ਅੰਮ੍ਰਿਤਸਰ, 5 ਦਸੰਬਰ: ‘ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਸਦਕਾ 30 ਹਜ਼ਾਰ ਕਰੋੜ ਰੁਪਏ ਦਾ ਕਰਜਾਈ ਹੈ ਕਿਉਂਕਿ ਕਿਰਸਾਨੀ ਲਈ ਵਰਤੀਆਂ ਜਾਂਦੀਆਂ ਖਾਦਾਂ, ਡੀਜਲ ਆਦਿ ਦਾ ਭਾਅ ਕੇਂਦਰ ਸਰਕਾਰ ਨੇ ਬੇਤਹਾਸ਼ਾ ਵਧਾ ਦਿੱਤਾ ਹੈ ਜਦ ਕਿ ਫਸਲਾਂ ਦੀ ਕੀਮਤ ਵਿੱਚ ਨਿਗੂਣਾ ਵਾਧਾ ਕੀਤਾ ਜਾਂਦਾ ਹੈ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਅੱਜ ਅਜਨਾਲਾ ਦਾਣਾ ਮੰਡੀ ਵਿਖੇ ਵਿਧਾਇਕ ਸ੍ਰ ਅਮਰਪਾਲ ਸਿੰਘ ਬੋਨੀ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਦਾ ਹਰ ਘਰ ਕਰਜਾਈ ਹੈ, ਪੰਜਾਬ ਦੀ ਖੇਤੀ ਅਤੇ ਸਨਅਤ ਬਰਬਾਦੀ ਦੇ ਕੰਢੇ ਉਤੇ ਹੈ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਗੁਆਂਢੀ ਸੂਬਿਆਂ ਨੂੰ ਸਨਅਤ ਵਿੱਚ ਵੱਡੀਆਂ ਰਿਆਇਤਾ ਦੇ ਰੱਖੀਆਂ ਹਨ, ਜਿਸ ਕਾਰਨ ਪੰਜਾਬ ਦੀ ਸਨਅਤ ਬੰਦ ਹੋਣ ਦੀ ਕਿਨਾਰੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਤਂੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਅਤੇ ਸਿੱਖ ਕਤਲੇਆਮ ਕਰਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਡੀ ਰਾਜਧਾਨੀ ਖੋਹੀ ਜਾ ਰਹੀ ਹੈ, ਪਾਣੀ ਖੋਹਿਆ ਜਾ ਰਿਹਾ ਹੈ, ਬਿਜਲੀ ਖੋਹੀ ਗਈ ਹੈ ਅਤੇ ਪੰਜਾਬ ਨੂੰ ਕੋਈ ਵੱਡਾ ਪ੍ਰਾਜੈਕਟ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਿਥੇ ਰਾਜ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਪੈਦਾ ਕੀਤੀ, ਉਥੇ ਵਿਕਾਸ ਦੇ ਖੇਤਰ ਵਿੱਚ ਵੱਡੇ ਕੰਮ ਕੀਤੇ। ਬਿਜਲੀ ਦਾ ਉਤਪਾਦਨ ਜੋ 6200 ਮੈਗਾਵਾਟ ਸੀ ਨੂੰ ਦੁਗਣਾ ਕਰਨ ਦੇ ਸਾਧਨ ਜੁਟਾਏ, ਸਿੱਖਿਆ ਵਿੱਚ ਪੰਜਾਬ 14ਵੇਂ ਸਥਾਨ ਤੇ ਸੀ ਜੋ ਸਾਡੀਆਂ ਕੋਸ਼ਿਸਾਂ ਸਦਕਾ ਤੀਜੇ ਸਥਾਨ ਤੇ ਆ ਗਿਆ। ਨਵੀਂਆਂ ਯੂਨੀਵਰਸਿਟੀਆਂ ਅਤੇ ਕਾਲਜ ਖੋਲੇ ਗਏ, ਗਰੀਬ ਭਰਾਵਾਂ ਨੂੰ ਸਸਤਾ ਅਨਾਜ ਅਤੇ ਦਾਲਾਂ ਦਿੱਤੀਆਂ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਤੋਂ 9ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ ਸਰਕਾਰ ਵੱਲੋਂ ਮੁਫ਼ਤ ਸਾਈਕਲ ਦਿੱਤੇ ਜਾਣਗੇ। ਅਜਨਾਲਾ ਹਲਕੇ ਦੀ ਗੱਲ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਇਹ ਹਲਕਾ ਮੈਨੂੰ ਆਪਣੇ ਘਰ ਵਾਂਗ ਲੱਗਦਾ ਹੈ ਅਤੇ ਸਾਇਦ ਹੀ ਇਥੋਂ ਕੋਈ ਐਸਾ ਘਰ ਹੋਵੇ ਜਿਸ ਘਰ ਮੈਂ ਨਾ ਗਿਆ ਹੋਵਾਂ। 1994 ਦੀ ਜਿਮਨੀ ਚੋਣ ਦਾ ਜਿਕਰ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਉਸ ਵੇਲੇ ਬੇਅੰਤ ਸਿੰਘ ਸਰਕਾਰ ਨੇ ਬਥੇਰੇ ਡਰਾਵੇ ਅਤੇ ਲਾਲਚ ਇਥੋਂ ਦੇ ਲੋਕਾਂ ਨੂੰ ਦਿੱਤੇ ਸਨ, ਪਰ ਮਾਝੇ ਦੇ ਸੂਝਵਾਨ ਤੇ ਬਹਾਦਰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਅਤੇ ਅਜਿਹੀ ਜਿੱਤ ਦਿੱਤੀ ਜੋ ਅਕਾਲੀ ਸਰਕਾਰ ਬਣਨ ਦਾ ਕਾਰਨ ਬਣੀ। ਕੈਪਟਨ ਵੱਲੋਂ ਦਿੱਤੇ ਜਾ ਰਹੇ ਡਰਾਵੇ, ਧਮਕੀਆਂ ਦਾ ਜਿਕਰ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਅਸੀਂ ਨਾ ਕਿਸੇ ਤੋਂ ਡਰਦੇ ਹਾਂ ਅਤੇ ਨਾ ਡਰਾਉਂਦੇ ਹਾਂ, ਸਾਡੀ ਵੱਡੀ ਸੋਚ ਹੈ ਅਤੇ ਦੇਸ਼ ਦੇ ਹਿੱਤ ਵਿੱਚ ਹੈ। ਆ ਰਹੀਆਂ ਵਿਧਾਨ ਸਭਾ ਚੋਣਾ ਦਾ ਜਿਕਰ ਕਰਦਿਆਂ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਨਾਲਾ ਪਰਿਵਾਰ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਦੋ ਮਹੀਨੇ ਤੱਕ ਚੋਣਾ ਆ ਰਹੀਆਂ ਹਨ ਤੇ ਤੁਸੀਂ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਵੇਖ ਕੇ ਵੋਟ ਪਾਉਣ ਦਾ ਫੈਸਲਾ ਕਰਨਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕਸਬਾ ਅਵਾਣ ਵਿਖੇ ਜਵਾਹਰ ਨਵੋਦਿਆ ਵਿਦਿਆਲਿਆਂ ਦੀ ਨਵੀਂ ਬਣੀ ਇਮਾਰਤ ਅਤੇ ਸਬ ਤਹਿਸੀਲ ਰਮਦਾਸ ਵਿਖੇ ਪਟਵਾਰਖਾਨੇ ਦਾ ਉਦਘਾਟਨ ਕੀਤਾ ਅਤੇ ਤਹਿਸੀਲ ਅਜਨਾਲਾ ਦੇ ਪਿੰਡ ਚੱਕ ਡੋਗਰਾ ਵਿਖੇ ਬਿਜਲੀ ਘਰ ਦਾ ਨੀਂਹ ਪੱਥਰ ਰੱਖਿਆ।
ਇਸ ਤੋ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦੇ ਪੰਚਾਇਤ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਆਪਣੇ 50 ਸਾਲ ਦੇ ਸਿਆਸੀ ਜੀਵਨ ‘ਚ ਇਕ ਹਲਕੇ ਦੇ ਲੋਕਾਂ ਦਾ ਇੱਡਾ ਇਕੱਠ ਕਦੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਜੋਸ਼ ਦੱਸਦਾ ਹੈ ਕਿ ਅਗਲੀ ਸਰਕਾਰ ਅਕਾਲੀ ਸਰਕਾਰ ਦੀ ਬਣੇਗੀ। ਕੈਪਟਨ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਗੈਰ-ਜਿੰਮੇਵਾਰ ਦੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਵੋਟਾਂ ਦਾ ਜ਼ਮਾਨਾ ਹੈ, ਨਾ ਕਿ ਹਥਿਆਰਾਂ ਦਾ। ਰੈਲੀ ਨੂੰ ਸੰਬੋਧਨ ਕਰਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਜੋਸ਼ੀਲੇ ਭਾਸ਼ਣ ‘ਚ ਮਾਝੇ ਦੇ ਲੋਕਾਂ ਨੂੰ ਕੈਪਟਨ ਦੀਆਂ ਗਿੱਦੜ-ਭਬਕੀਆਂ ਦਾ ਜਵਾਬ ਵੋਟਾਂ ‘ਚ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ, ਜੋ ਰੋਜ਼ ਲੋਕਾਂ ਨੂੰ ਨਵੀਆਂ-ਨਵੀਆਂ ਧਮਕੀਆਂ ਅਤੇ ਖੂੰਡੇ ਵਿਖਾ ਕੇ ਡਰਾ ਰਿਹਾ ਹੈ, ਨੂੰ ਚਾਹੀਦਾ ਹੈ ਕਿ ਉਹ ਕਲਮ ਫੜ੍ਹੇ ਤੇ ਕੇਂਦਰ ਨੂੰ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਪੀੜਤ ਲੋਕਾਂ ਦੀਆਂ ਮੁਸ਼ਿਕਲਾਂ ਦੱਸੇ। ਉਨ੍ਹਾਂ ਕਿਹਾ ਕਿ ਜੋ ਨੁਕਸਾਨ ਕਾਂਗਰਸ ਸਰਕਾਰ ਨੇ ਦੇਸ਼ ਦਾ ਕੀਤਾ ਹੈ, ਉਨ੍ਹਾਂ ਨੁਕਸਾਨ ਅਹਿਮਦ ਸ਼ਾਹ ਅਬਦਾਲੀ ਨੇ ਨਹੀਂ ਕੀਤਾ। ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਅਤੇ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੀ ਗੱਲ ਕਰਦੇ, ਸ. ਮਜੀਠੀਆ ਨੇ ਕਿਹਾ ਕਿ ਬਾਦਲ ਸਰਕਾਰ ਨੇ ਇਕ ਲੱਖ ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ, ਜਦਕਿ ਕੈਪਟਨ ਕੇਵਲ 8 ਹਜ਼ਾਰ ਨੌਕਰੀਆਂ ਦੀ ਲੋਕਾਂ ਨੂੰ ਦੇ ਸਕਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਸ੍ਰੋਮਣੀ ਅਕਾਲੀ ਦਲ-ਭਾਜਪਾ ਦਾ ਸਾਥ ਦੇਣ, ਤਾਂ ਜੋ ਵਿਕਾਸ ਦੇ ਰਹਿੰਦੇ ਕਾਰਜ ਮੁਕੰਮਲ ਕੀਤੇ ਜਾ ਸਕਣ। ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਤੇਜ਼-ਤਰਾਰ ਭਾਸ਼ਣ ‘ਚ ਕੇਂਦਰ ਸਰਕਾਰ ਨੂੰ ਚੰਗੇ ਰਗੜੇ ਲਾਏ। ਅੱਜ ਦੀ ਇਸ ਵਿਸ਼ਾਲ ਰੈਲੀ ਨੂੰ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸੰਬੋਧਨ ਕੀਤਾ। ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਰੈਲੀ ‘ਚ ਸ਼ਾਮਿਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਅੱਜ ਦੀ ਇਸ ਰੈਲੀ ‘ਚ ਹੋਰਨਾਂ ਤੋਂ ਇਲਾਵਾ ਸੰਸਦੀ ਸਕੱਤਰ ਹਰਮੀਤ ਸਿੰਘ, ਯੂਥ ਅਕਾਲੀ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਅਤੇ ਹੋਰ ਨੇਤਾ ਹਾਜ਼ਰ ਸਨ।