ਨਵੀਂ ਦਿੱਲੀ: ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਵਲੋਂ ਗਾਇਕ ਕੁਲਦੀਪ ਮਾਣਕ, ਕਹਾਣੀਕਾਰ ਗੁਰਮੇਲ ਮਡਾਹੜ ਤੇ ਪ੍ਰੋ. ਇੰਦਰਾ ਗੋਸਵਾਮੀ ਦੇ ਅਚਾਨਕ ਹੋਏ ਅਕਾਲ ਚਲਾਣੇ ‘ਤੇ ਘੋਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੰਮੇਲਨ ਦੇ ਪ੍ਰਧਾਨ ਤੇ ਉੱਘੇ ਸਾਹਿਤ-ਚਿੰਤਕ ਡਾ. ਮਨਜੀਤ ਸਿੰਘ ਨੇ ਇਨ੍ਹਾਂ ਤਿੰਨਾਂ ਹਸਤੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਕੁਲਦੀਪ ਮਾਣਕ ਨੇ ਜਿੱਥੇ ਪੰਜਾਬੀ ਗਾਇਕੀ ਉਪਰ ਆਪਣੀ ਅਮਿੱਟ ਛਾਪ ਛੱਡੀ ਹੈ ਉੱਥੇ ਗੁਰਮੇਲ ਮਢਾਹਡ ਨੇ ਪੰਜਾਬੀ ਕਹਾਣੀ ਅਤੇ ਪ੍ਰੋ. ਇੰਦਰਾ ਗੋਸਵਾਮੀ ਨੇ ਅਸਾਮੀ ਸਾਹਿਤ ਉਪਰ ਆਪਣੀਆਂ ਰਚਨਾਵਾਂ ਰਾਹੀਂ ਨਿਵੇਕਲੇ ਹਸਤਾਖ਼ਰ ਅੰਕਿਤ ਕੀਤੇ ਹਨ। ਸ਼ਾਇਰ ਅਮਰਜੀਤ ਸਿੰਘ ‘ਅਮਰ’, ਮੋਹਨ ਸਿੰਘ ਬੈਰੀ, ਡਾ. ਹਰਭਜਨ ਸਿੰਘ ਨਿਰਦੋਸ਼, ਹਰਭਜਨ ਸਿੰਘ ਸਹਿਗਲ ਅਤੇ ਡਾ. ਪ੍ਰਿਥਵੀਰਾਜ ਥਾਪਰ ਨੇ ਵੀ ਇਨ੍ਹਾਂ ਤਿੰਨਾਂ ਅਜ਼ੀਮ ਹਸਤੀਆਂ ਦੇ ਕੰਮਾਂ ਨੂੰ ਵੱਡਿਆਇਆ ਅਤੇ ਇਨ੍ਹਾਂ ਦੇ ਅਨੋਖੇ ਯੋਗਦਾਨ ਦੀ ਰੱਜ ਕੇ ਪ੍ਰਸੰਸਾ ਕੀਤੀ। ਸ਼ਾਇਰ ‘ਅਮਰ’ ਨੇ ਕੁਲਦੀਪ ਮਾਣਕ ਦੀ ਗਾਇਕੀ ਦੀਆਂ ਪੰਜਾਬੀ ਸੁਰਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਅਤੇ ਸ਼ਾਇਰ ਨਿਰਦੋਸ਼ ਨੇ ਪ੍ਰੋ. ਇੰਦਰਾ ਗੋਸਵਾਮੀ ਦੇ ਉਸ ਯੋਗਦਾਨ ਨੂੰ ਉਭਾਰਿਆ ਜਿਸ ਮੁਤਾਬਕ ਉਸ ਨੇ ਅਸਾਮ ਦੇ ਉਲਫਾ ਬਾਗ਼ੀਆਂ ਨੂੰ ਸਰਕਾਰ ਨਾਲ ਵਾਰਤਾਲਾਪ ਕਰਨ ਲਈ ਪ੍ਰੇਰਿਆ। ਡਾ. ਥਾਪਰ ਨੇ ਮਾਣਕ ਨੂੰ ਅਜ਼ੀਮ ਗਾਇਕ ਕਰਾਰ ਦਿੱਤਾ ਅਤੇ ਸ਼ਾਇਰ ਬੈਰੀ ਨੇ ਮਢਾਹਡ ਦੀਆਂ ਕਹਾਣੀਆਂ ਉਪਰ ਚਰਚਾ ਕੀਤੀ। ਸ਼ਾਇਰ ਤੇ ਨਾਵਲਕਾਰ ਹਰਭਜਨ ਸਿੰਘ ਸਹਿਗਲ ਨੇ ਮਾਣਕ ਤੇ ਮਢਾਹਡ ਦੇ ਯੋਗਦਾਨ ਉਪਰ ਟਿੱਪਣੀ ਕੀਤੀ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਕਿਵੇਂ ਪ੍ਰੋ. ਇੰਦਰਾ ਗੋਸਵਾਮੀ ਦਿੱਲੀ ਯੂਨੀਵਰਸਿਟੀ ਦੇ ਆਧੁਨਿਕ ਭਾਰਤੀ ਭਾਸ਼ਾਵਾਂ ਵਿਭਾਗ ਵਿਚ ਲੰਮਾ ਸਮਾਂ ਕਰਦੇ ਰਹੇ ਹਨ। ਉਨ੍ਹਾਂ ਨੇ ਇਸ ਅਜ਼ੀਮ ਹੱਸਤੀ ਨਾਲ ਹੋਈਆਂ ਸਾਹਿਤਕ ਮਿਲਣੀਆਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਪ੍ਰੋ. ਗੋਸਵਾਮੀ ਦੇ ਸਾਹਿਤਕ ਤੇ ਰਾਜਨੀਤਿਕ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।