48 ਘੰਟੇ ਲਈ ਪੰਜਾਬ ਵਿੱਚ ਸਿੱਖਿਆ ਬੰਦ ਪੰਜਾਬ ਸਰਕਾਰ ਦੀ ਨਾ-ਕਾਮਯਾਬੀ -ਪ੍ਰੋ.ਸੇਖੋਂ
ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ 48 ਘੰਟੇ ਲਈ ਸਿੱਖਿਆ ਬੰਦ ਕਰਕੇ ਧਰਨੇ ਅਤੇ ਰੈਲੀਆਂ ਪ੍ਰੋਗਰਾਮ ਅਧੀਨ ਅੱਜ ਇੱਕ ਭਾਰੀ ਰੈਲੀ ਕੀਤੀ ਗਈ| ਜਿਸ ਵਿੱਚ ਕਾਲਜ ਦੇ ਸਾਰੇ ਅਧਿਆਪਕ ਅਤੇ ਗੈਰ-ਅਧਿਆਪਕ ਅਮਲੇ ਨੇ ਹਿੱਸਾ ਲਿਆ| ਏਥੇ ਇਹ ਦੱਸ ਦੇਣਾ ਜਰੂਰੀ ਹੈ ਕਿ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਕੱਲ੍ਹ ਮਿਤੀ 07-12-2011 ਨੂੰ ਚੰਡੀਗੜ੍ਹ ਵਿੱਚ ਇੱਕ ਪੰਜਾਬ ਪੱਧਰ ਦੀ ਪ੍ਰਭਾਵਸਾਲੀ ਰੈਲੀ ਕੀਤੀ ਗਈ ਅਤੇ ਰੈਲੀ ਉਪਰੰਤ 12 ਅਧਿਆਪਕ ਅਤੇ 12 ਹੀ ਨਾਨ-ਟੀਚਿੰਗ ਅਮਲੇ ਨਾਲ ਸਬੰਧਤ ਮੈਬਰਾਂ ਨੇ ਗ੍ਰਿਫਤਾਰੀਆਂ ਦਿੱਤੀਆ| ਏਸੇ ਸਮੇਂ ਜੁਆਇੰਟ ਐਕਸਨ ਕਮੇਟੀ ਵੱਲੋਂ 48 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਗਿਆ|
ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ:ਕੇ.ਐਨ ਕੌਲ ਨੇ ਸਰਕਾਰ ਦੇ ਉੱਚ ਸਿੱਖਿਆ ਵਿਰੋਧੀ ਵਤੀਰੇ ਦੀ ਨਿੰਦਿਆ ਕੀਤੀ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਕਾਲਜਾਂ ਨਾਲ ਸਬੰਧਤ ਸਾਰੀਆ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰਕੇ ਵਿਦਿਆਰਥੀਆਂ ਦੀ ਸਿੱਖਿਆ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾਵੇ|
ਅੰਮ੍ਰਿਤਸਰ ਜਿਲ੍ਹੇ ਦੇ ਜਿਲ੍ਹਾ ਇਕਾਈ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਚੰਡੀਗੜ੍ਹ ਵਿਖੇ ਹੋਈ ਭਾਰੀ ਰੈਲੀ ਤੋ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਦੀਆ ਮੰਗਾਂ ਨੂੰ ਪੰਜਾਬ ਸਰਕਾਰ ਨੇ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਸਦਾ ਨਤੀਜਾ ਉਹਨਾਂ ਵਾਸਤੇ ਬੁਰਾ ਹੋ ਸਕਦਾ ਹੈ| ਉਹਨਾਂ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਵਿੱਚ ਡੀ.ਏ.ਵੀ ਕਾਲਜ ਦੇ ਦੋ ਅਧਿਆਪਕ ਪ੍ਰੋ. ਹਰਪਾਲ ਸਿੰਘ ਵਾਲੀਆ ਅਤੇ ਪ੍ਰੋ. ਬੀ.ਬੀ.ਯਾਦਵ ਨੇ ਗ੍ਰਿਫਤਾਰੀ ਦਿੱਤੀ ਅਤੇ ਨਾਨ-ਟੀਚਿੰਗ ਵੱਲੋਂ ਏਸੇ ਕਾਲਜ ਦੇ ਰਾਜੀਵ ਸਰਮਾ ਅਤੇ ਰਾਜੇਸ ਕੁਮਾਰ ਵੀ ਗ੍ਰਿਫਤਾਰੀ ਦਿੱਤੀ| ਉਹਨਾਂ ਨੇ ਕਿਹਾ ਕਿ ਭਾਵੇਂ ਸਰਕਾਰ ਨੂੰ ਦੇਰ ਰਾਤ ਸਾਰੇ ਮੈਬਰਾਂ ਨੂੰ ਰਿਹਾਅ ਕਰ ਦਿੱਤਾ , ਪ੍ਰੰਤੂ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਦੋ ਦਿਨਾਂ ਦਾ ਪੰਜਾਬ ਵਿੱਚ ਪੂਰਨ ਬੰਦ ਰੱਖਿਆ ਜਾਵੇਗਾ ਅਤੇ ਸੋਮਵਾਰ ਤਂੋ ਡੀ.ਸੀ ਆਫਿਸ ਜਲੰਧਰ ਵਿਖੇ ਲਗਾਤਾਰ ਭੁੱਖ ਹੜਤਾਲ ਦਾ ਸਿਲਸਲਾ ਸੁਰੂ ਕੀਤਾ ਜਾਵੇਗਾ| ਪ੍ਰੋ.ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੰਦੇ ਨਜਰ ਰੱਖਦੇ ਹੋਏ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਪੇਪਰਾਂ ਦਾ ਬਾਈਕਾਟ ਨਹੀਂ ਕੀਤਾ ਗਿਆ, ਪ੍ਰੰਤੂ ਜੇਕਰ ਸਰਕਾਰ ਦਾ ਰਵੱਈਆ ਏਸੇ ਤਰ੍ਹਾਂ ਰਿਹਾ ਤਾਂ ਜਥੇਬੰਦੀ ਨੂੰ ਸਘੰਰਸ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ| ਇਸ ਦੌਰਾਨ ਰਾਜ ਵਿੱਚ ਵਿਗੜਦੇ ਮਾਹੌਲ ਪੰਜਾਬ ਸਰਕਾਰ ਜੁੰਮੇਵਾਰ ਹੋਵੇਗੀ| ਉਹਨਾਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪੰਜਾਬ ਦੇ ਗੈਰ-ਸਰਕਾਰੀ ਕਾਲਜਾਂ ਦੀਆਂ ਵਾਜਬ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰੇ ਤਾਂ ਜੋ ਸੂਬੇ ਵਿੱਚ ਇੱਕ ਸਾਰਥਿਕ ਮਾਹੌਲ ਵਿਕਸਿਤ ਹੋ ਸਕੇ|
ਪ੍ਰੋ.ਸੇਖੋਂ ਨੇ ਕਿਹਾ ਕਿ ਅੱਜ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਪੂਰਨ ਤੌਰ ਤੇ ਬੰਦ ਰਹੇ ਅਤੇ ਕਾਲਜਾਂ ਵਿੱਚ ਰੋਸ ਰੈਲੀਆ ਅਤੇ ਧਰਨੇ ਦਿੱਤੇ ਗਏ| ਜਿਲ੍ਹੇ ਦੇ ਬਾਕੀ ਕਾਲਜ ਜਿੰਨ੍ਹਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ, ਡੀ.ਏ.ਵੀ ਕਾਲਜ ਆਫ ਐਜੂਕੇਸਨ, ਖਾਲਸਾ ਕਾਲਜ ਅੰਮ੍ਰਿਤਸਰ, ਖਾਲਸਾ ਕਾਲਜ ਫਾਰ ਵੂਮੈਨ, ਸਹਿਯਾਦਾ ਨੰਦ ਕਾਲਜ ਅਤੇ ਹਿੰਦੂ ਸਭਾ ਕਾਲਜ ਪੂਰਨ ਬੰਦ ਰਹੇ ਅਤੇ ਅਧਿਆਪਕ ਤੇ ਗੈਰ – ਅਧਿਆਪਕ ਅਮਲੇ ਨੇ ਕਾਲਜਾਂ ਵਿੱਚ ਧਰਨੇ ਦਿੱਤੇ , ਉਹਨਾਂ ਕਿਹਾ ਕਿ ਕੱਲ੍ਹ ਵੀ ਮਿਤੀ 09-12-2011 ਨੂੰ ਸਾਰੇ ਕਾਲਜਾਂ ਵਿੱਚ ਸਿੱਖਿਆ ਬੰਦ ਰਹੇਗੀ ਅਤੇ ਧਰਨੇ ਦਿੱਤੇ ਜਾਣਗੇ| ਡੀ.ਏ.ਕਾਲਜ ਅੰਮ੍ਰਿਤਸਰ ਵਿੱਚ ਪ੍ਰੋ.ਸੇਖੋਂ ਤੋ ਇਲਾਵਾ ਨਾਨ-ਟੀਚਿੰਗ ਦੇ ਮੈਂਬਰ ਸ੍ਰੀ ਰਾਕੇਸ ਕੁਮਾਰ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ|