December 5, 2011 admin

ਲੋਕ ਵਿਕਾਸ ਜਾਂ ਵਿਨਾਸ਼ ਵਿੱਚੋਂ ਇੱਕ ਨੂੰ ਚੁਣਨ : ਸੁਖਬੀਰ ਸਿੰਘ ਬਾਦਲ

ਜਲੰੰਧਰ, 5 ਦਸੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਅੱਗੇ ਵਿਕਾਸ ਜਾਂ ਵਿਨਾਸ਼ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਮੌਕਾ ਹੈ।
ਅੱਜ ਇੱਥੋਂ ਥੋੜ੍ਹੀ ਦੂਰ ਕਾਹਨਾ ਢੇਸੀਆਂ ਵਿਖੇ ਸੰਤ ਤਰਲੋਕ ਸਿੰਘ ਦੀ 37ਵੀਂ ਬਰਸੀ ਮੌਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਪਣੇ ਪਹਿਲੇ ਪੰਜ ਸਾਲਾ ਕਾਰਜਕਾਲ ਦੌਰਾਨ ਕਿਸੇ ਵਿਕਾਸ ਪ੍ਰਾਜੈਕਟ ਦੀ ਇੱਕ ਇੱਟ ਵੀ ਨਾ ਲਾ ਸਕਿਆ ਅਮਰਿੰਦਰ ਜੇ ਦੂਜੀ ਵਾਰ ਸੱਤਾ ‘ਤੇ ਕਾਬਜ਼ ਹੋਇਆ ਤਾਂ ਉਸ ਤੋਂ ਦੁਬਾਰਾ ਵਿਕਾਸ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਪੱਤਰਕਾਰ ਨਾਲ ਹਾਲੀਆ ਭੇਟਵਾਰਤਾ ਵਿੱਖ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੋਈ ਵਿਕਾਸ ਪ੍ਰਾਜੈਕਟ ਨਾ ਸ਼ੁਰੂ ਕਰਨ ਦੀ ਅਸਫ਼ਲਤਾ ਨੂੰ ਇਸ ਆੜ ਵਿੱਖ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਨੂੰ ਕਾਫ਼ੀ ਸਮਾਂ ਤਾਂ ਪ੍ਰਸ਼ਾਸਨ ਦੀ ਗੁੰਝਲਤਾ ਨੂੰ ਹੀ ਸਮਝਣ ਵਿੱਚ ਲੱਗ ਗਿਆ ਸੀ ਅਤੇ ਜਦੋਂ ਉਸ ਨੂੰ ਸਮਝ ਆਈ ਤਾਂ ਉਸ ਦਾ ਕਾਰਜਕਾਲ ਮੁੱਕ ਗਿਆ।
      ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਬੇਹੱਦ ਧੀਮੀ ਸਿੱਖਣ ਸਮਰੱਥਾ ਦਾ ਖ਼ਮਿਆਜ਼ਾ ਪਹਿਲਾਂ ਹੀ ਭੁਗਤ ਚੁੱਕੇ ਹਨ ਅਤੇ ਉਹ ਰਾਜ ਦੇ ਵਿਕਾਸ ਨੂੰ ਮੁੜ ਪੰਜ ਸਾਲ ਲਈ ਠੱਪ ਕਰਨ ਦਾ ਖ਼ਤਰਾ ਨਹੀਂ ਉਠਾ ਸਕਦੇ। ਸ. ਬਾਦਲ ਨੇ ਕਿਹਾ ਕਿ ਇਹ ਇੱਕ ਹਕੀਕਤ ਹੈ ਕਿ ਅਮਰਿੰਦਰ ਸਿੰਘ ਕੋਲ ਰਾਜ ਦੇ ਲੋਕਾਂ ਲਈ ਕੋਈ ਸਮਾਂ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਆਪਣੇ ‘ਵਿਲੱਖਣ ਰੁਝੇਵੇਂ’ ਹਨ। ਉਨ੍ਹਾਂ ਕਿਹਾ ਕਿ ਅਸੀਂ ਉਸ ਮੁੱਖ ਮੰਤਰੀ ਤੋਂ ਕੀ ਆਸ ਰੱਖ ਸਕਦੇ ਹਾ, ਜਿਸ ਕੋਲ ਮੁੱਖ ਮੰਤਰੀ ਦੀ ਚੋਣ ਕਰਨ ਵਾਲੇ ਵਿਧਾਇਕਾਂ ਲਈ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਵਾਕਿਆ ਹੀ ਉਨ੍ਹਾਂ ਦੀ ਢਾਹੂ ਸੋਚ ਹੈ ਅਤੇ ਉਨ੍ਹਾਂ ਦਾ ਪੰਜਾਬ ਦੀ ਤਰੱਕੀ ਲਈ ਕੋਈ ਸੁਪਨਾ ਨਹੀਂ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਅੜਿੱਕਾ ਸਿੰਘ ਦੱਸਦਿਆਂ ਕਿਹਾ ਕਿ ਉਨ੍ਹਾਂ ਆਪਣੇ ਨਾਂਹ-ਪੱਖੀ ਵਤੀਰੇ ਦੇ ਨਾਲ-ਨਾਲ ਨਿੱਤ ਦਿਨ ਨਵੀਆਂ ਗਾਲਾਂ ਦੇ ਸ਼ਬਦ-ਜੋੜਾਂ ਵਿੱਚ ਵੀ ਮੁਹਾਰਤ ਹਾਸਲ ਕਰ ਲਈ ਹੈ। ਉਨ੍ਹਾਂ ਸਵਾਲ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੋਲ ਪੂਰੇ ਪੰਜ ਸਾਲ 19,000 ਕਰੋੜ ਰੁਪਏ ਦੀ ਵਕਾਰੀ ਰਿਫ਼ਾਇਨਰੀ ਨਾ ਲੱਗਣ ਦੇਣ ਲਈ ਕੀ ਦਲੀਲ ਹੈ? ਉਨ੍ਹਾਂ ਅੱਗੇ ਕਿਹਾ ਕਿ ਉਹ ਪੂਰੇ ਪੰਜ ਸਾਲਾ ਕਾਰਜਕਾਲ ਦੌਰਾਨ ਇੱਕ ਵੀ ਯੂਨਿਟ ਵਾਧੂ ਬਿਜਲੀ ਪੈਦਾ ਕਰਨ ਦੀ ਆਪਣੀ ਅਸਫ਼ਲਤਾ ‘ਤੇ ਕਿਵੇਂ ਮਿੱਟੀ ਪਾ ਸਕਦੇ ਹਨ? ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਉਨ੍ਹਾਂ ਮਿਹਨਤਕਸ਼ ਕਿਸਾਨਾਂ ਅੱਗੇ ਕਿਹੜਾ ਮੂੰਹ ਲੈ ਕੇ ਜਾਣਗੇ, ਜਿਨ੍ਹਾਂ ਨੂੰ ਉਨ੍ਹਾਂ ਸਾਢੇ ਚਾਰ ਸਾਲ ਤੱਕ ਮੁਫ਼ਤ ਬਿਜਲੀ ਦੀ ਸਹੂਲਤ ਤੋਂ ਵਾਂਝਾ ਰੱਖਿਆ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੇ ਰੋਹ ਦਾ ਕਿਵੇਂ ਸਾਹਮਣਾ ਕਰਨਗੇ, ਜੋ ਪੂਰੇ ਪੰਜ ਸਾਲ ਨੌਕਰੀਆਂ ‘ਤੇ ਪਾਬੰਦੀ ਲੱਗੀ ਰਹਿਣ ਕਾਰਨ ਰੁਜ਼ਗਾਰ ਦੀ ਉਡੀਕ ਵਿੱਚ ਹੀ ਓਵਰਏਜ ਹੋ ਗਏ।
      ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਨਾਕਾਮੀ ਅਤੇ ਨਾਕਸ ਕਾਰਗੁਜ਼ਾਰੀ ਦਾ ਦੂਸਰਾ ਨਾਂ ਅਮਰਿੰਦਰ ਸਿੰਘ ਹੈ ਅਤੇ ਉਹ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਨੂੰ ਗ੍ਰਹਿਣ ਲੱਗਣ ਤੋਂ ਬਚਾਉਣ ਲਈ ਕਦਾਚਿਤ ਸੱਤਾ ਉਸ ਦੇ ਹੱਥ ਨਹੀਂ ਸੌਂਪਣਗੇ।
      ਟਿਕਟਾਂ ਦੀ ਵੰਡ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਇਸ ਬਾਰੇ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਛੇਤੀ ਹੀ ਫ਼ੈਸਲਾ ਲਵੇਗੀ।

Translate »