December 5, 2011 admin

ਪੰਜਾਬ ਸਰਕਾਰ ਛੇਤੀ ਹੀ ਸੁਧਾਰ ਘਰਾਂ ਵਿੱਚ ਇੱਕ ਹਜ਼ਾਰ ਦੇ ਕਰੀਬ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਭਰਤੀ ਕਰੇਗੀ: ਡੀ.ਜੀ.ਪੀ (ਜੇਲ੍ਹਾਂ)

ਪਟਿਆਲਾ, 5 ਦਸੰਬਰ :  ” ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸੁਧਾਰ ਘਰਾਂ ਵਿੱਚ ਛੇਤੀ ਹੀ ਵੱਖ-ਵੱਖ ਰੈਂਕਾਂ ‘ਤੇ ਕਰੀਬ ਇੱਕ ਹਜ਼ਾਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਨਾਲ ਭਵਿੱਖ ਵਿੱਚ ਸੁਧਾਰ ਘਰਾਂ ਦੀ ਕਾਰਜਪ੍ਰਣਾਲੀ ਵਿੱਚ ਹੋਰ ਵੀ ਸੁਧਾਰ ਆਵੇਗਾ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੀ ਤਰਜ਼ ‘ਤੇ ਹੀ ਸੁਧਾਰ ਘਰਾਂ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਰੱਕੀਆਂ ਨੂੰ ਯਕੀਨੀ ਬਣਾਇਆ ਜਾਵੇਗਾ । ” ਇਹ ਜਾਣਕਾਰੀ ਡੀ.ਜੀ.ਪੀ (ਜੇਲ੍ਹਾਂ) ਸ਼੍ਰੀ ਸ਼ਸ਼ੀਕਾਂਤ ਨੇ ਅੱਜ ਕੇਂਦਰੀ ਸੁਧਾਰ ਘਰ ਪਟਿਆਲਾ ਵਿਖੇ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਅਤੇ ਰੋਟਰੀ ਕਲੱਬ ਕੈਨੇਡਾ ਵੱਲੋਂ ਸ਼ੁਰੂ ਕੀਤੇ ਗਏ ਮੁਫਤ ਬਾਲਗ ਸਿੱਖਿਆ ਕੈਂਪ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ । ਡੀ.ਜੀ.ਪੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਕਰ ਰਹੇ ਸੁਧਾਰ ਘਰਾਂ ਦੇ ਸਟਾਫ ਨੂੰ ਜਲਦੀ ਹੀ ਵੱਡੀ ਰਾਹਤ ਮਿਲਣ ਵਾਲੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਤਰੱਕੀ ਲਈ ਅਪਣਾਈ ਜਾਂਦੀ ਨੀਤੀ ਦੇ ਆਧਾਰ ‘ਤੇ ਹੀ ਜੇਲ੍ਹ ਸਟਾਫ ਦੀਆਂ ਤਰੱਕੀਆਂ ਨੂੰ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਸੁਧਾਰ ਘਰਾਂ ਦੇ ਸਰਵ-ਪੱਖੀ ਸੁਧਾਰ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸੁਧਾਰ ਘਰਾਂ ਵਿੱਚ ਮੋਬਾਇਲ ਅਤੇ ਨਸ਼ੀਲੀਆਂ ਦਵਾਈਆਂ ਦੇ ਦਾਖਲੇ ਨੂੰ ਰੋਕਣ ਲਈ ਸਖਤ ਕਦਮ ਪੁੱਟਣ ਦੇ ਨਾਲ-ਨਾਲ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਕੈਦੀਆਂ ਦੇ ਮਿਆਰੀ ਇਲਾਜ ਅਤੇ ਕੌਂਸਲਿੰਗ ਲਈ ਯੂਨਾਈਟਿਡ ਨੇਸ਼ਨ ਆਫ ਡਰੱਗ ਕੰਟਰੋਲ (ਯੂ.ਐਨ.ਡੀ.ਸੀ) ਦੀਆਂ ਮਾਹਿਰ ਟੀਮਾਂ ਜਲਦੀ ਹੀ ਪੰਜਾਬ ਦੇ ਸੁਧਾਰ ਘਰਾਂ ਦਾ ਦੌਰਾ ਕਰਨਗੀਆਂ । ਡੀ.ਜੀ.ਪੀ ਨੇ ਦੱਸਿਆ ਕਿ ਰਾਜ ਦੇ ਸੁਧਾਰ ਘਰਾਂ ਵਿੱਚ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤੇ ਜਾਣਗੇ ਤਾਂ ਜੋ ਨਸ਼ਿਆਂ ਕਾਰਨ ਵੱਖ-ਵੱਖ ਜੇਲ੍ਹਾਂ ਵਿੱਚ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਕੁਝ ਕੈਦੀਆਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ ।
         ਇਸ ਤੋਂ ਪਹਿਲਾਂ ਕੇਂਦਰੀ ਸੁਧਾਰ ਘਰ ਵਿਖੇ ਪੁੱਜਣ ‘ਤੇ ਡੀ.ਜੀ.ਪੀ ਨੂੰ ਪੁਲਿਸ ਜਵਾਨਾਂ ਨੇ ਸਲਾਮੀ ਦਿੱਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ ਸ਼੍ਰੀ ਸ਼ਸ਼ੀਕਾਂਤ ਨੇ ਕਿਹਾ ਕਿ ਸੁਧਾਰ ਘਰਾਂ ਵਿੱਚ ਪਰਿਵਾਰਕ ਮਾਹੌਲ ਸਿਰਜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਜਿਸ ਤਹਿਤ ਜਿਥੇ ਕੈਦੀਆਂ ਦੇ ਮਨੋਰੰਜਨ ਪੱਖ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਉਥੇ ਹੀ ਇਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਵੀ ਸਭ ਦੇ ਅੱਗੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਕੈਦੀਆਂ ਨੂੰ ਅੱਖਰ ਗਿਆਨ ਦੇਣ ਦਾ ਜੋ ਬੀੜਾ ਚੁੱਕਿਆ ਗਿਆ ਹੈ ਉਹ ਸ਼ਲਾਘਾਯੋਗ ਹੈ ਅਤੇ ਪੰਜਾਬ ਦੇ ਹੋਰ ਸੁਧਾਰ ਘਰਾਂ ਵਿੱਚ ਵੀ ਰੋਟਰੀ ਕਲੱਬ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਉਣ ਦੇ ਨਾਲ-ਨਾਲ ਆਰਟ ਆਫ ਲਿਵਿੰਗ ਤੇ ਯੋਗਾ ਕੈਂਪਾਂ ਦੀ ਮਦਦ ਵੀ ਲਈ ਜਾਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਸੁਧਾਰ ਘਰਾਂ ਵਿੱਚ ਜ਼ਰੂਰਤ ਮੁਤਾਬਕ ਡਾਕਟਰੀ ਸਟਾਫ ਤੇ ਹੋਰ ਮੈਡੀਕਲ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ । ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਇੱਕ ਕੈਦੀ ਧਰਮਵੀਰ ਧਾਲੀਵਾਲ ਦੁਆਰਾ ਗਾਏ ਗੀਤਾਂ ਦੀ ਸੀ.ਡੀ. ਵੀ ਜਾਰੀ ਕੀਤੀ । ਡੀ.ਜੀ.ਪੀ ਨੇ ਕਿਹਾ ਕਿ ਕੈਦੀਆਂ ਨਾਲ ਤਾਲਮੇਲ ਰੱਖਦੇ ਹੋਏ ਉਨ੍ਹਾਂ ਨੂੰ ਚੰਗਾ ਨਾਗਰਿਕ ਬਣਾਉਣ ਲਈ ਉਪਰਾਲੇ ਕਰਦੇ ਰਹਿਣਾ ਹਰੇਕ ਦਾ ਮੁਢਲਾ ਫਰਜ਼ ਹੈ । ਇਸ ਮੌਕੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ । ਇਸ ਤੋਂ ਇਲਾਵਾ ਉੱਘੇ ਹਾਸਰਸੀ ਕਲਾਕਾਰ ਸ਼੍ਰੀ ਰਾਣਾ ਰਣਬੀਰ ਨੇ ਵੀ ਹਾਜ਼ਰੀਨ ਦਾ ਮਨੋਰੰਜਨ ਕੀਤਾ । ਇਸ ਮੌਕੇ ਡੀ.ਜੀ.ਪੀ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ । ਉਨ੍ਹਾਂ ਸੁਧਾਰ ਘਰ ਵਿੱਚ ਹੀ ਅੱਖਰ ਗਿਆਨ ਹਾਸਿਲ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਪੜ੍ਹਾਈ ਕਿੱਟਾਂ ਵੀ ਪ੍ਰਦਾਨ ਕੀਤੀਆਂ ।
         ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਸੈਫ਼ਦੀਪੁਰ, ਸ਼੍ਰੀ ਸੰਜੀਵ ਗਰਗ, ਸ਼੍ਰੀ ਵਾਈ.ਆਰ.ਪਾਸੀ, ਮਹੰਤ ਆਤਮਾ ਰਾਮ, ਡਾ. ਜਗਬੀਰ ਸਿੰਘ, ਸ਼੍ਰੀ ਜੀਵਨ ਕੁਮਾਰ ਗਰਗ, ਸ੍ਰੀ ਵੇਦਪ੍ਰਕਾਸ਼ ਗੁਪਤਾ, ਸ਼੍ਰੀ ਓ.ਪੀ. ਗੁਪਤਾ, ਸ਼੍ਰੀ ਰਜਿੰਦਰ ਗੁਪਤਾ, ਸ਼੍ਰੀ ਦੇਵੀ ਦਿਆਲ ਗੋਇਲ, ਸ਼੍ਰੀ ਜਤਵਿੰਦਰ ਸਿੰਘ ਗਰੇਵਾਲ, ਜੇਲ੍ਹ ਸੁਪਰਡੈਂਟ ਸ਼੍ਰੀ ਲਖਵਿੰਦਰ ਸਿੰਘ ਜਾਖੜ, ਡਿਪਟੀ ਜੇਲ੍ਹ ਸੁਪਰਡੈਂਟ ਸ਼੍ਰੀ ਰਾਜਨ ਕਪੂਰ, ਸਿਵਲ ਸਰਜਨ ਡਾ. ਵਰਿੰਦਰ ਸਿੰਘ ਮੋਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੈਦੀ, ਸਮਾਜ ਸੇਵਕ, ਪੁਲਿਸ ਤੇ ਸਿਵਲ ਅਧਿਕਾਰੀ ਵੀ ਹਾਜ਼ਰ ਸਨ । ਸਮਾਗਮ ਦੌਰਾਨ ਮੰਚ ਦਾ ਸੰਚਾਲਨ ਸ਼੍ਰੀਮਤੀ ਸੁਮਨ ਬੱਤਰਾ ਨੇ ਬਾਖੂਬੀ ਕੀਤਾ ।

Translate »