ਅੰਮ੍ਰਿਤਸਰ, 6 ਦਸੰਬਰ:’ਅਕਸਰ ਅਦਾਲਤਾਂ ਵੱਲੋਂ ਜਾਰੀ ਕੀਤੇ ਜਾਂਦੇ ਸੰਮਨਾਂ ਨੂੰ ਸਬੰਧਤ ਸਟਾਫ ਸਮੇਂ ਸਿਰ ਸਬੰਧਤ ਵਿਅਕਤੀ ਨੂੰ ਤਮੀਲ ਨਹੀਂ ਕਰਦੇ, ਜਿਸ ਕਾਰਨ ਅਦਾਲਤੀ ਕਾਰਵਾਈ ਲੰਬੀ ਹੋ ਜਾਂਦੀ ਹੈ। ਭਵਿੱਖ ਵਿੱਚ ਜੇਕਰ ਕਿਸੇ ਮੁਲਾਜਮ ਨੇ ਇਸ ਕੰਮ ਵਿੱਚ ਕੁਤਾਹੀ ਕੀਤੀ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੋ’ ਉਕਤ ਚਿਤਾਵਨੀ ਦਿੰਦਿਆਂ ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਐਚ:ਐਸ:ਮਦਾਨ ਕਿਹਾ ਕਿ ਲੋਕਾਂ ਨੂੰ ਇਨਸਾਫ ਦੇਣਾ ਅਦਾਲਤਾਂ ਦਾ ਕੰਮ ਹੈ ਅਤੇ ਇਸ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਅਦਾਲਤਾਂ ਵਿੱਚ ਮੁਲਜਮ ਭੁਗਤਾਉਣ ਵਿੱਚ ਹੁੰਦੀ ਦੇਰੀ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਜੇਲ ਸਟਾਫ ਨੂੰ ਹਦਾਇਤ ਕੀਤੀ ਕਿ ਜੇਲ ਵਿੱਚ ਬੰਦ ਬਿਮਾਰ ਕੈਦੀਆਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸਿਵਲ ਹਸਪਤਾਲ ਵਿੱਚ ਉਪਰਕੋਤ ਕੈਦੀਆਂ ਦੇ ਇਲਾਜ ਲਈ ਵਿਸ਼ੇਸ਼ ਵਾਰਡ ਰਾਖਵਾਂ ਰੱਖਿਆ ਜਾਵੇ ਤਾਂ ਜੋ ਸਾਰੇ ਕੈਦੀਆਂ ਦਾ ਇਲਾਜ ਅਸਾਨੀ ਨਾਲ ਕੀਤਾ ਜਾਵੇ। ਉਨ੍ਹਾਂ ਨੇ ਜੇਲ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦਾ ਵੀ ਖਾਸ ਖਿਆਲ ਰੱਖਣ ਦੀ ਹਦਾਇਤ ਜਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੱਜਾਂ ਦੀ ਸੁਰੱਖਿਆ ਤਰਨਤਾਰਨ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ, ਮੁਫ਼ਤ ਕਾਨੂੰਨੀ ਸੇਵਾ ਅਤੇ ਮੈਗਾ ਲੋਕ ਅਦਾਲਤ ਬਾਰੇ ਵੀ ਹਾਜਰ ਅਧਾਕਰੀਆਂ ਨਾਲ ਵਿਚਾਰ ਚਰਚਾ ਕੀਤੀ।