December 8, 2011 admin

ਅਕਾਲੀ-ਭਾਜਪਾ ਗੱਠਜੋੜ ਚੋਣਾਂ ‘ਚ ਇਤਿਹਾਸ ਸਿਰਜੇਗਾ: ਬਾਦਲ

ਜਾਮ ਲਗਾ ਕੇ ਬੈਠੇ ਕਿਸਾਨਾਂ ਨੂੰ ਦਿੱਤਾ ਗੱਲਬਾਤ ਦਾ ਸੱਦਾ
ਤਰਨਤਾਰਨ, 8 ਦਸੰਬਰ-“ਪੰਜਾਬ ਵਿਚ ਕੀਤੇ ਗਏ ਵਿਕਾਸ ਦੇ ਕੰਮਾਂ, ਕਾਇਮ ਕੀਤੀ ਗਈ ਭਾਈਚਾਰਕ ਸਾਂਝ, ਦਿੱਤੇ ਗਏ ਰੋਜ਼ਗਾਰ ਅਤੇ ਸਮਾਜ ਭਲਾਈ ਦੀਆਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਕਾਰਨ ਇਸ ਵਾਰ ਅਕਾਲੀ-ਭਾਜਪਾ ਗਠਜੋੜ ਚੋਣਾਂ ਵਿਚ ਇਤਿਹਾਸ ਸਿਰਜਕੇ ਦੁਬਾਰਾ ਸਰਕਾਰ ਕਾਇਮ ਕਰੇਗਾ”।
ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਹਲਕਾ ਖੇਮਕਰਨ ਦੇ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਕਾਂਗਰਸ ਨੇ ਮੁਗਲਾਂ ਅਤੇ ਅੰਗ੍ਰੇਜਾਂ ਨਾਲੋਂ ਵੀ ਵੱਧ ਨੁਕਸਾਨ ਪੰਜਾਬ ਦਾ ਕੀਤਾ ਹੈ। ਕਾਂਗਰਸ ਨੇ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਅ ਲਾਈ ਉੱਥੇ ਪੰਜਾਬੀਆਂ ਦੀ ਆਨ ਅਤੇ ਸ਼ਾਨ ‘ਤੇ ਵੱਡਾ ਹਮਲਾ ਕੀਤਾ। ਉਨ•ਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਜਿਸ ਸੰਕਟ ਵਿਚ ਘਿਰਿਆ ਹੋਇਆ ਹੈ, ਉਸ ਲਈ ਕੇਂਦਰ ਦੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕਿਸਾਨੀ ਲਈ ਵਰਤੀਆਂ ਜਾਂਦੀਆਂ ਵਸਤਾਂ, ਜਿਸ ਵਿਚ ਖਾਦਾਂ, ਦਵਾਈਆਂ, ਡੀਜਲ ਆਦਿ ਸ਼ਾਮਿਲ ਹਨ ਦਾ ਭਾਅ ਵੀ ਕੇਂਦਰ ਤੈਅ ਕਰਦਾ ਹੈ ਅਤੇ ਕਿਸਾਨ ਵੱਲੋਂ ਤਿਆਰ ਕੀਤੀ ਗਈ ਫਸਲ ਦਾ ਭਾਅ ਵੀ ਕੇਂਦਰ ਦਿੰਦਾ ਹੈ। ਉਨ•ਾਂ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਸਦਕਾ ਹੀ ਅੱਜ ਪੰਜਾਬ ਦਾ ਹਰ ਕਿਸਾਨ ਕਰਜਾਈ ਹੈ ਅਤੇ ਇਹੀ ਹਾਲ ਸਨਅਤ ਦਾ ਹੈ। ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਗੁਆਂਢੀ ਰਾਜਾਂ ਨੂੰ ਸਨਅਤੀ ਪੈਕੇਜ਼ ਦੇ ਕੇ ਪੰਜਾਬ ਦੀ ਸਨਅਤ ਨੂੰ ਬੰਦ ਹੋਣ ਕਿਨਾਰੇ ਪਹੁੰਚਾ ਦਿੱਤਾ ਹੈ। ਇੱਥੋਂ ਸਾਰੀ ਇੰਡਸਟਰੀ ਗੁਆਂਢੀ ਸੂਬਿਆਂ ਵਿਚ ਚਲੀ ਗਈ ਹੈ। ਕੈਪਟਨ ਦਾ ਨਾਮ ਲਏ ਬਗੈਰ ਸ. ਬਾਦਲ ਨੇ ਕਿਹਾ ਕਿ ਅੱਜ ਕਾਂਗਰਸ ਦੇ ਨੇਤਾ ਖੂੰਡੇ ਫੜਕੇ ਲੋਕਾਂ ਨੂੰ ਡਰਾਉਂਦੇ ਫਿਰਦੇ ਨੇ ਪਰ ਇਨ•ਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਡਰਣ ਵਾਲੇ ਨਹੀਂ ਹਨ। ਸ. ਬਾਦਲ ਨੇ ਇਸ ਮੌਕੇ ਪ੍ਰੋ. ਵਲਟੋਹਾ ਦੀ ਮੰਗ ‘ਤੇ ਐਲਾਨ ਕੀਤਾ ਕਿ ਅਗਲੀ ਸਰਕਾਰ ਆਉਣ ‘ਤੇ ਭਿੱਖੀਵਿੰਡ ਨੂੰ ਸਬ ਡਵੀਜਨ ਬਣਾ ਦਿੱਤਾ ਜਾਵੇਗਾ ਅਤੇ ਮਿਊਂਸੀਪਲ ਕਮੇਟੀ ਵੀ ਭਿੱਖੀਵਿੰਡ ਵਿਖੇ ਕਾਇਮ ਕਰ ਦਿੱਤੀ ਜਾਵੇਗੀ। ਉਨ•ਾਂ ਹਲਕਾ ਖੇਮਕਰਨ ਲਈ ਤਿੰਨ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਕਾਂਗਰਸੀਆਂ ‘ਤੇ ਵਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਵਾਲੀ ਅਤੇ ਸਿੱਖ ਕਤਲੇਆਮ ਕਰਨ ਵਾਲੀ ਇਸ ਪਾਰਟੀ ਨੂੰ ਮੂੰਹ ਲਗਾਉਣਾ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦਾ। ਉਨ•ਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਭਾਰਤ-ਪਾਕਿ ਵੰਡ ਕਰਵਾਈ ਫਿਰ ਪੰਜਾਬ ਨੂੰ ਕੱਟ-ਵੱਢ ਕੇ ਛੋਟਾ ਕਰ ਦਿੱਤਾ। ਇਸ ਮਗਰੋਂ ਪੰਜਾਬ ਦੀ ਰਾਜਧਾਨੀ ਖੋਹ ਲਈ ਗਈ, ਪੰਜਾਬ ਦਾ ਪਾਣੀ ਖੋਹ ਲਿਆ ਗਿਆ, ਬਿਜਲੀ ਖੋਹ ਲਈ ਗਈ ਅਤੇ ਪੰਜਾਬ ਨੂੰ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ। ਉਨ•ਾਂ ਕਿਹਾ ਕਿ ਅੱਜ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਪੰਜਾਬ ਸਰਕਾਰ ਨੂੰ ਪੈਸਾ ਕੇਂਦਰ ਤੋਂ ਆ ਰਿਹਾ ਹੈ, ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਜੇ 100 ਰੁਪਏ ਕੇਂਦਰ ਨੂੰ ਦਿੰਦਾ ਹੈ ਤਾਂ ਇਸ ਵਿਚੋਂ ਕੇਵਲ 32 ਰੁਪਏ ਵਾਪਿਸ ਮਿਲਦੇ ਹਨ।
ਇਸਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਜਾਮ ਲਗਾਈ ਬੈਠੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਲਈ ਅੱਗੇ ਆਉਣ ਨਾ ਕਿ ਰਾਹ ਰੋਕ ਕੇ ਲੋਕਾਂ ਨੂੰ ਤੰਗ ਕਰਨ। ਉਨ•ਾਂ ਕਿਹਾ ਕਿ ਮੈਂ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਚੰਗੀ ਤਰ•ਾਂ ਸਮਝਦਾ ਹਾਂ ਅਤੇ ਇਨ•ਾਂ ਨੂੰ ਹੱਲ ਕਰਨਾ ਚਾਹੁੰਦਾ ਹਾਂ ਪਰ ਆਵਾਜਾਈ ਰੋਕ ਕੇ ਲੋਕਾਂ ਨੂੰ ਤੰਗ ਕਰਨਾ ਜਾਇਜ ਨਹੀਂ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਸ. ਬਾਦਲ ਨੇ ਜਮਹੂਰੀ ਗੱਠਜੋੜ ਦੀ ਸਰਕਾਰ ਵੇਲੇ ਸਰਹੱਦੀ ਕਿਸਾਨਾਂ ਨੂੰ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਦਾ 2500 ਰੁਪਏ ਪ੍ਰਤੀ ਕਿੱਲਾ ਮੁਆਵਜਾ ਸੈਂਟਰ ਕੋਲ ਦਵਾਇਆ, ਜੋ ਕਿ ਮਹਿੰਗਾਈ ਦੇ ਨਾਲ-ਨਾਲ ਵੱਧਣਾ ਚਾਹੀਦਾ ਸੀ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਹ ਬੰਦ ਕਰ ਦਿੱਤਾ। ਉਨ•ਾਂ ਲੋਕ ਸਭਾ ਅਤੇ ਸ੍ਰੋਮਣੀ ਕਮੇਟੀ ਚੋਣਾਂ ਵਿਚ ਹਲਕਾ ਵਲਟੋਹਾ ਤੋਂ ਪ੍ਰਾਪਤ ਹੋਈ ਵੱਡੀ ਜਿੱਤ ਲਈ ਮਾਝੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਕੈਪਟਨ ਜੋ ਅੱਜ ਪੰਜਾਬ ਬਚਾਉਣ ਲਈ ਸੜਕਾਂ ‘ਤੇ ਉਤਰਿਆ ਹੋਇਆ ਹੈ, ਉਸਨੂੰ ਆਪਣੀ ਸੱਤਾ ਵੇਲੇ ਪੰਜਾਬ ਦਾ ਭਲਾ ਚੇਤੇ ਤੱਕ ਨਹੀਂ ਆਇਆ।
ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਹਲਕੇ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਧਿਆਨ ਵਿਚ ਰੱਖਦਿਆਂ ਸ. ਬਾਦਲ ਦਾ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਇਸ ਹਲਕੇ ਦੀ ਬਾਂਹ ਕੇਵਲ ਤੇ ਕੇਵਲ ਅਕਾਲੀ ਸਰਕਾਰ ਵੇਲੇ ਹੀ ਫੜੀ ਗਈ, ਜਦਕਿ ਕਾਂਗਰਸ ਸਰਕਾਰ ਨੇ ਇਸਨੂੰ ਸਦਾ ਹੀ ਅਣਗੌਲਿਆ ਕਰੀ ਰੱਖਿਆ। ਅੱਜ ਦੀ ਇਸ ਰੈਲੀ ਨੂੰ ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਸੰਸਦੀ ਸਕੱਤਰ ਸ. ਹਰਮੀਤ ਸਿੰਘ ਸੰਧੂ, ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਬੀਬੀ ਪਲਵਿੰਦਰ ਕੌਰ ਵਲਟੋਹਾ ਅਤੇ ਹੋਰ ਆਗੂ ਹਾਜਰ ਸਨ।

Translate »