December 5, 2011 admin

ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਗੱਤਕਾ ਮੁਕਾਬਲੇ 8 ਨੂੰ

ਸ੍ਰੀ ਫਤਹਿਗੜ੍ਹ ਸਾਹਿਬ, 5 ਦਸੰਬਰ-ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਸ੍ਰੀ ਫਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੀ ਅਗਵਾਈ ਹੇਠ ਵੱਡੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿੱਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਗੱਤਕਾ ਮੁਕਾਬਲੇ 8 ਦਸੰਬਰ ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ੍ਰੀ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਵੱਲੋਂ ਪ੍ਰਵਾਨਿਤ ਨਿਯਮਾਂਵਲੀ ਅਨੁਸਾਰ ਕਰਵਾਏ ਜਾ ਰਹੇ ਇੰਨ੍ਹਾਂ ਮੁਕਾਬਲਿਆਂ ਵਿੱਚ ਲੜਕੇ ਤੇ ਲੜਕੀਆਂ ਦੇ ਸਿੰਗਲ ਸੋਟੀ ਅਤੇ ਸੋਟੀ-ਫੱਰੀ ਫਾਈਟ ਮੁਕਾਬਲਿਆਂ ਸਮੇਤ ਗੱਤਕਾ ਪ੍ਰਦਰਸ਼ਨੀ ਦੇ ਮੁਕਾਬਲੇ ਰਵਾਇਤੀ ਬਾਣੇ ਵਿੱਚ ਕਰਵਾਏ ਜਾਣਗੇ। ਇਨ੍ਹਾਂ ਗੱਤਕਾ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਇੱਥੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਹੋਈ ਮੀਟਿੰਗ ਉਪਰੰਤ ਪ੍ਰਧਾਨ ਸ੍ਰੀ ਬਿੱਟੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਚੋਟੀ ਦੀਆਂ ਗੱਤਕਾ ਟੀਮਾਂ ਆਪਣੇ ਰਵਾਇਤੀ ਜੰਗਜੂ ਜਾਹੋ-ਜਲਾਲ ਦਿਖਾਉਣਗੀਆਂ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ 2.30 ਵਜੇ ਇਨਾਮ ਵੰਡ ਸਮਾਗਮ ਮੌਕੇ ਐਸ.ਐਸ.ਪੀ ਸ੍ਰੀ ਫਤਹਿਗੜ੍ਹ ਸਾਹਿਬ ਸ੍ਰੀ ਰਣਬੀਰ ਸਿੰਘ ਖਟੜਾ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਪ੍ਰਦਾਨ ਕਰਨਗੇ। ਇਸ ਮੌਕੇ ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੇ ਜਨਰਲ ਸਕੱਤਰ ਸ੍ਰੀ ਹਰਜੀਤ ਸਿੰਘ ਗਰੇਵਾਲ ਡੀ.ਪੀ.ਆਰ.ਓ ਰੂਪਨਗਰ ਵਿਸ਼ੇਸ਼ ਮਹਿਮਾਨ ਹੋਣਗੇ।
ਸ੍ਰੀ ਬਿੱਟੂ ਨੇ ਕਿਹਾ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ:) ਦੇ ਪ੍ਰਧਾਨ ਸ: ਹਰਚਰਨ ਸਿੰਘ ਭੁੱਲਰ ਐਸ.ਐਸ.ਪੀ ਸੰਗਰੂਰ ਦੀਆਂ ਕੋਸ਼ਿਸਾਂ ਸਦਕਾ ਪੰਜਾਬ ਸਰਕਾਰ ਨੇ ਗੱਤਕਾ ਖੇਡ ਨੂੰ ਪੰਜਾਬ ਰਾਜ ਦੇ ਸਾਰੇ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਪਣੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਨ ਨਾਲ ਗੱਤਕਾ ਖੇਡ ਇਸ ਵਾਰ 56ਵੀਆਂ ਕੌਮੀ ਸਕੂਲ ਖੇਡਾਂ ਦਾ ਹਿੱਸਾ ਬਣ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਪੁਰਾਤਨ ਖੇਡ ਗੱਤਕਾ ਨੂੰ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਕਰਵਾਉਣ ਦੀ ਕਾਰਵਾਈ ਚੱਲ ਰਹੀ ਹੈ ਅਤੇ ਇਹ ਮਾਮਲਾ ਸਬ-ਕਮੇਟੀ ਦੇ ਵਿਚਾਰ ਅਧੀਨ ਹੈ।
       ਸ੍ਰੀ ਬਿੱਟੂ ਨੇ ਕਿਹਾ ਕਿ ਗੱਤਕਾ ਫੈਡਰੇਸ਼ਨ ਦੀ ਇਹ ਕੋਸ਼ਿਸ਼ ਹੈ ਕਿ ਗੱਤਕੇਬਾਜ਼ੀ ਨੂੰ ਸਮੁੱਚੀ ਦੁਨੀਆਂ ਅੱਗੇ ਨਿਵੇਕਲੇ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਗੱਤਕਾ ਖੇਡ ਦੇ ਵੀ ਦੂਜੀਆਂ ਖੇਡਾਂ ਵਾਂਗ ਮੁਕਾਬਲੇ ਆਯੋਜਿਤ ਹੋਣ ਜਦਕਿ ਰਵਾਇਤੀ ਮਾਰਸ਼ਲ ਆਰਟ ਗੱਤਕਾ ਹਰ ਤਰਾਂ ਦੇ ਸੱਭਿਆਚਾਰਕ ਸਮਾਗਮਾਂ ਦੇ ਉਦਘਾਟਨੀ ਅਤੇ ਸਮਾਪਤੀ ਜਸ਼ਨਾਂ ਮੌਕੇ ਗਿੱਧੇ-ਭੰਗੜੇ ਦੇ ਬਰਾਬਰ ਪੇਸ਼ ਹੋਵੇ। ਉਹਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਗੱਤਕਾ ਖੇਡ ਦੀ ਮਕਬੂਲੀਅਤ ਨੂੰ ਵਧਾਉਣਾ, ਗੱਤਕਾ ਖੇਡ ਨੂੰ ਪਿੰਡ ਪੱਧਰ ਤੇ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਹੋਣ ਵਾਲੀਆਂ ਖੇਡਾਂ ਵਿੱਚ ਸ਼ਾਮਲ ਕਰਵਾਉਣਾ, ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਖੇਡ ਦੇ ਪ੍ਰਚਾਰ-ਪਸਾਰ ਲਈ ਟੀਮਾਂ ਦਾ ਅਦਾਨ-ਪ੍ਰਦਾਨ ਕਰਨਾ, ਧਾਰਮਿਕ ਅਤੇ ਪਵਿੱਤਰ ਦਿਹਾੜਿਆਂ ਦੇ ਮੌਕੇ ਗੱਤਕੇ ਦੇ ਪ੍ਰਦਰਸ਼ਨੀ ਮੈਚ ਕਰਾਵਾਉਂਦੇ ਹੋਏ ਪੰਜਾਬੀ ਵਿਰਸੇ ਅਤੇ ਸਭਿਆਚਾਰ ਦਾ ਵਿਕਾਸ ਤੇ ਪਸਾਰ ਕਰਨਾ ਹੈ।

Translate »