December 9, 2011 admin

ਬਾਗਬਾਨੀ ਅਧਿਕਾਰੀਆਂ ਦੀ ਦੋ ਰੋਜ਼ਾ ਵਰਕਸ਼ਾਪ ਵਿੱਚ ਬਾਗਬਾਨੀ ਸੰਬੰਧੀ ਨਵੀਆਂ ਤਕਨੀਕਾਂ ਤੇ ਵਿਚਾਰਾਂ ਹੋਈਆਂ

ਲੁਧਿਆਣਾ: 9 ਦਸੰਬਰ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਬਾਗਬਾਨੀ ਵਿਗਿਆਨੀਆਂ ਦੀ ਚੱਲ ਰਹੀ ਦੋ ਰੋਜ਼ਾ ਵਰਕਸ਼ਾਪ ਅੱਜ ਕਈ ਨਵੀਆਂ ਤਕਨੀਕਾਂ ਤੇ ਵਿਚਾਰ ਵਟਾਂਦਰੇ ਉਪਰੰਤ ਸਮਾਪਤ ਹੋਈ। ਨੈਸ਼ਨਲ ਹਾਰਟੀਕਲਚਰ  ਮਿਸ਼ਨ ਵੱਲੋਂ ਸੰਯੋਜਤ ਇਸ ਵਰਕਸ਼ਾਪ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕੇਂਦਰਾਂ ਤੇ ਕੰਮ ਕਰਨ ਵਾਲੇ ਵਿਗਿਆਨੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਬਾਗਬਾਨੀ, ਖੇਤੀਬਾੜੀ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਅੱਜ ਦੂਸਰੇ ਦਿਨ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਗਿਆਨੀਆਂ ਨੇ ਯੂਨੀਵਰਸਿਟੀ ਦੇ ਤਜਰਬਾ ਖੇਤਰ ਦਾ ਦੌਰਾ ਕਰਦਿਆਂ ਵੱਧ ਉਤਪਾਦਨ ਖਾਸ ਕਰਕੇ ਆਂਵਲਾ, ਪਪੀਤਾ ਅਤੇ ਕਿਨੂੰ ਦੇ ਬੂਟਿਆਂ ਅਤੇ ਲੱਗੇ ਫ਼ਲਾਂ ਨੂੰ ਬਹੁਤ ਹੀ ਦਿਲਚਸਪੀ ਦੇ ਨਾਲ ਵੇਖਿਆ ਅਤੇ ਸਬੰਧਿਤ ਵਿਗਿਆਨੀਆਂ ਨਾਲ ਇਸ ਸੰਬੰਧੀ ਵਿਚਾਰ ਚਰਚਾ ਵੀ ਕੀਤੀ।
ਵਰਕਸ਼ਾਪ ਦੇ ਦੂਸਰੇ ਦਿਨ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਕੰਮ ਕਰਦੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਬਾਗਬਾਨੀ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਦੀਆਂ ਲੋੜਾਂ ਅਤੇ ਮੁਸ਼ਕਲਾਂ ਦਾ ਗੌਰ ਨਾਲ ਮੁਆਇਨਾ ਕਰਨ ਉਪਰੰਤ ਖੋਜ ਅਧਿਕਾਰੀਆਂ ਕੋਲ ਪਹੁੰਚਦਾ ਕਰਨ ਦੇ ਉਪਰਾਲੇ ਕਰਨ ਤਾਂ ਕਿ ਲੈਬਾਰਟਰੀਆਂ ਵਿੱਚ ਹੁੰਦੀ ਖੋਜ ਦਾ ਆਧਾਰ ਕਿਸਾਨਾਂ ਦੀ ਲੋੜ ਨੂੰ ਹੀ ਬਣਾਇਆ ਜਾ ਸਕੇ।
ਇਸ ਮੌਕੇ ਹੋਏ ਤਕਨੀਕੀ ਸੈਸ਼ਨ  ਵਿੱਚ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਦੇ ਮੁਖੀ ਡਾ: ਕੁਸ਼ਲ ਸਿੰਘ ਅਤੇ ਡਾ: ਸ਼੍ਰੀਮਤੀ ਕੇ ਕੇ ਢੱਟ, ਡਾ: ਆਰ ਕੇ ਦੂਬੇ ਅਤੇ ਡਾ: ਰਣਜੀਤ ਸਿੰਘ ਨੇ ਫੁੱਲਾਂ ਦੀ ਕਾਸ਼ਤ ਸੰਬੰਧੀ  ਵੱਖ ਵੱਖ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਪੌਦਾ ਰੋਗ ਵਿਗਿਆਨ ਵਿਭਾਗ ਦੇ ਡਾ: ਪਰੇਮਜੀਤ ਸਿੰਘ ਨੇ ਪੌਦ ਸੁਰੱਖਿਆ ਬਾਰੇ  ਜਾਣਕਾਰੀ ਦਿੱਤੀ। ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਟੈਕਨਾਲੋਜੀ ਸੈਂਟਰ ਦੇ ਸਬਜ਼ੀ ਵਿਗਿਆਨੀ ਡਾ: ਕੁਲਵੰਤ ਸਿੰਘ ਸੰਧੂ ਨੇ ਸੈਂਟਰ ਦੀਆਂ ਗਤੀਵਿਧੀਆਂ ਅਤੇ ਚਲ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸੇ ਸੈਸ਼ਨ ਦੌਰਾਨ ਡਾ: ਰਾਕੇਸ਼ ਸ਼ਾਰਦਾ, ਡਾ: ਗੁਰਸਾਹਿਬ ਸਿੰਘ, ਡਾ: ਸੁਰਜੀਤ ਸਿੰਘ, ਡਾ: ਬਲਦੇਵ ਡੋਗਰਾ, ਡਾ: ਜਸਕਰਨ ਸਿੰਘ ਨੇ ਬਾਗਬਾਨੀ ਵਿੱਚ ਖੇਤੀ ਮਸ਼ੀਨਰੀ ਦੀ ਵਰਤੋਂ ਸੰਬੰਧੀ ਨੁਕਤੇ ਸਾਂਝੇ ਕੀਤੇ।

Translate »