December 7, 2011 admin

ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਪੰਜਾਬ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸਬ ਡਵੀਜ਼ਨਲ ਕੰਪਲੈਕਸ ਖੋਲੇ ਜਾਣਗੇ -ਸੁਖਬੀਰ ਸਿੰਘ ਬਾਦਲ

*ਉਪ ਮੁੱਖ ਮੰਤਰੀ ਵੱਲੋਂ ਰਾਜਪੁਰਾ ਵਿਖੇ ਮਿੰਨੀ ਸਕੱਤਰੇਤ ਤੇ ਪੰਜਾਬ ਇੰਸਟੀਚਿਊਟ ਆਫ ਤਕਨਾਲੌਜੀ ਦਾ ਉਦਘਾਟਨ
ਰਾਜਪੁਰਾ (ਪਟਿਆਲਾ): 7 ਦਸੰਬਰ : ” ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਕੰਮ ਇੱਕੋ ਛੱਤ ਹੇਠ ਕਰਵਾਉਣ ਲਈ ਰਾਜ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਸਬ ਡਵੀਜ਼ਨਲ ਕੰਪਲੈਕਸ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਆਪਣੇ ਰੋਜਾਨਾਂ ਦੇ ਕੰਮਾਂ ਲਈ ਦਫਤਰਾਂ ਦੇ ਗੇੜ੍ਹੇ ਨਾ ਮਾਰਨੇ ਪੈਣ ਤੇ ਉਹਨਾਂ ਦੇ ਕੰਮ ਸਮੇਂ ਸਿਰ ਹੋ ਸਕਣ। ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜਪੁਰਾ ਵਿਖੇ 5 ਏਕੜ ਰਕਬੇ ਵਿੱਚ ਕਰੀਬ 15 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਬ ਡਵੀਜ਼ਨਲ ਕੰਪਲੈਕਸ (ਮਿੰਨੀ ਸਕੱਤਰੇਤ) ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਰਾਜ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਸਬੰਧਤ ਆਪਣੇ ਕੰਮਾਂ ਲਈ ਦੂਰ ਦੁਰਾਡੇ  ਜਾਣਾ ਪੈਂਦਾ ਸੀ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸ਼ਹਿਰਾਂ ਵਿੱਚ ਮਿੰਨੀ ਸਕੱਤਰੇਤ ਸਥਾਪਤ ਕਰਨ ਦੇ ਨਾਲ-ਨਾਲ ਸਬ ਡਵੀਜ਼ਨ ਪੱਧਰ ‘ਤੇ ਵੀ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਹੈ । ਇਸ ਤੋਂ ਪਹਿਲਾਂ ਸ੍ਰ: ਬਾਦਲ ਨੇ ਰਾਜਪੁਰਾ ਵਿਖੇ ਕਰੀਬ 13 ਏਕੜ ਰਕਬੇ ਵਿੱਚ 33 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਪੰਜਾਬ ਇੰਸਟੀਚਿਊਟ ਆਫ ਟੈਕਨੋਲੌਜੀ ਦਾ ਉਦਘਾਟਨ ਵੀ ਕੀਤਾ । ਸ੍ਰ: ਬਾਦਲ ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ ਪਹਿਲੇ ਫੇਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਿਸ ‘ਤੇ ਕਰੀਬ 8 ਕਰੋੜ 32 ਲੱਖ ਰੁਪਏ ਦਾ ਖਰਚਾ ਆਇਆ ਹੈ।
         ਇਸ ਉਪਰੰਤ ਸ੍ਰ: ਬਾਦਲ ਨੇ ਰਾਜਪੁਰਾ ਵਿਖੇ ਸਬ ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਦੱਸਿਆ ਕਿ ਇਸ ਕੰਪਲੈਕਸ ਦੇ ਪੂਰੇ ਹੋਣ ਨਾਲ ਲੋਕਾਂ ਨੂੰ ਹੁਣ ਆਪਣੇ ਰੋਜ਼ਾਨਾਂ ਦੇ ਕੰਮਾਂ ਲਈ ਬਾਹਰ ਨਹੀਂ ਜਾਣਾ ਪਵੇਗਾ ਅਤੇ ਉਹਨਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇੱਕੋ ਛੱਤ ਹੇਠ ਅਤੇ ਸਮੇਂ ਸਿਰ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਤਿੰਨ ਮੰਜਿਲਾ ਇਸ ਇਮਾਰਤ ਵਿੱਚ ਲੋਕਾਂ ਨਾਲ ਸਬੰਧ ਰੱਖਣ ਵਾਲੇ ਸਾਰੇ ਸਰਕਾਰੀ ਵਿਭਾਗਾਂ ਦੇ ਦਫਤਰ ਖੋਲ੍ਹੇ ਗਏ ਹਨ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਦਫਤਰਾਂ ਦੀ ਕਾਰਜ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ ਅਤੇ ਰਾਜ ਵਿੱਚ ਲਾਗੂ ਕੀਤਾ ਗਿਆ ਸੇਵਾ ਦਾ ਅਧਿਕਾਰ ਕਾਨੂੰਨ ਵੀ ਸਰਕਾਰ ਦੀ ਲੋਕ ਹਮਾਇਤੀ ਸੋਚ ਦਾ ਨਤੀਜ਼ਾ ਹੈ। ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਲਈ ਵੀ ਕਈ ਉਸਾਰੂ ਭਲਾਈ ਸਕੀਮਾਂ ਚਲਾ ਕੇ ਸਰਕਾਰ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ।  ਉਨ੍ਹਾਂ ਕਿਹਾ ਕਿ ਰਾਜ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਨੂੰ ਵੇਖ ਕੇ ਵਿਰੋਧੀ ਬੋਖਲਾ ਗਏ ਹਨ।
         ਸ੍ਰ: ਬਾਦਲ ਨੇ ਪੰਜਾਬ ਇੰਸਟੀਚਿਊਟ ਆਫ ਤਕਨਾਲੌਜੀ ਨੂੰ ਵਿਦਿਆਰਥੀਆਂ ਲਈ ਵੱਡਾ ਵਿਦਿਅਕ ਸਰੋਤ ਕਰਾਰ ਦਿੰਦਿਆਂ ਕਿਹਾ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਤਕਨੀਕੀ ਸਿੱਖਿਆ ਦੇ ਪਸਾਰ ਨਾਲ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਜਿਹੇ ਵਿਦਿਅਕ ਅਦਾਰੇ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਅਤੇ ਇਸ ਸੰਸਥਾ ਦੇ ਖੁਲਣ ਨਾਲ ਰਾਜਪੁਰਾ ਅਤੇ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੱਡਾ  ਲਾਭ ਪੁੱਜੇਗਾ । ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕੁੱਲ 20 ਪੰਜਾਬ ਇੰਸਟੀਚਿਊਟ ਆਫ ਤਕਨਾਲੌਜੀ ਖੋਲੇ ਜਾ ਰਹੇ ਹਨ, ਜਿੱਥੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਦੀ ਉਚੇਰੀ ਪੜਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਵਿਸ਼ੇ ਕਿੱਤਾ-ਮੁਖੀ ਅਤੇ ਉਦਯੋਗ ਦੀ ਜਰੂਰਤ ਦੇ ਮੁਤਾਬਿਕ ਪੜਾਏ ਜਾਣਗੇ।

         ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਸ਼੍ਰੀ ਰਾਜ ਖੁਰਾਣਾ, ਸੀਨੀਅਰ ਅਕਾਲੀ ਆਗੂ ਸ੍ਰ: ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਨਗਰ ਸੁਧਾਰ ਟਰਸਟ ਰਾਜਪੁਰਾ ਦੇ ਚੇਅਰਮੈਨ ਡਾ: ਨੰਦ ਲਾਲ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਛਾਬੜਾ, ਭਾਜਪਾ ਦਿਹਾਤੀ ਦੇ ਪ੍ਰਧਾਨ ਸ਼੍ਰੀ ਰਮੇਸ਼ਵਰ ਸ਼ਰਮਾ, ਭਾਜਪਾ ਮੰਡਲ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਸ਼ਾਂਤੀ ਸਪਰਾ, ਦਿਹਾਤੀ ਦੇ ਪ੍ਰਧਾਨ ਸ਼੍ਰੀ ਰਾਮ ਸਿੰਘ ਮਿਰਜਾਪੁਰ, ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਸ੍ਰ: ਜਸਵਿੰਦਰ ਸਿੰਘ ਜੱਸੀ, ਨਗਰ ਕੌਂਸਲ ਬਨੂੜ ਦੇ ਪ੍ਰਧਾਨ ਸ਼੍ਰੀ ਹਰਬੰਸ ਲਾਲ, ਕੇਂਦਰੀ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੇ ਪ੍ਰਧਾਨ ਸ੍ਰ: ਅਬਰਿੰਦਰ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ ਰਾਜਪੁਰਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਟੋਡਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ: ਜੋਗਿੰਦਰ ਸਿੰਘ ਬੇਦੀ, ਸਰਕਲ ਪ੍ਰਧਾਨ ਸ਼੍ਰੀ ਸਾਧੂ ਸਿੰਘ ਖਲੋਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੱਖ ਸਕੱਤਰ ਸ਼੍ਰੀ ਸੁਰੇਸ਼ ਕੁਮਾਰ, ਡਾਇਰੈਕਟਰ ਸ਼੍ਰੀਮਤੀ ਊਸ਼ਾ ਸ਼ਰਮਾ, ਵਧੀਕ ਡਾਇਰੈਕਟਰ ਸ੍ਰ: ਮੋਹਨਬੀਰ ਸਿੰਘ, ਆਈ.ਜੀ. ਪਟਿਆਲਾ ਜੋਨ ਸ਼੍ਰੀ ਸ਼ਾਮ ਲਾਲ ਗੱਖੜ, ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ, ਡੀ.ਆਈ.ਜੀ. ਸ਼੍ਰੀ ਐਲ.ਕੇ. ਯਾਦਵ, ਐਸ.ਐਸ.ਪੀ. ਸ੍ਰ: ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮ. ਰਾਜਪੁਰਾ ਸ਼੍ਰੀ ਜੇ.ਕੇ. ਜੈਨ, ਪੀ.ਟੀ.ਯੂ. ਦੇ ਉਪ ਕੁਲਪਤੀ ਡਾ: ਰਜਨੀਸ਼ ਅਰੋੜਾ, ਰਜਿਸਟਰਾਰ ਡਾ: ਐਚ.ਐਸ. ਬੈਂਸ, ਡੀਨ ਵਿਕਾਸ ਡਾ: ਨਛੱਤਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਸ਼੍ਰੀ ਐਸ.ਪੀ. ਸਿੰਘ ਸਮਰਾ, ਕਾਰਜਕਾਰੀ ਇੰਜਨੀਅਰ ਸ੍ਰ: ਜੋਰਾਵਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ, ਸੰਸਥਾ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਪਤਵੰਤੇ ਵੀ ਹਾਜ਼ਰ ਸਨ।

Translate »