December 8, 2011 admin

ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਮੰਡੀ ਗੋਬਿੰਦਗੜ੍ਹ ਵਿਖੇ ‘ਗਰਾਮ ਸੁਵਿਧਾ ਕੇਂਦਰ’ ਖੋਲ੍ਹਣ ਸਬੰਧੀ ਜਾਗਰੂਕਤਾ ਕੈਂਪ ਦਾ ਉਦਘਾਟਨ ਕੀਤਾ

ਫਤਹਿਗੜ੍ਹ ਸਾਹਿਬ 8 ਦਸੰਬਰ  : ਪੰਜਾਬ ਸਰਕਾਰ ਦਾ ਇਹ ਦ੍ਰਿੜ  ਇਰਾਦਾ ਹੈ ਕਿ ਪਿੰਡਾਂ ਦੇ ਆਮ ਲੋਕਾਂ ਨੂੰ ਸਥਾਨਕ ਪੱਧਰ ਤੇ ਹੀ ਸਾਰੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਰੋਜ਼ਮਰਾ ਦੀਆਂ ਆਮ ਸੇਵਾਵਾਂ ਉਪਲਬਧ ਕਰਵਾਈਆਂ ਜਾਣ।   ਰਾਸ਼ਟਰੀ ਈ ਗਵਰਨੈਂਸ ਪ੍ਰੋਗਰਾਮ ਅਧੀਨ ਪਿੰਡਾਂ ਦੇ ਆਮ ਨਾਗਰਿਕਾਂ  ਨੂੰ ਆਧੁਨਿਕ ਸੂਚਨਾ ਤਕਨੀਕ ਨਾਲ ਜੋੜਨ  ਲਈ  ‘ ਬੇਸਿਕਸ ‘ ਸੰਸਥਾ ਵੱਲੋ  ਜੋ ਜ਼ਿਲ੍ਹੇ ਵਿੱਚ 74 ‘ਗਰਾਮ ਸੁਵਿਧਾ ਕੇਂਦਰ ‘ ਖੋਲ੍ਹਣ ਦਾ ਜੋ ਉਪਰਾਲਾ ਕੀਤਾ ਹੈ , ਉਹ  ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ  ਮੰਡੀ ਗੋਬਿੰਦਗੜ੍ਹ ਵਿਖੇ  ‘ ਬੇਸਿਕਸ ‘ਸੰਸਥਾ ਵੱਲੋਂ  ਸਪਤਾਹਿਕ ਜਾਗਰੂਕਤਾ ਅਭਿਆਨ ਅਧੀਨ ਪਿੰਡਾਂ ਵਿੱਚ ਗਰਾਮ ਸੁਵਿਧਾ ਕੇਂਦਰਾਂ ਰਾਹੀਂ ਉਪਲਬਧ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਲਗਾਏ ਗਏ ਜਾਗਰੂਕਤਾ ਕੈਂਪ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੁਵਿਧਾ ਕੇਂਦਰਾਂ ਤੋਂ ਜ਼ਿਲ੍ਹੇ ਦੇ ਆਮ ਨਾਗਰਿਕ ਖੇਤੀਬਾੜੀ ,  ਜਮੀਨਾਂ ਸਬੰਧੀ ਰਿਕਾਰਡ,  ਵਹੀਕਲ ਰਜਿਸਟਰੇਸ਼ਨ ,  ਸਰਕਾਰੀ ਸਕੀਮਾਂ ਬਾਰੇ ਸਰਟੀਫਿਕੇਟ ਜਾਰੀ ਕਰਨੇ, ਰਾਸ਼ਨ ਕਾਰਡ, ਬਿਜਲੀ ਸਬੰਧੀ ਸੇਵਾਵਾਂ, ਪੈਨਸ਼ਨ ਸਕੀਮਾਂ,  ਰੋਜਗਾਰ ਸਬੰਧੀ  ਆਦਿ ਹੋਰ  ਆਧੁਨਿਕ ਤਕਨਾਲੋਜੀ ਦੀ ਜਾਣਕਾਰੀ ਦੇ ਨਾਲ ਨਾਲ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ  ਲੋਕ ਭਲਾਈ ਦੀਆਂ ਸਕੀਮਾਂ  ਦੀ ਵੀ ਜਾਣਕਾਰੀ ਹਾਸਲ ਕਰ ਸਕਣਗੇ ।
               ਡਿਪਟੀ ਕਮਿਸ਼ਨਰ ਨੇ ਬੇਸਿਕਸ ਸੰਸਥਾ ਦੇ ਪ੍ਰਤੀਨਿਧਾਂ ਨੂੰ ਕਿਹਾ ਕਿ ਉਹ ਹੋਰ ਸੇਵਾਵਾਂ ਦੇ ਨਾਲ ਨਾਲ ਪਿੰਡਾਂ ਦੇ ਆਮ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਸੁਵਿਧਾ ਕਂੇਦਰਾਂ ਅਤੇ ਸੇਵਾ ਅਧਿਕਾਰ ਕਾਨੂੰਨ ਅਧੀਨ ਦਿੱਤੀਆਂ ਜਾਂਦੀਆਂ 67 ਸੇਵਾਵਾਂ ਵੀ ਇਨ੍ਹਾਂ ਗਰਾਮ ਸੁਵਿਧਾ ਕੇਂਦਰਾਂ ਤੇ ਉਪਲਬਧ ਕਰਵਾਈਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਆਪਣੇ ਰੋਜ਼ਮਰਾ ਦੇ ਕੰਮ ਕਰਵਾਉਣ ਲਈ ਖੱਜਲ ਖੁਆਰ ਨਾ ਹੋਣਾ ਪਵੇ। ਉਨ੍ਹਾਂ ਆਖਿਆ ਕਿ ਇਨ੍ਹਾਂ ਕੇਂਦਰਾਂ ਦੇ ਖੁਲ੍ਹਣ ਨਾਲ ਜਿੱਥੇ ਆਮ ਲੋਕਾਂ ਦੇ ਕੀਮਤੀ ਸਮੇਂ ਅਤੇ ਧੰਨ ਦੀ ਬੱਚਤ ਹੋਵੇਗੀ,ਉੱਥੇ ਉਨ੍ਹਾਂ ਨੂੰ ਆਸਾਨੀ ਨਾਲ ਆਪਣੇ ਸਰਕਾਰੀ ਦਫਤਰਾਂ ਨਾਲ ਸਬੰਧਤ ਕੰਮ ਕਰਵਾਉਣ ਲਈ ਘਰਾਂ ਦੇ ਨਜਦੀਕ ਹੀ ਸੁਵਿਧਾ ਉਪਲਬਧ ਹੋ ਜਾਵੇਗੀ। ਇਸ ਤੋਂ ਇਲਾਵਾ ਸਰਕਾਰੀ ਦਫਤਰਾਂ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਵੀ ਵਧੇਗੀ ਅਤੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ।
                       ‘ ਬੇਸਿਕਸ ‘ਸੰਸਥਾ ਦੇ ਪ੍ਰਤੀਨਿਧ ਸ੍ਰੀ ਰਾਜੀਵ ਕੁਮਾਰ ਮਿਸ਼ਰਾ ਨੇ ਦੱਸਿਆ ਕਿ  ਇਹ ਸੰਸਥਾ ਭਾਰਤ ਦੇ 18 ਰਾਜਾਂ ਵਿੱਚ ਅਜਿਹੇ ਗਰਾਮ ਸੁਵਿਧਾ ਕੇਂਦਰ ਖੋਲ੍ਹ ਕੇ ਪਿੰਡਾਂ ਦੇ ਆਮ ਲੋਕਾਂ ਨੂੰ  ਨਵੇ  ਪੈਨ ਕਾਰਡ ਬਣਾਉਣ ,ਸਿਹਤ ਅਤੇ ਦੁਰਘਟਨਾਵਾਂ ਸਬੰਧੀ ਮਾਇਕਰੋ ਇੰਸੋਰੋਂਸ, ਖੇਤੀਬਾੜੀ ਨਾਲ ਸਬੰਧਤ ਸੇਵਾਵਾਂ, ਡੇਅਰੀ , ਬੇਸਿਕ ਕੰਪਿਊਟਰ ਸਿੱਖਿਆ , ਮੋਬਾਇਲ ਅਤੇ ਡੀ.ਟੀ.ਐਚ ਦੇ ਰੀਚਾਰਜ ਆਦਿ ਦੀਆਂ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ  ਸੰਸਥਾਂ ਵੱਲੋਂ ਭਵਿੱਖ ‘ਚ ਬਿਜਲੀ-ਪਾਣੀ ਦੇ ਬਿਲ ਜਮ੍ਹਾਂ ਕਰਵਾਉਣ,ਕਿੱਤਾਮੁੱਖੀ ਕੋਰਸ, ਟੈਲੀ ਸਿਹਤ ਸੇਵਾਵਾਂ, ਮੌਸਮ ਦੀ ਜਾਣਕਾਰੀ ਦੇਣ ਸਬੰਧੀ ਸੇਵਾਵਾਂ ਇਨ੍ਹਾਂ ਕੇਂਦਰਾਂ ਤੋਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 48 ਗਰਾਮ ਸੁਵਿਧਾ ਕੇਂਦਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ ਅਤੇ ਜਲਦੀ ਹੀ ਬਾਕੀ ਸੁਵਿਧਾ ਕੇਂਦਰ ਵੀ ਖੋਲ੍ਹੇ ਜਾਣਗੇ।

Translate »