December 8, 2011 admin

ਸ਼ਹਿਰ ਦੀਆਂ ਪਾਰਕਾਂ ਨੂੰ ਖੂਬਸੂਰਤ ਬਨਾਉਣ ਲਈ 5 ਕਰੋੜ ਰੁਪਏ ਖਰਚ ਕੀਤੇ ਜਾਣਗੇ — ਹੀਰਾ ਸਿੰਘ ਗਾਬੜੀਆ

ਰੱਖ ਬਾਗ ਅਤੇ ਘੰਟਾ ਘਰ ਦੇ ਕੀਤੇ ਗਏ ਨਵੀਨੀਕਰਨ ਦਾ ਉਦਘਾਟਨ।
ਲੁਧਿਆਣਾ 8 ਦਸੰਬਰ: ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਸੈਰ-ਗਾਹ ਦੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਵੱਡੀਆਂ ਪਾਰਕਾਂ ਅਤੇ ਘੰਟਾ ਘਰ ਦੇ ਨਵੀਨੀਕਰਨ ਤੇ 5 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ੍ਹਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਨੇ ਅੱਜ ਪ੍ਰਤਾਪ ਨਗਰ ਵਿਖੇ ਸਤਿਗੁਰੂ ਰਾਮ ਸਿੰਘ ਮਿਨੀ ਰੋਜ਼ ਗਾਰਡਨ ਦੇ ਕੀਤੇ ਜਾ ਰਹੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ। ਇਸ ਤੋਂ ਇਲਾਵਾ ਸ. ਗਾਬੜੀਆ ਨੇ ਰੱਖ ਬਾਗ ਅਤੇ ਘੰਟਾ ਘਰ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਅਤੇ ਰੋਜ਼ ਗਾਰਡਨ ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਵਿਖੇ ਸੁਖਮਨੀ ਮਿਨੀ ਰੋਜ਼ ਗਾਰਡਨ ਦੇ ਨਵੀਨੀਕਰਨ ਦਾ ਨੀਂਹ ਪੱਥਰ ਵੀ ਰੱਖਿਆ।
ਸ. ਗਾਬੜੀਆ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀ ਸੁਖ-ਸੁਵਿਧਾ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਭਦ ਕਰਵਾਉਣ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਪ੍ਰੋਜੈਕਟਾਂ ਲਈ 3 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 2.42 ਕਰੋੜ ਰੁਪਏ ਰੀਲੀਜ਼ ਕੀਤੇ ਜਾ ਚੁੱਕੇ ਹਨ ਅਤੇ 2 ਕਰੋੜ ਰੁਪਏ ਦੀ ਮਨਜ਼ੂਰੀ ਜਲਦੀ ਹੋ ਜਾਵੇਗੀ। ਉਹਨਾਂ ਕਿਹਾ ਕਿ ਪਾਰਕਾਂ ਦੇ ਸੁੰਦਰੀਕਰਨ ਕਰਨ ਨਾਲ ਜਿੱਥੇ ਬੱਚਿਆਂ ਨੂੰ ਖੇਡਣ ਦੀ ਸਹੂਲਤ ਮਿਲੇਗੀ, ਉੱਥੇ ਬਜ਼ੁਰਗਾਂ ਅਤੇ ਆਮ ਜਨਤਾ ਨੂੰ ਸੈਰ ਕਰਨ ਲਈ ਅਵਸਰ ਪ੍ਰਦਾਨ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਪਾਰਕਾਂ ਵਿੱਚ ਵੰਨ-ਸੁਵੰਨੇ ਬੂਟੇ ਲਗਾਏ ਜਾਣਗੇ, ਜਂੋ ਕਿ ਇਹਨਾਂ ਪਾਰਕਾਂ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣਗੇ। ਉਹਨਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਮਿਨੀ ਰੋਜ਼ ਗਾਰਡਨ ਦੇ ਨਵੀਨੀਕਰਨ ਵਿੱਚ ਨਾਮਧਾਰੀ ਦਰਬਾਰ ਦੇ ਸਿੰਘਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਇਹਨਾਂ ਪਾਰਕਾਂ ਦੀ ਸਾਂਭ-ਸੰਭਾਲ ਅਤੇ ਸਫ਼ਾਈ ਵੱਲ ਵਿਸ਼ੇਸ ਧਿਆਨ ਦੇਣ।
ਸ. ਗਾਬੜੀਆ ਨੇ ਦੱਸਿਆ ਕਿ ਰੱਖ ਬਾਗ ਵਿਖੇ ਲਾਈਟਾਂ, ਪਾਥ-ਵੇਅ, ਤੁਪਕਾ-ਫੁਆਰੇ ਆਦਿ ਤੇ 44 ਲੱਖ ਰੁਪਏ ਅਤੇ ਘੰਟਾ-ਘਰ ਦੇ ਨਵੀਨੀਕਰਨ ਤੇ 10 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਰੋਜ਼ ਗਾਰਡਨ ਵਿਖੇ ਐਟਰੀ ਗੇਟ ਤੇ ਹੋਰ ਨਵੀਨੀਕਰਨ ਤੇ 45 ਲੱਖ ਰੁਪਏ, ਸਤਿਗੁਰੂ ਰਾਮ ਸਿੰਘ ਮਿਨੀ ਰੋਜ਼ ਗਾਰਡਨ ਦੇ ਨਵੀਨੀਕਰਨ ਤੇ 40 ਲੱਖ ਰੁਪਏ ਅਤੇ ਸੁਖਮਨੀ ਮਿਨੀ ਰੋਜ਼ ਗਾਰਡਨ ਦੇ ਨਵੀਨੀਕਰਨ ਤੇ 67 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਹਰਭਜਨ ਸਿੰਘ, ਸੁਖਵਿੰਦਰਪਾਲ ਸਿੰਘ ਗਰਚਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸਵਰਨ ਸਿੰਘ ਮਾਹੋਲੀ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫ਼ੈਕਚਰਰਜ਼ ਐਸੋਸੀਏਸ਼ਨ, ਸੁਖਦੇਵ ਸਿੰਘ ਮੰਡੇਰ, ਹਰਪ੍ਰੀਤ ਸਿੰਘ ਬੇਦੀ, ਸੋਹਣ ਸਿੰਘ ਗੋਗਾ, ਪਰਵਿੰਦਰਸਿੰਘ ਸੋਹਲ, ਹਰਮੋਹਨ ਸਿੰਘ ਗੁੱਡੂ, ਕੁਲਦੀਪ ਸਿੰਘ ਖਾਲਸਾ, ਤਰਲੋਚਨ ਸਿੰਘ ਮਠਾੜੂ, ਕ੍ਰਿਪਾਲ ਸਿੰਘ ਸੰਧੂ, ਜਗਮੋਹਨ ਸਿੰਘ, ਮਨਜੀਤ ਸਿੰਘ, ਗੁਰਮੁਖ ਸਿੰਘ, ਂਜਸਵੀਰ ਸਿੰਘ, ਕਾਂਗਰਸੀ ਆਗੂ ਪਰਮਿੰਦਰ ਮਹਿਤਾ ਅਤੇ ਅਮਰਜੀਤ ਸਿੰਘ ਸੇਖੋਂ ਜਾਇੰਟ ਕਮਿਸ਼ਨਰ ਨਗਰ ਨਿਗਮ ਵੀ ਮੌਜੂਦ ਸਨ।

Translate »