December 6, 2011 admin

ਦੱਖਣੀ ਏਸ਼ੀਆ ਵਿੱਚ ਚਿਰ ਸਦੀਵੀ ਅਮਨ ਲਈ ਭਾਰਤ-ਪਾਕਿ ਦੋਸਤੀ ਸਭ ਤੋਂ ਮਹੱਤਵਪੂਰਨ-ਡਾ: ਇਕਰਾਰ ਅਹਿਮਦ ਖਾਨ

ਲੁਧਿਆਣਾ: 6 ਦਸੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪਾਕਿਸਤਾਨੀ ਵਫਦ ਦੇ ਆਗੂ ਅਤੇ ਫੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਇਕਰਾਰ ਅਹਿਮਦ ਖਾਨ ਨੇ ਅੱਜ ਸਿਰਕੱਢ ਅਰਥ ਸਾਸ਼ਤਰੀਆਂ, ਸਿੱਖਿਆ ਸਾਸ਼ਤਰੀਆਂ ਅਤੇ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਆਖਿਆ ਹੈ ਕਿ ਦੱਖਣੀ ਏਸ਼ੀਆਂ ਵਿੱਚ ਚਿਰਸਦੀਵੀ ਅਮਨ ਲਈ ਭਾਰਤ-ਪਾਕਿ ਦੋਸਤੀ ਸਭ ਤੋਂ ਮਹੱਤਵਪੂਰਨ ਨੁਕਤਾ ਹੈ। ਉਨ•ਾਂ ਆਖਿਆ ਕਿ ਅਸੀਂ ਰਲ ਕੇ ਵਿਕਾਸ ਕਰ ਸਕਦੇ ਹਾਂ ਅਤੇ ਵਿਸ਼ਵ ਵਿੱਚ ਖੇਤੀਬਾੜੀ ਖੋਜ ਦੇ ਵੀ ਆਗੂ ਬਣ ਸਕਦੇ ਹਾਂ। ਉਨ•ਾਂ ਆਖਿਆ ਕਿ ਭਾਰਤ ਤੇ ਪਾਕਿਸਤਾਨ ਬਾਸਮਤੀ ਅਤੇ ਨਰਮੇ ਦੀ ਕਾਸ਼ਤ ਵਿੱਚ ਪਹਿਲਾਂ ਹੀ ਵਿਸ਼ਵ ਸਰਦਾਰ ਹਨ ਅਤੇ ਦੁਵੱਲਾ ਸਹਿਯੋਗ ਸਾਨੂੰ ਹੋਰ ਅੱਗੇ ਪਹੁੰਚਾ ਸਕਦਾ ਹੈ। ਉਨ•ਾਂ ਆਖਿਆ ਕਿ ਯੂਰੀਆ ਅਤੇ ਹੋਰ ਰਸਾਇਣਕ ਖਾਦਾਂ ਵਿੱਚ ਪਾਕਿਸਤਾਨ ਥੁੜ ਦਾ ਸਾਹਮਣਾ ਕਰ ਰਿਹਾ ਹੈ ਅਤੇ ਖਾਦਾਂ ਮਹਿੰਗੀਆਂ ਹਨ ਜਦ ਕਿ ਭਾਰਤ ਇਸ ਮਾਮਲੇ ਵਿੱਚ ਬਹੁਤ ਅੱਗੇ ਹੈ। ਉਨ•ਾਂ ਆਖਿਆ ਕਿ ਭਾਰਤ ਵਿੱਚ ਖਾਦ ਅਤੇ ਬੀਜ ਉਦਯੋਗ ਵਿਕਾਸ ਕਰ ਰਿਹਾ ਹੈ ਅਤੇ ਇਸ ਦਾ ਵਪਾਰਕ ਅਦਾਨ ਪ੍ਰਦਾਨ ਨਾਲ ਪਾਕਿਸਤਾਨ ਨੂੰ ਵੀ ਲਾਭ ਹੋ ਸਕਦਾ ਹੈ। ਡਾ: ਖਾਨ ਨੇ ਆਖਿਆ ਕਿ ਵਪਾਰਲਾਂਘਾ  ਅਤੇ ਗੈਸ ਪਾਈਪ ਲਾਈਨ ਵਿਛਣ ਨਾਲ ਵਿਕਾਸ ਦੇ ਨਵੇਂ ਰਾਹ ਖੁੱਲ ਸਕਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਸਾਂਝੀ ਵਿਰਾਸਤ, ਸਾਂਝੇ ਇਤਿਹਾਸ ਅਤੇ ਸਾਂਝੇ ਕੁਦਰਤੀ ਵਾਤਾਵਰਨ ਦੇ ਹੁੰਦਿਆਂ ਸੁੰਦਿਆਂ ਸਾਡਾ ਟਕਰਾਓ ਗੈਰ ਕੁਦਰਤੀ ਵਿਹਾਰ ਹੈ ਜਦ ਕਿ ਸਾਨੂੰ ਆਪਸੀ ਸਾਂਝ ਵਧਾਉਣ ਲਈ ਮਿਲ ਕੇ ਬੈਠਣ ਦਾ ਏਜੰਡਾ ਅੱਗੇ ਰੱਖਣਾ ਚਾਹੀਦਾ ਹੈ। ਇਕ ਦੂਸਰੇ ਨੂੰ ਸਹਿਯੋਗੀ ਦੇਸ਼ ਐਲਾਨਣ ਨਾਲ ਸਾਨੂੰ ਵਿਕਾਸ ਦੀ ਮੰਜ਼ਲ ਮਿਲੇਗੀ। ਡਾ: ਢਿੱਲੋਂ ਨੇ ਆਖਿਆ ਕਿ ਇਹ ਸਮਾਂ ਸਿਰ ਜੋੜ ਕੇ ਭਵਿੱਖ ਲਈ ਸੋਚਣ ਦਾ ਹੈ ਨਾ ਕਿ ਟਕਰਾਓ ਵਿੱਚ ਪੈਣ ਦਾ। ਉਨ•ਾਂ ਆਖਿਆ ਕਿ ਬਾਸਮਤੀ ਅਤੇ ਨਰਮੇ ਦੇ ਨਾਲ ਨਾਲ ਮੱਕੀ ਦਾ ਭਵਿੱਖ ਵੀ ਬਹੁਤ ਰੌਸ਼ਨ ਹੈ। ਡਾ: ਢਿੱਲੋਂ ਨੇ ਆਖਿਆ ਕਿ ਦੋਹਾਂ ਦੇਸ਼ਾਂ ਨੂੰ ਸਰਹੱਦ ਨੇੜੇ ਖੇਤਰੀ ਖੋਜ ਕੇਂਦਰ ਸਥਾਪਿਤ ਕਰਨੇ ਚਾਹੀਦੇ ਹਨ ਤਾਂ ਜੋ ਇਕ ਦੂਸਰੇ ਤੋਂ ਸਿੱਖਣ ਲਈ ਨੁਕਤੇ ਹਾਸਿਲ ਕੀਤੇ ਜਾ ਸਕਣ।
ਪੇਂਡੂ ਅਤੇ ਉਦਯੋਗਿਕ ਵਿਕਾਸ ਖੋਜ ਕੇਂਦਰ (ਕਰਿਡ) ਚੰਡੀਗੜ• ਦੇ ਡਾਇਰੈਕਟਰ ਜਨਰਲ ਡਾ: ਸੁੱਚਾ ਸਿੰਘ ਗਿੱਲ ਨੇ ਆਖਿਆ ਕਿ ਮੱਧ ਏਸ਼ੀਆ ਦੇ ਵਿਕਾਸ, ਖੁਸ਼ਹਾਲੀ ਅਤੇ ਸੁਰੱਖਿਆ ਲਈ ਭਾਰਤ-ਪਾਕਿ ਦੋਸਤੀ ਅਤੇ ਆਪਸੀ ਸਹਿਯੋਗ ਬੇਹੱਦ ਲੋੜੀਂਦਾ ਹੈ। ਉਨ•ਾਂ ਆਖਿਆ ਕਿ ਭਾਰਤ ਨੂੰ ਤਰਜੀਹੀ ਦੇਸ਼ ਐਲਾਨਣ ਨਾਲ ਪਾਕਿਸਤਾਨ ਅਤੇ ਭਾਰਤ ਨੂੰ ਇਸ ਕਰਕੇ ਵੀ ਵਧੇਰੇ ਲਾਭ ਹੋਣਾ ਹੈ ਕਿਉਂਕਿ ਇਹ ਦੋਵੇਂ ਹੀ ਵਿਸ਼ਵ ਵਪਾਰ ਸੰਸਥਾ ਦੇ ਹਸਤਾਖਰੀ ਮੈਂਬਰ ਹਨ ਅਤੇ ਦੋਹਾਂ ਨੂੰ ਡੰਪਿੰਗ ਦਾ ਕੋਈ ਖਤਰਾ ਨਹੀਂ । ਉਨ•ਾਂ ਆਖਿਆ ਕਿ ਵਾਹਗਾ ਬਾਰਡਰ ਤੇ ਯੋਗ ਭੰਡਾਰ ਸਹੂਲਤਾਂ ਦੀ ਲੋੜ ਹੈ। ਇਵੇਂ ਹੀ ਵੀਜ਼ੇ ਵਿੱਚ ਨਰਮਾਈ ਦੇ ਨਾਲ ਨਾਲ ਸੰਚਾਰ ਵਿਕਾਸ ਵੀ ਜ਼ਰੂਰੀ ਹੈ। ਉਨ•ਾਂ ਆਖਿਆ ਕਿ ਭਾਰਤ ਨੂੰ 52 ਫੀ ਸਦੀ ਕਮਾਈ ਆਪਣੇ ਸਰਵਿਸ ਸੈਕਟਰ ਤੋਂ ਹੈ ਅਤੇ ਜੇਕਰ ਅਸੀਂ ਲਾਹੌਰ ਇਸਲਾਮਾਬਾਦ ਅਤੇ ਕਰਾਚੀ ਵਿੱਚ ਸੂਚਨਾ ਤਕਨਾਲੋਜੀ ਕੇਂਦਰ ਬਣਾਉਂਦੇ ਹਾਂ ਤਾਂ ਇਸ ਦਾ ਲਾਭ ਦੋਹਾਂ ਦੇਸ਼ਾਂ ਨੂੰ ਹੋਵੇਗਾ। ਗੈਸ ਅਤੇ ਤੇਲ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਪਾਕਿਸਤਾਨ ਸਾਡਾ ਸਹਿਯੋਗੀ ਹੋ ਸਕਦਾ ਹੈ। ਪਾਕਿਸਤਾਨੀ ਡੈਲੀਗੇਸ਼ਨ ਦੇ ਮੈਂਬਰਾਂ ਡਾ: ਐਮ ਜੇ ਆਰਿਫ਼, ਡਾ: ਐਮ ਅਹਿਮਦ, ਡਾ: ਕੇ ਮੁਸਤਫਾ, ਡਾ: ਐਫ ਐਮ ਏ ਚੌਧਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਦੋਹਾਂ ਦੇਸ਼ਾਂ ਦੀ ਸਲਾਮਤੀ ਆਪਣੇ ਆਰਥਿਕ ਅਤੇ ਖਪਤਕਾਰ ਹਿਤ ਸੁਰੱਖਿਅਤ ਰੱਖਣ ਵਿੱਚ ਹੈ। ਉਨ•ਾਂ ਆਖਿਆ ਕਿ ਵਪਾਰਕ ਅਦਾਨ ਪ੍ਰਦਾਨ ਵਧਾ ਕੇ ਕੀਮਤਾਂ ਨੂੰ ਘਰੇਲੂ ਮੰਡੀ ਵਿੱਚ ਸਥਿਰ ਰੱਖਿਆ ਜਾ ਸਕਦਾ ਹੈ। ਮਾਲ ਢੋਣ ਵਾਲੇ ਟਰੱਕਾਂ ਦੀ ਇਲੈਕਟਰਾਨਿਕ ਚੈਕਿੰਗ ਨਾਲ ਨਾਸ਼ਮਾਨ ਵਸਤਾਂ ਫ਼ਲਾਂ ਅਤੇ ਸਬਜ਼ੀਆਂ ਨੂੰ ਸਮੇਂ ਸਿਰ ਖਪਤਕਾਰ ਤੀਕ ਪਹੁੰਚਾਇਆ ਜਾ ਸਕਦਾ ਹੈ। ਡਾ: ਜੌਹਲ ਨੇ ਆਖਿਆ ਕਿ ਭਾਰਤ ਦੀ ਇਕ ਤਿਹਾਈ ਆਬਾਦੀ ਦੀ ਖਰੀਦ ਸ਼ਕਤੀ ਯੂਰਪ ਦੇ ਪੱਧਰ ਦੀ ਹੈ ਅਤੇ ਇਸ ਖੇਤਰ ਵਿੱਚ ਸਿੱਧਾ ਪੂੰਜੀ ਨਿਵੇਸ਼ ਵੀ ਸਹਾਈ ਹੋ ਸਕਦਾ ਹੈ।
ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਦੇਸ਼ ਦੇ ਉੱਘੇ ਆਲੂ ਬੀਜ ਉਤਪਾਦਕ ਸ: ਜੰਗ ਬਹਾਦਰ ਸਿੰਘ ਸੰਘਾ ਨੇ ਆਖਿਆ ਕਿ ਆਲੂਆਂ ਦਾ ਵਣਜ ਵਪਾਰ ਸਾਡੀ ਦੋਹਾਂ ਦੇਸ਼ਾਂ ਦੀ ਸਾਂਝ ਵਧਾ ਸਕਦਾ ਹੈ। ਪਾਕਿਸਤਾਨ ਨੂੰ ਆਲੂਆਂ ਦਾ ਬੀਜ ਮੁਹੱਈਆ ਕਰਵਾਇਆ ਜਾ ਸਕਦਾ ਹੈ ਪਰ ਇਸ ਲਈ ਸਹੀ ਮਸ਼ੀਨੀ ਢਾਂਚਾ ਦੋਹੀਂ ਪਾਸੀਂ ਤਿਆਰ ਕਰਨ ਦੀ ਲੋੜ ਹੈ। ਚੰਗੇ ਬੀਜ ਉਤਪਾਦਨ ਬਾਰੇ ਚੇਤਨਾ ਵੀ ਜ਼ਰੂਰੀ ਹੈ। ਉਨ•ਾਂ ਆਖਿਆ ਕਿ ਖੇਤੀਬਾੜੀ ਵਿੱਚ ਜਰਮ ਪਲਾਜ਼ਮ ਅਦਾਨ ਪ੍ਰਦਾਨ ਵੱਲ ਵੀ ਭਾਰਤ ਪਾਕਿ ਸਰਕਾਰਾਂ ਨੂੰ ਸਹਿਯੋਗੀ ਵਤੀਰਾ ਧਾਰਨ ਕਰਨ ਲਈ ਪਹੁੰਚ ਕਰਨੀ ਚਾਹਦੀ ਹੈ। ਅੰਤਰ ਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੇ ਸਾਬਕਾ ਮੈਂਬਰ ਡਾ: ਬੇਅੰਤ ਸਿੰਘ ਆਹਲੂਵਾਲੀਆ ਨੇ ਆਖਿਆ ਕਿ ਸਰਹੱਦ ਤੇ ਦੋਹਾਂ ਦੇਸ਼ਾਂ ਨੂੰ ਸਭਿਆਚਾਰਕ ਆਦਾਨ ਪ੍ਰਦਾਨ ਅਤੇ ਆਪਸੀ ਵਿਸਵਾਸ਼ ਬਹਾਲ ਕਰਨ ਲਈ ਅਮਨ ਨਗਰ ਵਸਾਉਣ ਦੀ ਲੋੜ ਹੈ ਅਤੇ ਇਸ ਕੰਮ ਲਈ ਵਿਸ਼ਵ ਬੈਂਕ ਅਤੇ ਵਿਸ਼ਵ ਅਮਨ ਸੰਸਥਾਵਾਂ ਪਾਸੋਂ ਵੀਂ ਮਦਦ ਲਈ ਜਾ ਸਕਦੀ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਸਲਾਹਕਾਰ ਡਾ: ਕਰਮ ਸਿੰਘ, ਇੰਜੀਨੀਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਸ਼੍ਰੀ ਐਸ ਸੀ ਰਲਹਨ ਪ੍ਰਸਿੱਧ ਅਰਥ ਸਾਸ਼ਤਰੀ ਡਾ: ਜੋਗਿੰਦਰ ਸਿੰਘ, ਡਾ: ਅਮਰਦੀਪ ਸਿੰਘ ਜੋਸ਼ੀ, ਵਰਧਮਾਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਦਰਸ਼ਨ ਲਾਲ ਸ਼ਰਮਾ, ਵਣਜ ਪ੍ਰਬੰਧ ਦੇ ਕੌਮੀ ਪ੍ਰਸਿੱਧੀ ਪ੍ਰਾਪਤ ਮਾਹਿਰ ਡਾ: ਐਮ ਏ ਜ਼ਹੀਰ ਅਤੇ ਡਾ: ਸੰਦੀਪ ਕਪੂਰ ਨੇ ਵੀ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ।
ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਆਖਿਆ ਕਿ ਆਰਥਿਕ ਮਸਲਿਆਂ, ਗਲੋਬਲ ਅਤੇ ਘਰੇਲੂ ਮੰਡੀਆਂ ਦੇ ਨਾਲ ਨਾਲ ਸਾਨੂੰ ਤਰਜੀਹੀ ਦੇਸ਼ ਬਣਨ ਦੀ ਮਹੱਤਤਾ ਵੱਲ ਵਿਸੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਸ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਕਰਕੇ ਹੀ ਅਸੀਂ ਵਿਕਾਸ ਦੇ ਰਾਹ ਤੁਰ ਸਕਦੇ ਹਾਂ। ਇਸ ਮੌਕੇ ਪਾਕਿਸਤਾਨ ਤੋਂ ਆਏ ਸਭ ਤੋਂ ਵੱਡੀ ਉਮਰ ਦੇ ਵਿਗਿਆਨੀ ਡਾ: ਹਾਫਿਜ਼ ਅਬਦੁੱਲ ਕਿਯੂਮ, ਡਾ: ਐਮ ਅਮਜ਼ਦ, ਡਾ: ਐਮ ਇਕਬਾਲ, ਡਾ: ਡਬਲਯੂ ਵਕੀਲ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮੂਹ ਡੀਨਜ਼ ਡਾਇਰਕੈਟਰਜ਼ ਸਾਹਿਬਾਨ ਅਤੇ ਅਰਥ ਸਾਸ਼ਤਰ ਤੇ ਵਣਜ ਪ੍ਰਬੰਧ ਨਾਲ ਸਬੰਧਿਤ ਸੀਨੀਅਰ ਅਧਿਆਪਕ ਹਾਜ਼ਰ ਸਨ।

Translate »