ਲੁਧਿਆਣਾ: 5 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਬਜ਼ੀਆਂ, ਫ਼ਲਾਂ ਅਤੇ ਫੁੱਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਕਾਰਜਸ਼ਾਲਾ 8-9 ਦਸੰਬਰ ਨੂੰ ਡਾ: ਬੋਰਲਾਗ ਕਣਕ ਭਵਨ ਵਿਖੇ ਕਰਵਾਈ ਜਾ ਰਹੀ ਹੈ ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਕਰਨਗੇ। ਇਸ ਕਾਰਜਸ਼ਾਲਾ ਵਿੱਚ ਪੰਜਾਬ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਪਸਾਰ ਮਾਹਿਰ, ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਵਿਗਿਆਨੀ ਹਿੱਸਾ ਲੈਣਗੇ। ਇਸ ਕਾਰਜਸ਼ਾਲਾ ਦੀਆਂ ਸਿਫਾਰਸ਼ਾਂ ਤੇ ਅਧਾਰਿਤ ਬਾਅਦ ਵਿੱਚ ਪੁਸਤਕ ਛਾਪੀ ਜਾਵੇਗੀ । ਇਸ ਕਾਰਜਸ਼ਾਲਾ ਦੌਰਾਨ ਬਾਗਬਾਨੀ ਵਿਭਾਗ, ਪੰਜਾਬ ਦੇ ਨਿਰਦੇਸ਼ਕ ਡਾ: ਲਾਜਵਿੰਦਰ ਸਿੰਘ ਬਰਾੜ ਵੱਲੋਂ ਆਗਾਮੀ ਵਰ•ੇ ਦੌਰਾਨ ਮਿਥੇ ਟੀਚੇ ਅਤੇ ਪੈਦਾਵਾਰ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਤਕਨੀਕੀ ਸੈਸ਼ਨ ਦੌਰਾਨ ਮੌਜੂਦਾ ਸਬਜ਼ੀਆਂ ਦੀ ਪੈਦਾਵਾਰ, ਪੌਦ ਸੁਰੱਖਿਆ ਅਤੇ ਲੋ-ਟਨਲ ਵਿਧੀ ਰਾਹੀਂ ਬੈਂਗਣਾਂ ਦੀ ਕਾਸ਼ਤ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪਸਾਰ ਮਾਹਿਰਾਂ ਵੱਲੋਂ ਪ੍ਰਦਾਨ ਕੀਤੀ ਪਰਤੀ ਸੂਚਨਾ ਦੇ ਆਧਾਰ ਤੇ ਖੋਜ ਨੂੰ ਸੇਧ ਦਿੱਤੀ ਜਾਵੇਗੀ ਅਤੇ ਸਿਫਾਰਸ਼ਾਂ ਨੂੰ ਇਕ ਕਿਤਾਬਚੇ ਵਿੱਚ ਦਰਜ ਕੀਤਾ ਜਾਵੇਗਾ।