December 9, 2011 admin

ਰੱਖੜਾ ਨੇ ਸਮਾਣਾ ਦੇ 21 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਲਗਭਗ 40 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ

* ਸਰਕਾਰੀ ਸਕੂਲ ਗਾਜੀਪੁਰ ਦੀਆਂ 59 ਵਿਦਿਆਰਥਣਾਂ ਨੂੰ ਸਾਈਕਲ ਪ੍ਰਦਾਨ
ਸਮਾਣਾ (ਪਟਿਆਲਾ), 9 ਦਸੰਬਰ : ” ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਜਿਥੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਉਥੇ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਾਈ ਕਰਵਾਉਣ ਤੇ ਹੋਰ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਹਲਕਾ ਸਮਾਣਾ ਦੇ 21 ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਲਗਭਗ 40 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡਣ ਤੋਂ ਬਾਅਦ ਪਿੰਡ ਗਾਜੀਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 59 ਲੋੜਵੰਦ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲ ਪ੍ਰਦਾਨ ਕਰਨ ਸਮੇਂ ਕੀਤਾ । ਸ. ਰੱਖੜਾ ਨੇ ਕਿਹਾ ਕਿ ਪਿੰਡਾਂ ਦੀ ਨੁਹਾਰ ਸੰਵਾਰਨ ਅਤੇ ਖਾਸ ਕਰਕੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਦਿਲਚਸਪੀ ਦਿਖਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ .ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ‘ਤੇ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਰਕਾਰ ਦੀ ਲੋਕ ਹਮਾਇਤੀ ਸੋਚ ਕਾਰਨ ਪੰਜਾਬ ਵਾਸੀ ਵੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ ।
         ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਗਿਆਰਵੀਂ ਤੇ ਬਾਰਵੀਂ ਦੀਆਂ ਵਿਦਿਆਰਥਣਾਂ ਲਈ ਮੁਫਤ ਸਾਈਕਲ ਦੀ ਸਹੂਲਤ ਜਿਥੇ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ ਉਥੇ ਹੀ ਇਹ ਸਕੀਮ ਗਰੀਬ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਰਕਾਰ ਨੇ ਮਿਹਨਤੀ ਤੇ ਤਜਰਬੇਕਾਰ ਅਧਿਆਪਕਾਂ ਦੀ ਭਰਤੀ ਨੂੰ ਵੀ ਯਕੀਨੀ ਬਣਾਇਆ ਹੈ ਜਿਸ ਦੇ ਸਦਕਾ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਲਾਨਾ ਨਤੀਜਿਆਂ ਵਿੱਚ ਵੀ ਹੋਰ ਸੁਧਾਰ ਦੇਖਿਆ ਜਾ ਸਕੇਗਾ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਪਰਮੋਦ ਕੁਮਾਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਸਾਈਕਲਾਂ ਤਕਸੀਮ ਕਰਨ ਦੀ ਇਸ ਮੁਹਿੰਮ ਨੂੰ ਚੁਫੇਰਿਓਂ ਹੁੰਗਾਰਾ ਮਿਲਿਆ ਹੈ ਅਤੇ ਵਿਦਿਆਰਥਣਾਂ ਦੇ ਮਾਪੇ ਤੇ ਅਧਿਆਪਕ ਸਰਕਾਰ ਦੀ ਇਸ ਸਕੀਮ ਨੂੰ ਵਿਦਿਆਰਥਣਾਂ ਦੇ ਚੰਗੇ ਵਿਦਿਅਕ ਭਵਿੱਖ ਲਈ ਸਾਰਥਕ ਮੰਨ ਰਹੇ ਹਨ ।
         ਆਪਣੇ ਇਸ ਦੌਰੇ ਦੌਰਾਨ ਸ. ਰੱਖੜਾ ਨੇ ਪਿੰਡ ਗਾਜੀਪੁਰ, ਅਸਰਪੁਰ, ਚੁਪਕੀ, ਦੁੱਲੜ, ਨੱਸੂਪੁਰ, ਸੈਦੀਪੁਰ, ਬਿਜਲਪੁਰ, ਖੇੜੀ ਫੱਤਣ, ਚੌਹਟ, ਫਤਿਹਪੁਰ, ਜਮਾਲਪੁਰ, ਕਲਬੁਰਛਾਂ, ਖਾਨਪੁਰ ਗਾੜੀਆਂ, ਅਚਰਾਲ ਖੁਰਦ ਸਮੇਤ 21 ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਲਗਭਗ 40 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈਕ ਪੰਚਾਇਤਾਂ ਨੂੰ ਪ੍ਰਦਾਨ ਕੀਤੇ । ਸਮਾਗਮ ਦੌਰਾਨ ਸ਼੍ਰੀ ਸੁੱਖੀ ਰੱਖੜਾ, ਮੈਂਬਰ ਸ਼੍ਰੋਮਣੀ ਕਮੇਟੀ ਸ਼੍ਰੀ ਕੁਲਦੀਪ ਸਿੰਘ ਨੱਸੂਪੁਰ, ਪਿੰਡ ਗਾਜੀਪੁਰ ਦੇ ਸਰਪੰਚ ਸ਼੍ਰੀ ਭੋਲਾ ਸ਼ਰਮਾ , ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਸੁਰਜਨ ਸਿੰਘ, ਵਾਈਸ ਚੇਅਰਮੈਨ ਸ਼੍ਰੀ ਹਰਵਿੰਦਰ ਸਿੰਘ, ਲੈਂਡ ਮਾਰਟਗੇਜ਼ ਬੈਂਕ ਦੇ ਚੇਅਰਮੈਨ ਸ਼੍ਰੀ ਦੀਦਾਰ ਸਿੰਘ, ਸ਼੍ਰੀ ਅਮਰਜੀਤ ਸਿੰਘ ਗੁਰਾਇਆ, ਸ਼੍ਰੀ ਬਲਵਿੰਦਰ ਸਿੰਘ ਦਾਨੀਪੁਰ, ਸ਼੍ਰੀ ਲਾਭ ਸਿੰਘ ਤੇ ਬੀ.ਡੀ.ਪੀ.ਓ ਸਮਾਣਾ ਸ਼੍ਰੀ ਗੁਰਿੰਦਰ ਸਿੰਘ ਤੁੰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ, ਸਕੂਲ ਦੇ ਅਧਿਆਪਕ ਅਤੇ ਪਿੰਡਾਂ ਦੇ ਨਿਵਾਸੀ ਹਾਜ਼ਰ ਸਨ ।

Translate »