ਅੰਮ੍ਰਿਤਸਰ, 6 ਦਸੰਬਰ – ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਖਰ-ਏ-ਕੌਮ ਪੰਥ ਰਤਨ ਦੀ ਉਪਾਧੀ ਦਿੱਤੇ ਜਾਣ ਨੂੰ ਇੱਕ ਇਤਿਹਾਸਕ ਭੁੱਲ ਕਰਾਰ ਦਿੰਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ: ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਮੁੱਚੀਆਂ ਪ੍ਰੰਪਰਾਵਾਂ ਦਾ ਘਾਣ ਹੋਇਆ ਹੈ। ਸ੍ਰ: ਕਲਕੱਤਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਜਾਣ ਵਾਲਾ ਮਾਨ-ਸਨਮਾਨ ਹਰ ਸਿੱਖ ਲਈ ਅਹਿਮ ਹੈ। ਲੇਕਿਨ ਇਸ ਮਾਨ-ਸਨਮਾਨ ਨੂੰ ਉਪਾਧੀ ਸਮਝ ਲੈਣਾ ਸਹੀ ਨਹੀਂ ਹੈ। ਉਨ•ਾਂ ਦੱਸਿਆ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਉਪਾਧੀ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤੇ ਭਾਸ਼ਣ ਵਿੱਚ ਕੁੱਝ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਨ•ਾਂ ਦੱਸਿਆ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂਕਵੀ ਭਾਈ ਸੰਤੋਖ ਸਿੰਘ ਨੂੰ ਚੂੜਾਮਣਿ ਦਾ ਖਿਤਾਬ ਹਾਸਲ ਸੀ। ਲੇਕਿਨ ਇਹ ਖਿਤਾਬ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਹੀਂ ਸੀ ਦਿੱਤਾ ਗਿਆ ਅਤੇ ਨਾ ਹੀ ਮਾਸਟਰ ਤਾਰਾ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਰਤਨ ਦੀ ਕੋਈ ਉਪਾਧੀ ਦਿੱਤੀ ਗਈ। ਉਨ•ਾਂ ਦੱਸਿਆ ਕਿ ਸ੍ਰ: ਕਪੂਰ ਸਿੰਘ ਨੂੰ ਨਵਾਬ, ਬਾਬਾ ਖੜਕ ਸਿੰਘ ਨੂੰ ਬੇਤਾਜ਼ ਬਾਦਸ਼ਾਹ ਦਾ ਖਿਤਾਬ ਵੀ ਸਿੱਖ ਸੰਗਤ ਵੱਲੋਂ ਦਿੱਤਾ ਗਿਆ ਸੀ, ਜਦਕਿ ਅਖੰਡ ਕੀਰਤਨੀ ਜਥਾ ਦੇ ਮੁੱਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ੋਕੋਈ ਖਿਤਾਬ ਨਹੀਂ ਦਿੱਤਾ ਗਿਆ। ਉਨ•ਾਂ ਕਿਹਾ ਕਿ ਸਿੱਖ ਕੌਮ ਵਿੱਚ ਭਾਈ ਕਹਿ ਕੇ ਸੰਬੋਧਨ ਕਰਨਾ ਇੱਕ ਸਤਿਕਾਰਤ ਸੰਬੋਧਨ ਹੈ ਅਤੇ ਅੱਜ ਵੀ ਕੁੱਝ ਸਿੱਖ ਘਰਾਣਿਆਂ ਵਿੱਚ ਆਪਣੇ ਨਾਮ ਨਾਲ ਸ਼ਬਦ ਭਾਈ ਲਗਾਇਆ ਜਾਂਦਾ ਹੈ, ਜਿਵੇਂ ਕਿ ਮਰਹੂਮ ਅਕਾਲੀ ਮੰਤਰੀ ਭਾਈ ਸ਼ਮਿੰਦਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆ, ਸ੍ਰ: ਕਲਕੱਤਾ ਨੇ ਕਿਹਾ ਕਿ ਅਮਰੀਕਾ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਭਾਈ ਹਰਭਜਨ ਸਿੰਘ ਯੋਗੀ ਤਾਂ ਆਪਣੇ ਨਾਮ ਨਾਲ ਸਿੰਘ ਸਾਹਿਬ ਦਾ ਲਕਬ ਵੀ ਜੋੜਦੇ ਸਨ, ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ•ਾਂ ਨੂੰ ਅਜਿਹਾ ਮਾਨ ਕਦੇ ਨਹੀਂ ਮਿਲਿਆ। ਸ੍ਰ: ਕਲਕੱਤਾ ਨੇ ਕਿਹਾ ਕਿ ਬੀਤੇ ਕੱਲ ਸ੍ਰ: ਬਾਦਲ ਨੂੰ ਸੰਬੋਧਨ ਹੁੰਦਿਆਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਸ਼ਬਦ ਭਾਈ ਪ੍ਰਕਾਸ਼ ਸਿੰਘ ਵਰਤਿਆ ਹੈ, ਇਸਦਾ ਮਤਲਬ ਇਹ ਨਹੀਂ ਲੈਣਾ ਚਾਹੀਦਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਭਾਈ ਦਾ ਲਕਬ ਦੇ ਦਿੱਤਾ ਗਿਆ ਹੈ। ਸ੍ਰ: ਬਾਦਲ ਨੂੰ ਦਿੱਤੇ ਗਏ ਖਿਤਾਬ ਦਾ ਜਿਕਰ ਕਰਦਿਆਂ ਉਨ•ਾਂ ਕਿਹਾ ਕਿ ਇਕੋ ਸਮੇਂ ਫਖਰ-ਏ-ਕੌਮ ਅਤੇ ਪੰਥ ਰਤਨ ਦਾ ਖਿਤਾਬ ਦੇਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਿਫਾਰਸ਼ ਕਰਨਾ ਖੁੱਸ਼ਨੰਦੀ ਦੀ ਸ਼ਿਖਰ ਹੈ। ਉਨ•ਾਂ ਕਿਹਾ ਕਿ 5 ਜੂਨ, 2003 ਨੂੰ ਸ੍ਰ: ਪ੍ਰਕਾਸ਼ ਸਿੰਘ ਬਾਦਲ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਇਸ ਲਈ ਪੇਸ਼ ਹੋਏ ਸਨ ਕਿਉਂਕਿ ਉਨ•ਾਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਦਾ ਦੋਸ਼ ਸੀ ਅਤੇ 5 ਜੂਨ, 2003 ਨੂੰ ਸ੍ਰ: ਬਾਦਲ ਨੂੰ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਉਣ ਦੀ ਤਨਖਾਹ ਲਾਈ ਸੀ। ਉਨ•ਾਂ ਕਿਹਾ ਕਿ ਇਹ ਹੋਰ ਵੀ ਮੰਦਭਾਗਾ ਹੈ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਅਤੇ ਫਖਰ-ਏ-ਕੌਮ ਦਾ ਖਿਤਾਬ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਪੱਬਾਂ ਭਾਰ ਹੋ ਗਏ, ਉਸ ਬਾਦਲ ਨੂੰ ਅੰਮ੍ਰਿਤਧਾਰੀ ਅਤੇ ਪੰਜ ਕਕਾਰਾਂ ਦਾ ਧਾਰਨੀ ਬਨਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ, ਜਦਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਖਿਲਾਫ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਦੀਆਂ ਅਣਗਿਣਤ ਮੂੰਹ ਬੋਲਦੀਆਂ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕੀਆਂ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਪਾਸ ਲਿਖਤੀ ਸ਼ਿਕਾਇਤਾਂ ਵੀ ਮੌਜੂਦ ਹਨ। ਉਨ•ਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਸ੍ਰ: ਬਾਦਲ ਨੂੰ ਦਿੱਤੇ ਖਿਤਾਬ ਦਾ ਹਸ਼ਰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬਰਾਹ ਅਰੂੜ ਸਿੰਘ ਵੱਲੋਂ ਜਨਰਲ ਡਾਇਰ ਨੂੰ ਦਿੱਤੇ ਸਿਰੋਪਾ ਵਰਗਾ ਹੋਵੇਗਾ।