ਪਟਿਆਲਾ, 6 ਦਸੰਬਰ :ਪਟਿਆਲਾ ਵਿਖੇ ਸਥਿਤ ਪੰਜਾਬ ਹੋਮਗਾਰਡਜ਼ ਦੇ ਮੁੱਖ ਦਫਤਰ ਵਿੱਚ ਪੰਜਾਬ ਹੋਮਗਾਰਡਜ਼ ਦਾ 49ਵਾਂ ਸਥਾਪਨਾ ਦਿਹਾੜਾ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ । ਇਸ ਮੌਕੇ ਪੰਜਾਬ ਹੋਮਗਾਰਡਜ਼ ਦੇ ਡਿਪਟੀ ਕਮਾਂਡੈਂਟ ਜਨਰਲ ਅਤੇ ਸਿਵਲ ਡਿਫੈਂਸ ਪੰਜਾਬ ਦੇ ਡਿਪਟੀ ਡਾਇਰੈਕਟਰ ਸ਼੍ਰੀ ਡੀ.ਐਸ. ਮਹਿਮੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ, ਆਈ.ਜੀ. (ਆਈ.ਆਰ.ਬੀ) ਸ਼੍ਰੀ ਪਰਮਜੀਤ ਸਿੰਘ ਗਰੇਵਾਲ ਅਤੇ ਆਈ.ਜੀ (ਰੇਲਵੇ) ਸ਼੍ਰੀ ਰੋਹਿਤ ਚੌਧਰੀ ਨੇ ਖਾਸ ਤੌਰ ‘ਤੇ ਸ਼ਿਰਕਤ ਕਰਦਿਆਂ ਜਵਾਨਾਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਝੰਡਾ ਲਹਿਰਾਇਆ ਗਿਆ ਅਤੇ ਆਏ ਮਹਿਮਾਨਾਂ ਨੂੰ ਹੋਮਗਾਰਡ ਦੇ ਜਵਾਨਾਂ ਨੇ ਸਲਾਮੀ ਦਿੱਤੀ ।
ਇਸ ਮੌਕੇ ਹੋਮਗਾਰਡ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਹੋਮਗਾਰਡਜ਼ ਦੇ ਡਿਪਟੀ ਕਮਾਂਡੈਂਟ ਜਨਰਲ ਸ਼੍ਰੀ ਮਹਿਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਾਂਗ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਨੂੰ ਵੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਰਾਬਸੀ ਨੇੜੇ ਕਰੀਬ 40 ਏਕੜ ਵਿੱਚ ਬਣਾਏ ਜਾ ਰਹੋ ਆਧੁਨਿਕ ਸਿਖਲਾਈ ਕੇਂਦਰ ਵਿੱਚ ਜਵਾਨਾਂ, ਅਧਿਕਾਰੀਆਂ ਅਤੇ ਸਿਵਲ ਡਿਫੈਂਸ ਦੇ ਅਹੁਦੇਦਾਰਾਂ ਨੂੰ ਆਧੁਨਿਕ ਸਿਖਲਾਈ ਪ੍ਰਾਪਤ ਹੋ ਸਕੇਗੀ । ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੋਮਗਾਰਡ ਦੇ ਜਵਾਨਾਂ ਨੂੰ ਬਣਦੇ ਮਾਣ-ਭੱਤੇ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਅਤੇ ਹੋਮਗਾਰਡ ਦੇ ਜਵਾਨ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹਨ । ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਨ੍ਹਾਂ ਜਵਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਜਿਸ ਕਾਰਨ ਪੰਜਾਬ ਹੋਮਗਾਰਡ ਦੇ ਜਵਾਨਾਂ ਵਿੱਚ ਵੀ ਉਤਸ਼ਾਹ ਨਜ਼ਰ ਆ ਰਿਹਾ ਹੈ । ਇਸ ਮੌਕੇ ਆਈ.ਜੀ ਸ਼੍ਰੀ ਗਰੇਵਾਲ ਨੇ ਵੀ ਹੋਮਗਾਰਡ ਦੇ ਜਵਾਨਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ ਜਦੋਂ ਵੀ ਚੋਣਾਂ ਸਬੰਧੀ ਡਿਊਟੀਆਂ ਲੱਗਦੀਆਂ ਹਨ ਤਾਂ ਹੋਮਗਾਰਡ ਦੇ ਜਵਾਨ ਪੂਰੀ ਮੁਸਤੈਦੀ ਨਾਲ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹਨ । ਇਸ ਦੌਰਾਨ ਆਈ.ਜੀ. ਸ਼੍ਰੀ ਰੋਹਿਤ ਚੌਧਰੀ ਨੇ ਵੀ ਜਵਾਨਾਂ ਦੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਸਰਾਹਿਆ । ਸ਼ੀ੍ਰ ਚੌਧਰੀ ਨੇ ਕਿਹਾ ਕਿ ਅਨੁਸਾਸ਼ਨ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਉਣ ਵਾਲੇ ਹੋਮਗਾਰਡਜ਼ ਦੇ ਜਵਾਨਾਂ ਵੱਲੋਂ ਸਮੇਂ-ਸਮੇਂ ‘ਤੇ ਪੁਲਿਸ-ਪ੍ਰਸਾਸ਼ਨ ਨੂੰ ਦਿੱਤੇ ਜਾਂਦੇ ਸਹਿਯੋਗ ਦੀ ਸ਼ਲਾਘਾ ਕਰਨੀ ਬਣਦੀ ਹੈ । ਇਸ ਮੌਕੇ ਪੰਜਾਬ ਹੋਮਗਾਰਡਜ਼ ਦੇ ਇੱਕ ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਵੱਜੋਂ ਤਿੰਨ ਲੱਖ ਰੁਪਏ ਦਾ ਚੈਕ ਵੀ ਪ੍ਰਦਾਨ ਕੀਤਾ ਗਿਆ ।
ਇਸ ਮੌਕੇ ਪੰਜਾਬ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡੈਂਟ ਸ਼੍ਰੀ ਰਾਏ ਸਿੰਘ ਧਾਲੀਵਾਲ ਅਤੇ ਸਿਵਲ ਡਿਫੈਂਸ ਦੇ ਪ੍ਰਮੁੱਖ ਵਾਰਡਨ ਸ਼੍ਰੀ ਕੇ.ਐਸ. ਸੇਖੋਂ ਨੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ । ਇਸ ਮੌਕੇ ਐਸ.ਡੀ.ਐਮ ਪਟਿਆਲਾ ਸ਼੍ਰੀ ਅਨਿਲ ਗਰਗ, ਸ਼੍ਰੀਮਤੀ ਸੀਮਾ ਸ਼ਰਮਾ, ਸੇਵਾ-ਮੁਕਤ ਕਰਨਲ ਬਿਸ਼ਨਦਾਸ, ਸ਼੍ਰੀ ਭੁਪਿੰਦਰ ਸਿੰਘ ਸੋਹੀ, ਸ਼੍ਰੀ ਆਰ.ਐਸ. ਥਿੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਮਗਾਰਡਜ਼ ਦੇ ਜਵਾਨ, ਸਿਵਲ ਡਿਫੈਂਸ ਦੇ ਡਵੀਜ਼ਨਲ ਵਾਰਡਨ, ਡਿਪਟੀ ਵਾਰਡਨ ਅਤੇ ਹੋਰ ਪਤਵੰਤੇ ਹਾਜ਼ਰ ਸਨ ।