ਅੰਮ੍ਰਿਤਸਰ, 6 ਦਸੰਬਰ: ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਸੰਯੁਕਤ ਸਕੱਤਰ ਸ੍ਰੀਮਤੀ ਅਨੁਰਾਧਾ ਗੁਪਤਾ ਨੇ ਅੱਜ ਆਪਣੇ ਪੰਜਾਬ ਦੌਰੇ ਤਹਿਤ ਨੈਸ਼ਨਲ ਰੂਰਲ ਹੈਲਥ ਮਿਸ਼ਨ ਪ੍ਰੋਗਰਾਮ ਅਤੇ ਟੀਕਾਕਰਣ ਪ੍ਰੋਗਰਾਮ ਦਾ ਜਾਇਜਾ ਲੈਣ ਲਈ ਜਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਲੀਓ ਦੇ ਵਾਈਰਸ ਨਾਲ ਨਿਪਟਣ ਲਈ ਦੇਸ਼ ਭਰ ਵਿੱਚ ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਪੋਲੀਓ ਵਾਇਰਸ ਨਾਲ ਨਿਪਟਣ ਲਈ ਅਗਾਉਂ ਕਦਮ ਚੁੱਕ ਰਹੀ ਹੈ ਤਾਂ ਜੋ ਪੋਲੀਓ ਦਾ ਕੋਈ ਹੋਰ ਕੇਸ ਭਾਰਤ ਵਿੱਚ ਨਾ ਆਵੇ।
ਇਹ ਵਰਣਨਯੋਗ ਹੈ ਕਿ 30 ਜਨਵਰੀ 2011 ਤੋਂ ਬਾਅਦ ਭਾਰਤ ਵਿੱਚ ਕੋਈ ਵੀ ਪੋਲੀਓ ਦਾ ਕੇਸ ਨਹੀਂ ਆਇਆ ਅਤੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਪੋਲੀਓ ਵਾਈਰਸ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਇਲਾਕਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਇਸ ਲਈ ਅਟਾਰੀ ਬਾਰਡਰ ਤੇ ਪੋਲੀਓ ਬੂਥ ਵੀ ਬਣਾਇਆ ਗਿਆ ਹੈ ਜਿਥੇ ਪਾਕਿਸਤਾਨ ਤੋਂ ਆਉਣ ਵਾਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦਿੱਤੀ ਜਾਂਦੀ ਹੈ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੋਹਾਲੀ, ਪਟਿਆਲਾ, ਜਲੰਧਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੀ ਟੀਕਾਕਰਨ ਅਤੇ ਅਕਿਊਟ ਫਲੈਸਿਡ ਪਾਰਾਲਾਈਸੈੱਸ (ਏ. ਐੱਫ. ਪੀ) ਕੇਸਾਂ ਦਾ ਜਾਇਜ਼ਾ ਲੈਣ ਲਈ ਰੈਪਿਡ ਰਿਸਪਾਂਸ ਟੀਮ ਵੱਲੋਂ ਦੌਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ ਅਕਿਊਟ ਫਲੈਸਿਡ ਪਾਰਾਲਾਈਸੈੱਸ (ਏ. ਐੱਫ. ਪੀ) ਸਰਵੀਲੈੱਨਸ, ਪੋਲਿਓ ਮੁਹਿੰਮਾਂ ਦੀ ਤਿਆਰੀ, ਟੀਕਾਕਰਨ ਅਤੇ ਕੋਲਡ ਚੇਨ ਵੈਕਸੀਨ ਸਟੋਰਜ਼ ਪੁਆਇੰਟ ਸਬੰਧੀ ਵੀ ਜਾਇਜ਼ਾ ਲਿਆ ਗਿਆ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਰੂਰਲ ਮਿਸ਼ਨ ਪੰਜਾਬ ਸ੍ਰੀ ਐਸ:ਕੇ:ਸ਼ਰਮਾ, ਆਈ:ਏ:ਐਸ, ਡਾਇਰੈਕਟਰ ਸਿਹਤ ਸੇਵਾਵਾਂ ਤੇ ਪਰਿਵਾਰ ਭਲਾਈ ਪੰਜਾਬ, ਸਿਵਲ ਸਰਜਨ ਸ੍ਰ ਅਵਤਾਰ ਸਿੰਘ ਜਰੇਵਾਲ ਵੀ ਹਾਜਰ ਸਨ।