਨਵੀਂਆਂ ਖੋਜਾਂ ਅਤੇ ਤਕਨੀਕਾਂ ਬਾਰੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਨਵੇਂ ਡਾਕਟਰਾਂ ਨੂੰ ਜਾਣੂ ਕਰਵਾਉਣ ਲਈ ਡਾਕਟਰ ਫੋਰਮ ਪਟਿਆਲਾ ਵੱਲੋਂ ਸੀ.ਐਮ.ਈ. ਕਰਵਾਉਣਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੋ ਹੋਰਨਾਂ ਜ਼ਿਲ੍ਹਿਆਂ ਦੇ ਡਾਕਟਰਾਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਡਾ: ਦਲਜੀਤ ਸਿੰਘ ਨੇ ਕਿਹਾ ਕਿ ਸੀ.ਐਮ.ਈ. ਵਿੱਚ ਭਾਗ ਲੈ ਕੇ ਡਾਕਟਰ ਆਪਣੇ ਪੇਸ਼ੇ ਵਿੱਚ ਨਵੀਂਆਂ ਤਕਨੀਕਾਂ ਅਪਣਾ ਕੇ ਮਰੀਜ਼ਾਂ ਨੂੰ ਹੋਰ ਵੀ ਬਿਹਤਰ ਇਲਾਜ ਦੇਣ ਦੇ ਕਾਬਲ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਮਰੀਜਾਂ ਦਾ ਇਲਾਜ ਕਰਨ ਸਮੇਂ ਉਹਨਾਂ ਦੀ ਆਰਥਿਕ ਤੇ ਸਮਾਜਿਕ ਦਸ਼ਾ ਨੂੰ ਮੁੱਖ ਰੱਖਦੇ ਹੋਏ ਮਰੀਜਾਂ ਦੀ ਪਹੁੰਚ ਵਾਲੀਆਂ ਦਵਾਈਆਂ ਹੀ ਲਿਖਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣਾ ਇਲਾਜ ਸਮੇਂ ਸਿਰ ਕਰਵਾ ਸਕਣ।
ਇਸ ਮੌਕੇ ਮੈਡੀਕਲ ਕੌਂਸਲ ਪੰਜਾਬ ਦੇ ਪ੍ਰਧਾਨ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਡਾਕਟਰਾਂ ਲਈ ਸੀ.ਐਮ.ਈ., ਵਰਕਸ਼ਾਪਾਂ ਅਤੇ ਵਿਚਾਰ ਗੋਸ਼ਟੀਆਂ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ ਕਿਉਂਕਿ ਇਹਨਾਂ ਰਾਹੀਂ ਡਾਕਟਰਾਂ ਨੂੰ ਮੈਡੀਕਲ ਦੇ ਖੇਤਰ ਵਿੱਚ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਡਾਕਟਰ ਵੱਖ-ਵੱਖ ਬਿਮਾਰੀਆਂ ਦੇ ਮਰੀਜਾਂ ਦਾ ਨਵੀਂਆਂ ਤਕਨੀਕਾਂ ਨਾਲ ਬਿਹਤਰ ਇਲਾਜ ਕਰ ਸਕਦੇ ਹਨ। ਇਸ ਮੌਕੇ ਪੱਤਰਕਾਰਾਂ ਵੱਲੋਂ ਝੋਲਾ ਛਾਪ ਡਾਕਟਰਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਜਦੋਂ ਵੀ ਕੋਈ ਅਜਿਹਾ ਮਾਮਲਾ ਪੰਜਾਬ ਮੈਡੀਕਲ ਕੌਂਸਲ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਝੋਲਾ ਛਾਪ ਡਾਕਟਰਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਜੇਕਰ ਉਹ ਫਿਰ ਵੀ ਅਜਿਹਾ ਕਰਨ ਤੋਂ ਬਾਜ ਨਹੀਂ ਆਉਂਦੇ ਤਾਂ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਲਈ ਲਿਖਿਆ ਜਾਂਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਡਾ: ਸਿੰਘ ਨੇ ਕਿਹਾ ਕਿ ਕੁਝ ਵਿਅਕਤੀ ਕਿਸੇ ਮਾਹਰ ਡਾਕਟਰ ਨਾਲ ਕੁਝ ਸਮਾਂ ਕੰਮ ਕਰਕੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਹਨ ਜੋ ਕਿ ਗੈਰ ਕਾਨੂੰਨੀ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਸਿੱਖਿਅਤ ਡਾਕਟਰ ਨਹੀਂ ਕਿਹਾ ਜਾ ਸਕਦਾ ਅਤੇ ਲੋਕਾਂ ਨੂੰ ਅਜਿਹੇ ਡਾਕਟਰਾਂ ਤੋਂ ਇਲਾਜ਼ ਕਰਵਾਉਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
ਇਸ ਮੌਕੇ ਡਾਕਟਰ ਫੋਰਮ ਪਟਿਆਲਾ ਦੇ ਪ੍ਰਧਾਨ ਅਤੇ ਛਾਤੀ ਦੇ ਰੋਗਾਂ ਦੇ ਮਾਹਰ ਡਾ: ਆਰ.ਐਸ.ਬੇਦੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਅੱਜ 4 ਘੰਟੇ ਦੀ ਕਰਵਾਈ ਜਾ ਰਹੀ ਸੀ.ਐਮ.ਈ. ਵਿੱਚ ਲਗਭਗ 400 ਡੈਲੀਗੇਟ ਭਾਗ ਲੈ ਰਹੇ ਹਨ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਮੈਡੀਕਲ ਖੇਤਰ ਵਿੱਚ ਨਵੀਂਆਂ ਤਕਨੀਕਾਂ ਤੇ ਖੋਜਾਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਉਣਗੇ। ਇਸ ਮੌਕੇ ਫੋਰਮ ਦੇ ਸਰਪਰਸਤ ਡਾ: ਅਜਮੇਰ ਸਿੰਘ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਫੋਰਮ ਦੇ ਜਨਰਲ ਸਕੱਤਰ ਡਾ: ਰਾਕੇਸ਼ ਅਰੋੜਾ ਨੇ ਫੋਰਮ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਫੋਰਟੀਜ਼ ਹਸਪਤਾਲ ਅੰਮ੍ਰਿਤਸਰ ਦੇ ਡਾਕਟਰ ਅਰੁਣ ਚੋਪੜਾ, ਡੀ.ਐਮ.ਸੀ. ਲੁਧਿਆਣਾ ਦੇ ਪ੍ਰੋ: ਰਾਜੂ ਸਿੰਘ ਛੀਨਾ, ਡਾ: ਅਜੀਤ ਸੂਦ ਤੇ ਪ੍ਰੋ: ਗਗਨਦੀਪ ਸਿੰਘ, ਮੈਡੀਕਲ ਕਾਲਜ ਅੰਮ੍ਰਿਤਸਰ ਦੇ ਡਾਕਟਰ ਜਗਦੀਪਕ ਸਿੰਘ ਭਾਟੀਆ, ਪੀ.ਜੀ.ਆਈ. ਚੰਡੀਗੜ੍ਹ ਦੇ ਪ੍ਰੋ: ਐਸ.ਕੇ. ਜਿੰਦਲ ਤੇ ਡਾ: ਰਿਤੇਸ਼ ਅਗਰਵਾਲ, ਫੋਰਟੀਜ਼ ਹਸਪਤਾਲ ਮੋਹਾਲੀ ਦੇ ਡਾਕਟਰ ਮੁਰਲੀਧਰਨ ਨੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਨਵੀਂਆਂ ਤਕਨੀਕਾਂ ਤੇ ਖੋਜਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਸ ਮੌਕੇ ਫੋਰਮ ਦੇ ਉਪ ਪ੍ਰਧਾਨ ਡਾ: ਗੁਰਜਿੰਦਰ ਪਾਲ ਸਿੰਘ, ਡਾ: ਪ੍ਰਮੋਦ ਮਿੱਤਲ, ਡਾ: ਸੁਧੀਰ ਵਰਮਾ, ਡਾ: ਜਗਬੀਰ ਸਿੰਘ, ਡਾ: ਬਰਜੇਸ਼ ਮੋਦੀ, ਡਾ: ਬੀ.ਕੇ. ਚੋਪੜਾ, ਡਾ: ਜੇ.ਐਸ. ਤਨੇਜਾ, ਡਾ: ਜਤਿੰਦਰ ਸਡਾਨਾ ਤੋਂ ਇਲਾਵਾ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰ ਅਤੇ ਵੱਡੀ ਗਿਣਤੀ ਵਿੱਚ ਡੈਲੀਗੇਟ ਵੀ ਹਾਜਰ ਸਨ।