ਪਟਿਆਲਾ: 7 ਦਸੰਬਰ:ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਪਟਿਆਲਾ ਦੀ ਟੀਮ ਨੇ ਚਾਰ ਵਿਅਕਤੀਆਂ ਨੂੰ 20 ਬੋਰੀਆਂ ਭੁੱਕੀ ਚੂਰਾ ਪੋਸਤ ਜੋ ਕਿ 7 ਕੁਇੰਟਲ ਬਣਦਾ ਹੈ, ਸਮੇਤ ਗ੍ਰਿਫਤਾਰ ਕਰ ਲਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਐਸ.ਪੀ. (ਡੀ) ਸ੍ਰ: ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ. (ਡੀ) ਸ੍ਰ: ਮਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸੁਖਮਿੰਦਰ ਸਿੰਘ ਚੌਹਾਨ ਨੇ ਆਪਣੀ ਟੀਮ ਸਮੇਤ ਸਨੌਰ-ਭਾਂਖਰ ਰੋਡ ਤੋਂ ਬੋਲੜ ਵੱਲ ਜਾਣ ਵਾਲੀ ਸੜਕ ਦੇ ਟੀ-ਪੁਆਇੰਟ ‘ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇਸ ਦੌਰਾਨ ਪਿੰਡ ਲਲੀਣਾ ਵਾਲੇ ਪਾਸਿਓਂ ਇੱਕ ਲਾਲ ਰੰਗ ਦਾ ਬਿਨਾਂ ਨੰਬਰੀ ਟਰੈਕਟਰ ਸਵਰਾਜ 855, ਜਿਸ ਦੇ ਪਿਛਲੇ ਪਾਸੇ ਟਰਾਲੀ ਲੱਗੀ ਹੋਈ ਸੀ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ‘ਤੇ ਰੋਕਿਆ । ਸ੍ਰ: ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਟਰੈਕਟਰ ਅਤੇ ਟਰਾਲੀ ਦੀ ਤਲਾਸ਼ੀ ਦੌਰਾਨ ਟਰਾਲੀ ਵਿੱਚੋਂ 20 ਬੋਰੀਆਂ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ।
ਐਸ.ਐਸ.ਪੀ ਸ਼੍ਰੀ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਟਰੈਕਟਰ ‘ਤੇ ਸਵਾਰ ਸਲੀਮ ਪੁੱਤਰ ਜਹਾਂਗੀਰ ਵਾਸੀ ਪਿੰਡ ਰਣਜੀਤਪੁਰਾ ਯਮੁਨਾਨਗਰ ਹਰਿਆਣਾ, ਸਮੀਮ ਪੁੱਤਰ ਜਹਾਂਗੀਰ ਵਾਸੀ ਰਣਜੀਤਪੁਰਾ ਯਮੁਨਾਨਗਰ ਹਰਿਆਣਾ, ਇਰਸ਼ਾਦ ਪੁੱਤਰ ਸਮਸ਼ੇਰ ਵਾਸੀ ਰਣਜੀਤਪੁਰਾ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਅਤੇ ਸ਼ਕੀਲ ਪੁੱਤਰ ਮੀਰਬਾਂਜ ਵਾਸੀ ਸੁਹਾਵੜੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਵਿਰੁੱਧ ਥਾਣਾ ਸਨੌਰ ਪਟਿਆਲਾ ਵਿਖੇ ਨਸ਼ਾ ਰੋਕੂ ਐਕਟ ਦੀ ਧਾਰਾ 15/61/85 ਅਧੀਨ ਮੁਕੱਦਮਾ ਨੰਬਰ 60 ਮਿਤੀ 6/12/2011 ਦਰਜ਼ ਕੀਤਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਚਾਰੋ ਕਥਿਤ ਦੋਸ਼ੀਆਂ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹਨਾਂ ਨੇ ਇਹ ਭੁੱਕੀ ਸਮਸਾਂਦ ਵਾਸੀ ਸੰਦਰ ਨਗਰ ਉਰਫ ਰਾਜਪੁਰ ਥਾਣਾ ਬਿਲਾਸਪੁਰ ਯਮੁਨਾਨਗਰ ਦੇ ਰਾਹੀਂ ਸਹਾਰਨਪੁਰ (ਯੂ.ਪੀ.) ਵਿਖੇ ਭੁੱਕੀ ਵਾਲੇ ਠੇਕੇ ਤੋਂ 21 ਹਜ਼ਾਰ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਲਈ ਸੀ ਅਤੇ ਸਮਸਾਂਦ ਦੀ ਪਛਾਣ ਵਾਲੇ ਇੱਕ ਵਿਅਕਤੀ ਨੂੰ ਇਹ ਬੋਰੀਆਂ 40 ਹਜ਼ਾਰ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਦੇਣੀਆਂ ਸਨ । ਐਸ.ਐਸ.ਪੀ ਨੇ ਦੱਸਿਆ ਕਿ ਬਰਾਮਦ ਭੁੱਕੀ ਚੂਰਾ ਦੀ ਕੀਮਤ ਕਰੀਬ 8 ਲੱਖ ਰੁਪਏ ਬਣਦੀ ਹੈ । ਉਨ੍ਹਾਂ ਦੱਸਿਆ ਕਿ ਸਮਸਾਂਦ ਨੇ ਭੁੱਕੀ ਚੂਰਾ ਦਾ ਚੱਕਰ ਲਾਉਣ ਬਦਲੇ ਇਨ੍ਹਾਂ ਵਿਅਕਤੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇਣੇ ਸਨ । ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।