December 6, 2011 admin

ਮੁੱਖ ਮੰਤਰੀ ਵੱਲੋਂ ਬਠਿੰਡਾ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ

ਬਠਿੰਡਾ, 6 ਦਸੰਬਰ -ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਸੀਨੀਅਰ ਪੁਲਿਸ ਕਪਤਾਨ ਡਾ ਸੁਖਚੈਨ ਸਿੰਘ ਗਿੱਲ, ਮੇਅਰ ਨਗਰ ਨਿਗਮ ਬਠਿੰਡਾ ਸ: ਬਲਜੀਤ ਸਿੰਘ ਬੀੜ ਬਹਿਮਣ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਅੱਜ ਸਵੇਰੇ ਮੀਟਿੰਗ ਦੌਰਾਨ ਬਠਿੰਡਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁੱਖ ਤੌਰ ‘ਤੇ ਬਠਿੰਡਾ ਵਿਖੇ ਮਾਨਸਾ ਰੋਡ ‘ਤੇ ਬਣ ਰਹੇ ਰੇਲਵੇ ਅੰਡਰ ਬ੍ਰਿਜ, ਬਾਦਲ ਰੋਡ ‘ਤੇ ਬਣ ਰਹੇ ਰੇਲਵੇ ਓਵਰ ਬ੍ਰਿਜ, ਸਪੋਰਟਸ ਸਕੂਲ, ਰਾਜਿੰਦਰਾ ਕਾਲਜ ਵਿਖੇ ਤਿਆਰ ਹੋ ਰਹੇ ਹਾਕੀ ਐਸਟ੍ਰੋਟਰੱਫ ਮੈਦਾਨ ਤੋਂ ਇਲਾਵਾ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਚੱਲ ਰਹੇ ਵਿਕਾਸ ਕੰਮਾਂ ਅਤੇ ਬਾਬਾ ਫਤਹਿ ਸਿੰਘ ਜੀ ਦੀ ਉਸਾਰੀ ਜਾ ਰਹੀ ਯਾਦਗਾਰ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ  ਕਿ ਇਹ ਸਾਰੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਸ ਤੋਂ ਪਹਿਲਾਂ ਬੀਤੀ ਸ਼ਾਮ ਸ: ਬਾਦਲ ਨੇ ਰੋਜ਼ ਗਾਰਡਨ ਵਿਖੇ ਤਿਆਰ ਕੀਤੇ ਜਾ ਰਹੇ ਜਾਗਿੰਗ ਪਾਰਕ ਦਾ ਮੌਕੇ ‘ਤੇ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਸ੍ਰੀ ਸਰੂਪ ਚੰਦ ਸਿੰਗਲਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਕਮਿਸ਼ਨਰ ਨਗਰ ਨਿਗਮ ਸ੍ਰੀ ਉਮਾ ਸ਼ੰਕਰ ਗੁਪਤਾ, ਐਸ. ਡੀ. ਐਮ. ਬਠਿੰਡਾ ਸ੍ਰੀ ਸੰਦੀਪ ਰਿਸ਼ੀ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸ: ਬਾਦਲ ਦੀ ਬਠਿੰਡਾ ਠਹਿਰ ਸਮੇਂ ਉਨ੍ਹਾਂ ਨੂੰ ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਕੁਝ ਪੰਚਾਇਤਾਂ ਅਤੇ ਆਮ ਲੋਕ ਵੀ ਮਿਲੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦਾ ਸਰਬਪੱਖੀ ਵਿਕਾਸ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਪੰਜ ਸਾਲਾਂ ‘ਚ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਅਰਬਾਂ ਰੁਪਏ ਖਰਚ ਕੀਤੇ ਹਨ ਅਤੇ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਹਨ। Convert

Translate »