ਫਤਹਿਗੜ੍ਹ ਸਾਹਿਬ 8 ਦਸੰਬਰ: ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਜ਼ਿਲ੍ਹੇ ਦੇ ਸਾਬਕਾ ਫੌਜੀਆਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਕਰੀਬ 80 ਲੱਖ ਰੁਪਏ ਦੀ ਮਾਲੀ ਸਹਾਇਤਾ ਵੱਖ ਵੱਖ ਭਲਾਈ ਸਕੀਮਾਂ ਅਧੀਨ ਵੰਡੀ ਗਈ । ਇਹ ਜਾਣਕਾਰੀ ਦਿੰਦਿਆ ਪ੍ਰਧਾਨ ਜ਼ਿਲ੍ਹਾ ਸੈਨਿਕ ਭਲਾਈ ਬੋਰਡ -ਕਮ -ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ 81 ਲੱਖ ਰੁਪਏ ਦੀ ਲਾਗਤ ਨਾਲ ਉੁਸਾਰੇ ਜਾਣ ਵਾਲੇ ਦੋ ਮੰਜਲਾ ਜ਼ਿਲ੍ਹਾ ਸਕਤੀ ਸਦਨ ਸੈਨਿਕ ਰੈਸਟ ਹਾਊਸ ਦੀ ਉਸਾਰੀ ਜੰਗੀ ਪੱਧਰ ਤੇ ਚੱਲ ਰਹੀ ਹੈ, ਜੋ ਕਿ ਮੁਕੰਮਲ ਹੋਣ ਦੇ ਕਰੀਬ ਹੈ । ਉਨ੍ਹਾਂ ਕਿਹਾ ਕਿ ਇਸ ਰੈਸਟ ਹਾਊਸ ਵਿੱਚ ਰਿਹਾਇਸ਼ ਦੀ ਸਹੂਲਤ ਤੋਂ ਇਲਾਵਾ ਕੰਪਿਊਟਰ ਕੋਰਸ,ਪ੍ਰੀ ਰਿਕਰੂਟਮੈਂਟ ਟਰੇਨਿੰਗ, ਅਤੇ ਐਨ.ਡੀ.ਏ ਦੀਆਂ ਕਲਾਸਾਂ ਲਗਾਉਣ ਵਾਸਤੇ ਕਲਾਸ ਰੂਮ ਅਤੇ ਇੱਕ ਕਾਨਫਰੰਸ ਰੂਮ ਵੀ ਉਪਲਬਧ ਹੋਵੇਗਾ । ਉਨ੍ਹਾਂ ਹੋਰ ਦੱਸਿਆ ਕਿ 65 ਸਾਲਾ ਮਾਲੀ ਸਹਾਇਤਾ ਸਕੀਮ ਅਧੀਨ ਜ਼ਿਲ੍ਹੇ ਵਿੱਚ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਪਿਛਲੇ 4 ਸਾਲਾਂ ਦੌਰਾਨ 32 ਲੱਖ 65 ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ ਹੈ।
ਸ੍ਰੀ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ 49 ਪੁਰਸਕਾਰ ਵਿਜੇਤਾ ( ਗੈਲੈਂਟਰੀ ਅਵਾਰਡੀ ) ਸਾਬਕਾ ਸੈਨਿਕਾਂ ਨੂੰ ਪਿਛਲੇ ਚਾਰ ਸਾਲਾਂ ਦੌਰਾਨ 23 ਲੱਖ 19 ਹਜਾਰ 390 ਰੁਪਏ ਮਾਣ ਭੱਤੇ ਵਜੋਂ ਵੰਡੇ ਗਏ । ਉਨ੍ਹਾਂ ਦੱਸਿਆ ਕਿ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਵਾਰ ਜਗੀਰ ਸਕੀਮ ਅਧੀਨ ਕਰੀਬ 2 ਲੱਖ ਰੁਪਏ ਅਤੇ 1962, 1965, 1971 ਦੀਆਂ ਜੰਗਾਂ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਾਵਾਵਾਂ ਨੂੰ ਸਫਰੀ ਭੱਤੇ ਵੱਜੋਂ 1 ਲੱਖ 5 ਹਜਾਰ ਰੁਪਏ ਦੀ ਮਾਲੀ ਸਹਾਇਤਾ ਵੰਡੀ ਗਈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਮੀ ਸੈਂਟਰਲ ਵੇਲਫੇਅਰ ਫੰਡ ਸਕੀਮ ਅਧੀਨ ਪਿਛਲੇ ਚਾਰ ਸਾਲਾਂ ਦੌਰਾਨ 10 ਲੱਖ 15 ਹਜਾਰ ਦੀ ਮਾਲੀ ਸਹਾਇਤਾ ਵੰਡੀ ਗਈ ਅਤੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨੇਤਰਹੀਣ ਮੈਬਰਾਂ ਨੂੰ 81 ਹਜਾਰ 500 ਰੁਪਏ ਦੀ ਮਾਲੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ । ਇਸ ਤੋਂ ਇਲਾਵਾ ਸਾਬਕਾ ਫੌਜੀਆਂ ਦੇ ਬੱਚਿਆਂ ਨੂੰ ਐਜੂਕੇਸ਼ਨ ਵਜੀਫਾ ਸਕੀਮ ਅਧੀਨ 1 ਲੱਖ 75 ਹਜਾਰ 400 ਰੁਪਏ ਦਾ ਵਜੀਫਾ ਵੰਡਿਆਂ ਗਿਆ । ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀਆਂ ਦੇ ਬੱਚਿਆਂ ਦੇ ਵਿਆਹ ਸਮੇਂ 1 ਲੱਖ 39 ਹਜਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ
ਜ਼ਿਲ੍ਹਾ ਸੈਨਿਕ ਭਲਾਈ ਅਫਸਰ ਕਰਨਲ (ਰਿਟਾ:) ਸੁਧਾਂਸ਼ੂ ਕੁਮਾਰ ਰਣਦੇਵ ਨੇ ਦੱਸਿਆ ਕਿ ਜ਼ਿਲ੍ਹਾ ਸੈਨਿਕ ਭਲਾਈ ਦਫਤਰ ਵਲੋਂ ਫੌਜ, ਪੈਰਾ ਮਿਲਟਰੀ ਅਤੇ ਪੁਲਿਸ ਦੀ ਭਰਤੀ ਲਈ ਪ੍ਰੀ ਰਿਕਰੂਟਮੈਂਟ ਟਰੇਨਿੰਗ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਹੁਣ ਤੱਕ ਇਹ ਪ੍ਰੀ ਰਿਕਰੂਟਮੈਂਟ ਟਰੇਨਿੰਗ 480 ਬੱਚਿਆਂ ਨੂੰ ਦਿੱਤੀ ਜਾ ਚੁੱਕੀ ਹੈ । ਜ਼ਿਨ੍ਹਾਂ ਵਿਚੋਂ ਕਈ ਬੱਚਿਆਂ ਦੀ ਭਰਤੀ ਵੀ ਹੋ ਚੁੱਕੀ ਹੈ।