December 5, 2011 admin

ਪ੍ਰਸਿੱਧ ਸ਼ਾਇਰ ਅਮਰਜੀਤ ਸਿੰਘ ‘ਅਮਰ’ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਕਾਵਿ-ਸਨਮਾਨ ਭੇਂਟ

ਨਵੀਂ ਦਿੱਲੀ:- ਪੰਜਾਬੀ ਕਵੀ ਦਰਬਾਰਾਂ ਦੀ ਇਕ ਅਮੀਰ ਪਰੰਪਰਾ ਰਹੀ ਹੈ, ਜਿਸ ਦੀਆਂ ਜੜ੍ਹਾਂ ਸਿੱਖ ਇਤਿਹਾਸ  ਵਿਚ ਸਹਿਜੇ ਹੀ ਵੇਖੀਆਂ ਜਾ ਸਕਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ੫੨ ਕਵੀਆਂ ਦੀ ਹਾਜ਼ਰੀ ਦਾ ਜ਼ਿਕਰ, ਸਿੱਖ ਪਰੰਪਰਾਵਾਂ ਅਨੁਸਾਰ ਅਕਸਰ ਹੁੰਦਾ ਸੁਣਿਆ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਿੱਥੇ ਪੰਜਾਬੀ ਮਾਂ-ਬੋਲੀ ਦੇ ਬਹੁਪੱਖੀ ਪ੍ਰਚਾਰ ਤੇ ਪ੍ਰਸਾਰ ਦੇ ਕਾਰਜਾਂ ਨੂੰ ਪੂਰੀ ਸਮਰਪਿਤ ਭਾਵਨਾ ਨਾਲ ਨੇਪਰੇ ਚਾੜ੍ਹਦੀ ਆ ਰਹੀ ਹੈ ਉਥੇ ਪੰਜਾਬੀ ਸਟੇਜੀ ਕਵੀ-ਦਰਬਾਰਾਂ ਦੇ ਮਹੱਤਵ ਨੂੰ ਪੁਨਰ ਸੁਰਜੀਤ ਕਰਨ ਲਈ ਵੀ ਉੱਦਮਸ਼ੀਲ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕੇਂਦਰੀ ਪੰਜਾਬੀ ਸਾਹਿਤ ਸੰਮੇਲਨ, ਦਿੱਲੀ ਦੇ ਇਕ ਗੋਲਡਨ ਜੁਬਲੀ ਸਮਾਗਮ ਵਿਚ ਐਲਾਨ ਕੀਤਾ ਸੀ ਕਿ ਪੰਜਾਬੀ ਯੂਨੀਵਰਸਿਟੀ ਹਰ ਸਾਲ ਕਿਸੇ ਇਕ ਸਟੇਜੀ ਕਵੀ ਨੂੰ ਕਾਵਿ-ਸਨਮਾਨ ਭੇਂਟ ਕਰਕੇ ਨਿਵਾਜਿਆ ਕਰੇਗੀ। ਇਸ ਐਲਾਨਨਾਮੇ ਨੂੰ ਅਮਲੀ ਜਾਮਾ  ਉਦੋਂ ਮਿਲਿਆ ਜਦੋਂ ਬੀਤੇ ਦਿਨੀਂ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਜਸ਼ਨਾਂ ਨੂੰ ਸਮਰਪਿਤ ਇਕ ਇਤਿਹਾਸਕ ਮਹੱਤਵ ਵਾਲੇ ਪੰਜਾਬੀ ਕਵੀ-ਦਰਬਾਰ ਵਿਚ ਪੰਜਾਬੀ ਦੇ ਬਹੁ-ਚਰਚਿਤ ਕਵੀ ਅਮਰਜੀਤ ਸਿੰਘ ‘ਅਮਰ’ ਨੂੰ ਕਾਵਿ-ਸਨਮਾਨ ਭੇਂਟ ਕਰਕੇ ਨਿਵਾਜਿਆ ਗਿਆ। ਯੂਨੀਵਰਸਿਟੀ ਵਲੋਂ ‘ਅਮਰ’ ਨੂੰ ੩੧ ਹਜ਼ਾਰ ਰੁਪਏ ਦੀ ਰਾਸ਼ੀ, ਦੁਸ਼ਾਲਾ, ਸਨਮਾਨ ਚਿੰਨ੍ਹ ਅਤੇ ਫੁਲਾਂ ਦੇ ਗੁਲਦਸਤੇ ਭੇਂਟ ਕੀਤੇ ਗਏ। ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਹੋਏ ਇਸ ਸਮਾਗਮ ‘ਚ ਵੱਡੀ ਗਿਣਤੀ ਵਿਚ ਸਰੋਤਿਆਂ ਦੀ ਸ਼ਮੂਲੀਅਤ ਵੇਖਣ ਨੂੰ ਮਿਲੀ। ਸ਼ਾਇਰਾਂ ਨੇ ਆਪੋ-ਅਪਣਾ ਚੁਣੀਂਦਾ ਕਲਾਮ ਪੇਸ਼ ਕਰਕੇ ਭਰਪੂਰ ਦਾਦ ਖੱਟੀ। ਸ਼ਾਇਰ ‘ਅਮਰ’ ਨੇ ਵੀ ਆਪਣੀ  ਕਵਿਤਾ ਸੁਣਾ ਕੇ ਸਭ ਨੂੰ ਮੰਤਰ-ਮੁਗਧ ਕੀਤਾ। ਇਸ ਸਾਰੇ ਸਮਾਗਮ ਦੀ ਕਾਰਵਾਈ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਵਰਮਾ ਦੀ ਯੋਗ ਅਗਵਾਹੀ ਹੇਠ ਨੇਪਰੇ ਚਡ੍ਹੀ। ਹੋਰਨਾਂ ਤੋਂ ਛੁੱਟ ਡਾ. ਦੀਪਕ ਮਨਮੋਹਨ, ਅਮਰਜੀਤ ਸਿੰਘ ਗਰੇਵਾਲ, ਪ੍ਰਸਿੱਧ ਪੰਜਾਬੀ ਗਾਇਕ ਪੱਮੀ ਬਾਈ, ਡਾ. ਜਸਵਿੰਦਰ ਸਿੰਘ, ਡਾ, ਧਨਵੰਤ ਕੌਰ, ਡਾ. ਬਰਾੜ ਅਤੇ ਹੋਰ ਕਈ ਉੱਘੀਆਂ  ਹੱਸਤੀਆਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਉਂ, ਇਹ ਸਮਾਗਮ ਸਦੀਵੀ ਪੈੜਾਂ ਛੱਡ ਗਿਆ। ਕੇਂਦਰੀ ਪੰਜਾਬੀ ਸਾਹਿਤ ਸੰਮੇਲਨ, ਦਿੱਲੀ ਦੇ ਪ੍ਰਧਾਨ ਡਾ. ਮਨਜੀਤ ਸਿੰਘ, ਮੋਹਨ ਸਿੰਘ ਬੈਰੀ, ਸ਼ਾਇਰ ਹਰਭਜਨ ਸਿੰਘ ਨਿਰਦੋਸ਼, ਡਾ. ਪ੍ਰਿਥਵੀ ਰਾਜ ਥਾਪਰ, ਹਰਭਜਨ ਸਿੰਘ ਸਹਿਗਲ, ਨੇ ਉਚੇਚੇ ਤੌਰ ‘ਤੇ ਸ਼ਾਇਰ ‘ਅਮਰ’ ਨੂੰ ਇਸ ਮਹਾਨ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।  

Translate »