-ਜਸਵੰਤ ਸਿੰਘ ‘ਅਜੀਤ’
ਇਉਂ ਜਾਪਦਾ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਲੈ ਕੇ ਅਕਾਲੀਆਂ ਵਲੋਂ ਹੀ ਲੰਮੇਂ ਸਮੇਂ ਤੋਂ ਜੋ ਭੰਬਲ-ਭੂਸਾ ਪਾਇਆ ਜਾਂਦਾ ਚਲਿਆ ਆ ਰਿਹਾ ਸੀ, ਉਹ ਹੁਣ ਹੌਲੇ-ਹੌਲੇ ਖਤਮ ਹੁੰਦਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਦਿੱਲੀ ਦੀ ਅਕਾਲੀ ਰਾਜਨੀਤੀ ਵਿੱਚ ਸਰਗਰਮੀ ਅਤੇ ਉਸਦੇ ਨਾਲ ਹੀ ਉਥਲ-ਪੁਥਲ ਹੋਣੀ ਵੀ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ਲਈ ਮਤਦਾਤਾ ਬਣਾਏ ਜਾਣ ਦੀ ਜੋ ਪ੍ਰਕ੍ਰਿਆ ਕਾਫੀ ਸਮੇਂ ਤੋਂ ਚਲਦੀ ਆ ਰਹੀ ਸੀ, ਉਹ ਵੀ ਪਿਛਲੇ ਦਿਨੀਂ ਖਤਮ ਹੋ ਗਈ ਦਸੀ ਜਾ ਰਹੀ ਹੈ। ਮਤਦਾਤਾ ਸੂਚੀਆਂ ਦੀ ਪਹਿਲੀ ਪ੍ਰਕਾਸ਼ਨਾਂ ਦਾ ਕੰਮ ਸ਼ੁਰੂ ਹੈ, ਜਿਸਦੇ ਪੂਰਿਆਂ ਹੋਣ ਤੋਂ ਬਾਅਦ, ਸੂਚੀਆਂ ਨੂੰ ਇਤਰਾਜ਼ਾਂ ਲਈ ਪ੍ਰਦਰਸ਼ਤ ਕਰ ਦਿਤਾ ਜਾਇਗਾ। ਦਿੱਲੀ ਗੁਰਦੁਆਰਾ ਮਾਮਲਿਆਂ ਦੇ ਡਾਇਰੈਕਟੋਰੇਟ ਅਨੁਸਾਰ, ਉਹ ਸਿੱਖ, ਜੋ ਮਤਦਾਤਾ ਬਣਨ ਦੇ ਅਧਿਕਾਰੀ ਹਨ, ਪ੍ਰੰਤੂ ਕਿਸੇ ਕਾਰਣ ਬੀਤੇ ਨਿਸ਼ਚਿਤ ਸਮੇਂ ਦੌਰਾਨ ਮਤਦਾਤਾ ਨਹੀਂ ਬਣ ਸਕੇ, ਉਹ ਇਤਰਾਜ਼ ਦਾਖਲ ਕੀਤੇ ਜਾਣ ਦੇ ਦਿਨਾਂ ਵਿੱਚ, ਇੱਕ ਵਿਸ਼ੇਸ਼ ਫਾਰਮ ਭਰ ਅਤੇ ਉਸ ਨਾਲ ਆਪਣਾ ਫੋਟੋ ਲਾ, ਦੇ ਕੇ ਮਤਦਾਤਾ ਬਣ ਸਕਦੇ ਹਨ। ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਮਿਲੇ ਇਤਰਾਜ਼ਾਂ ਦਾ ਨਿਪਟਾਰਾ ਕਰ, ਇਸੇ ਮਹੀਨੇ, ਦਸੰਬਰ ਦੇ ਅੰਤ ਤਕ ਜਾਂ ਅਗਲੇ ਮਹੀਨੇ, ਜਨਵਰੀ ਦੇ ਅਰੰਭ ਵਿੱਚ ਗੁਰਦੁਆਰਾ ਚੋਣਾਂ ਦੀ ਪ੍ਰਕ੍ਰਿਆ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਜਾਇਗਾ।
ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਕੁਝ ਪ੍ਰਭਾਵਸ਼ਾਲੀ ਰਾਜਨੇਤਾਵਾਂ ਵਲੋਂ ਦਿੱਲੀ ਸਰਕਾਰ ਪੁਰ ਰਾਜਸੀ ਦਬਾਉ ਬਣਾ ਗੁਰਦੁਆਰਾ ਚੋਣਾਂ ਨੂੰ ਮਈ ਤਕ ਟਲਵਾਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੰਤੂ ਚੋਣਾਂ ਟਲਣ ਦੀਆਂ ਚਲ ਰਹੀਆਂ ਇਨ੍ਹਾਂ ਚਰਚਾਵਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਵਲੋਂ, ਇਨ੍ਹਾਂ ਚੋਣਾਂ ਦੇ ਫਰਵਰੀ-ਮਾਰਚ ਵਿੱਚ ਹੋਣ ਦੀ ਸੰਭਾਵਨਾ ਮੰਨ, ਅਪਣੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹੋਈਆਂ ਹਨ। ਜਿਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਦਲ ਦੇ ਮੁੱਖੀਆਂ ਅਤੇ ਯੁਵਾ ਕੇਡਰ ਨੂੰ ਹਿਦਾਇਤ ਕੀਤੀ ਹੈ ਕਿ ਉਹ ਬੀਤੇ ਸਮੇਂ ਵਿੱਚ ਦਲ ਦੇ ਸੱਤਾ-ਕਾਲ ਦੌਰਾਨ ਗੁਰਦੁਆਰਾ ਕਮੇਟੀ ਵਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਆਪੋ-ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਤਕ ਪਹੁੰਚਾਣ ਲਈ, ਉਨ੍ਹਾਂ ਨਾਲ਼ ਨੁੱਕੜ ਬੈਠਕਾਂ ਕਰਨ ਦਾ ਸਿਲਸਿਲਾ ਸ਼ੁਰੂ ਕਰਨ। ਜਿਥੇ ਉਨ੍ਹਾਂ ਦੀ ਲੋੜ ਹੋਵੇ, ਉਨ੍ਹਾਂ ਨੂੰ ਦਸਣ, ਉਹ ਜ਼ਰੂਰ ਉਥੇ ਪੁਜਣਗੇ।
ਦੂਜੇ ਪਾਸੇ, ਜਿਵੇਂ ਕਿ ਪਿਛੇ ਜ਼ਿਕਰ ਕੀਤਾ ਗਿਆ ਸੀ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ੍ ਜ. ਮਨਜੀਤ ਸਿੰਘ ਜੀ ਕੇ ਨੇ ਕਾਫੀ ਸਮਾਂ ਪਹਿਲਾਂ ਹੀ ਆਪਣੇ ਦਲ ਦੇ ਸਰਕਲ ਜੱਥੇਦਾਰਾਂ ਦੀ ਨਿਯੁਕਤੀ ਦਾ ਐਲਾਨ ਕਰ, ਅਪ੍ਰੱਤਖ ਰੂਪ ਵਿੱਚ ਇਹ ਸੰਕੇਤ ਦੇ ਦਿਤਾ ਸੀ ਕਿ ਇਹੀ ਜੱਥੇਦਾਰ ਗੁਰਦੁਆਰਾ ਚੋਣਾਂ ਵਿੱਚ ਆਪੋ-ਆਪਣੇ ਚੋਣ ਹਲਕੇ ਤੋਂ ਦਲ ਦੇ ਸੰਭਾਵਤ ਉਮੀਦਵਾਰ ਹੋਣਗੇ। ਦਸਿਆ ਗਿਆ ਸੀ ਕਿ ਜੇ ਇਨ੍ਹਾਂ ਸੰਭਾਵਤ ਉਮੀਦਵਾਰਾਂ ਵਿੱਚ ਕੋਈ ਫੇਰ-ਬਦਲ ਕਰਨ ਦੀ ਲੋੜ ਹੋਈ ਤਾਂ ਉਹ ਇਨ੍ਹਾਂ ਸੰਭਾਵਤ ਉਮੀਦਵਾਰਾਂ ਦੀ ਸਲਾਹ ਅਤੇ ਇੱਛਾ ਦੇ ਆਧਾਰ ਤੇ ਹੀ ਕੀਤਾ ਜਾਇਗਾ। ਦਲ ਦੇ ਨੇੜਲੇ ਸੂਤਰਾਂ ਅਨੁਸਾਰ ਦਲ ਦੇ ਟਿਕਟ ਦੇ ਕੁਝ ਹੋਰ ਅਕਾਲੀ ਦਾਅਵੇਦਾਰਾਂ ਵਲੋਂ ਜ. ਮਨਜੀਤ ਸਿੰਘ ਜੀ ਕੇ ਵਲੋਂ ਐਲਾਨੀ ਸੂਚੀ ਪੁਰ ਸੁਆਲੀਆ ਨਿਸ਼ਾਨ ਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਕੇਂਦ੍ਰੀ ਨੇਤਾਵਾਂ ਰਾਹੀਂ ਉਨ੍ਹਾਂ ਪੁਰ ਦਬਾਉ ਪੁਆਉਣ ਦੀ ਕੌਸ਼ਿਸ਼ ਵੀ ਕੀਤੀ ਜਾ ਰਹੀ ਹੈ, ਤਾਂ ਜੋ ਉਹ ਦਲ ਦੇ ਦੂਸਰੇ ਮੁੱਖੀਆਂ ਨਾਲ ਮਿਲ-ਬੈਠ, ਉਨ੍ਹਾਂ ਦੀ ਸਲਾਹ ਨਾਲ ਆਪਣੀ ਐਲਾਨੀ ਸੂਚੀ ਵਿੱਚ ਲੋੜੀਂਦਾ ਫੇਰ-ਬਦਲ ਕਰਨ। ਇਸਦੇ ਨਾਲ ਹੀ ਇਹ ਵੀ ਦਸਿਆ ਜਾ ਰਿਹਾ ਹੈ ਕਿ ਜੇ ਜ. ਮਨਜੀਤ ਸਿੰਘ ਵਲੋਂ ਐਲਾਨੀ ਗਈ ਸੂਚੀ ਵਿੱਚ ਕੋਈ ਵੱਡਾ ਫੇਰ-ਬਦਲ ਕੀਤਾ ਗਿਆ ਤਾਂ ਦਲ ਵਿੱਚ ਬਗ਼ਾਵਤ ਦੇ ਸੁਰ ਤਿਖੇ ਹੋ ਸਕਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨਾਮਜ਼ਦਗੀਆਂ : ਦਿੱਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ, ਜੋ ਤਿੰਨ ਮੈਂਬਰ ਲਏ ਜਾਣੇ ਸਨ, ਉਨ੍ਹਾਂ ਵਿੱਚ ਸ. ਹਰਮਨਜੀਤ ਸਿੰਘ, ਸ. ਭੂਪਿੰਦਰ ਸਿੰਘ ਅਨੰਦ ਅਤੇ ਸ. ਗੁਰਵਿੰਦਰ ਸਿੰਘ ਮਥਾਰੂ ਨੂੰ ਲੈ ਲਿਆ ਗਿਆ ਹੈ। ਇਸ ਵਾਰ ਪਿਛਲੇ ਨਾਮਜ਼ਦ ਮੈਂਬਰਾਂ ਵਿਚੋਂ ਕੇਵਲ ਸ. ਭੂਪਿੰਦਰ ਸਿੰਘ ਅਨੰਦ ਨੂੰ ਹੀ ਦੋਬਾਰਾ ਮੌਕਾ ਦਿੱਤਾ ਗਿਆ ਹੈ, ਜਦਕਿ ਜ. ਕੁਲਦੀਪ ਸਿੰਘ ਭੋਗਲ ਅਤੇ ਸ. ਹਰਿੰਦਰਪਾਲ ਸਿੰਘ ਨੂੰ ਦੋਬਾਰਾ ਮੌਕਾ ਦੇਣ ਤੋਂ ਗੁਰੇਜ਼ ਕੀਤਾ ਗਿਆ। ਜਿਥੋਂ ਤਕ ਸ. ਹਰਿੰਦਰਪਾਲ ਸਿੰਘ ਦਾ ਸੰਬੰਧ ਹੈ. ਉਨ੍ਹਾਂ ਦੇ ਤਾਂ ਦੁਬਾਰਾ ਨਾਮਜ਼ਦ ਹੋਣ ਦੀ ਸੰਭਾਵਨਾ ਪਹਿਲਾਂ ਤੋਂ ਹੀ ਨਜ਼ਰ ਨਹੀਂ ਸੀ ਆ ਰਹੀ, ਕਿਉਂਕਿ ਜ. ਗੁਰਚਰਨ ਸਿੰਘ ਟੋਹੜਾ ਗੁਟ ਨਾਲ ਸੰਬੰਧਤ ਰਹੇ ਹੋਣ ਕਾਰਣ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਉਨ੍ਹਾਂ ਨੂੰਂ ਦਲ ਦੇ ‘ਅਛੂਤਾਂ’ ਵਿੱਚ ਮੰਨਿਆ ਜਾ ਰਿਹਾ ਸੀ। ਪ੍ਰੰਤੁ ਜ. ਕੁਲਦੀਪ ਸਿੰਘ ਭੋਗਲ ਦਾ ਸ਼੍ਰੋਮਣੀ ਕਮੇਟੀ ਵਿੱਚ ਦੋਬਾਰਾ ਨਾਮਜ਼ਦ ਹੋਣਾ ਲਗਭਗ ਨਿਸ਼ਚਿਤ ਹੀ ਮੰਨਿਆ ਜਾ ਰਿਹਾ ਸੀ। ਇਸੇ ਕਾਰਣ ਉਨ੍ਹਾਂ ਦਾ ਨਾਂ ਕਟਿਆ ਜਾਣਾ, ਦਿੱਲੀ ਦੇ ਅਕਾਲੀ ਹਲਕਿਆਂ ਲਈ ਬਹੁਤ ਹੀ ਹੈਰਾਨੀ ਦੀ ਗਲ ਮੰਨਿਆ ਜਾ ਰਿਹਾ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਉਹ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਖੁਸ਼ ਰਖਣ ਅਤੇ ਉਨ੍ਹਾਂ ਪ੍ਰਤੀ ਆਪਣੀ ‘ਨਿਸ਼ਕਪਟ’ ਸ਼ਰਧਾਪੂਰਣ ਵਫਾਦਾਰੀ ਦਾ ਅਹਿਸਾਸ ਕਰਵਾਉਣ ਦੇ ਉਦੇਸ਼ੂ ਨਾਲ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਟੜ ਵਿਰੋਧੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਛੱਬੀ ਖਰਾਬ ਕਰਨ ਲਈ ਲੰਮੇਂ ਸਮੇਂ ਤੋਂ ਉਨ੍ਹਾਂ ਪੁਰ ਝੂਠੇ-ਸੱਚੇ ਦੋਸ਼ ਲਾਉਂਦੇ ਚਲੇ ਆ ਰਹੇ ਸਨ। ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦਗੀਆਂ ਕਰਦਿਆਂ ਹੋਇਆਂ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰ ਦਿਤੇ ਜਾਣ ਨੂੰ ਉਨ੍ਹਾਂ ਦੇ ਨੇੜਲੇ ਸਾਥੀ ਪਚਾ ਨਹੀਂ ਪਾ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਦਲ ਦੀ ਕੇਂਦਰੀ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਇਸਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਜਾਣਾ, ਉਨ੍ਹਾਂ ਨਾਲ ਬੇਨਿਸਾਫੀ ਹੀ ਨਹੀਂ, ਸਗੋਂ ਉਨ੍ਹਾਂ ਦਾ ਅਪਮਾਨ ਕਰਨਾ ਵੀ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਵਾਰ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦਗੀਆਂ ਕਰਦਿਆਂ ਹੋਇਆਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਤੇ ਵਰਤਮਾਨ ਕੌਮੀ ਜਨਰਲ ਸਕੱਤ੍ਰ ਜ. ਅਵਤਾਰ ਸਿੰਘ ਹਿਤ ਦੀਆਂ ਸਿਫਾਰਿਸ਼ਾਂ ਨੂੰ ਮਹਤੱਤਾ ਦਿਤੀ ਗਈ ਹੈ, ਜਦਕਿ ਦਲ ਦੇ ਵਰਤੱਮਾਨ ਪ੍ਰਦੇਸ਼ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਦੀਆਂ ਸਿਫਾਰਿਸ਼ਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ।
ਗਲ ਘਟ-ਗਿਣਤੀ ਕਮਿਸ਼ਨ ਦੀ : ਜਦੋਂ ਕਦੀ ਵੀ ਘਟ ਗਿਣਤੀਆਂ ਦੀ ਗਲ ਛਿੜਦੀ ਹੈ ਤਾਂ ਮੁੱਖ ਰੂਪ ਵਿੱਚ ਮੁਸਲਮਾਣਾਂ ਦੀ ਹੀ ਗਲ ਕੀਤੀ ਜਾਂਦੀ ਹੈ, ਸ਼ਾਇਦ ਇਸਦਾ ਕਾਰਣ ਇਹ ਹੈ ਕਿ ਦੇਸ਼ ਵਿੱਚ ਉਨ੍ਹਾਂ ਦੀ ਆਬਾਦੀ ਸਾਰੀਆਂ ਘਟ-ਗਿਣਤੀਆਂ ਨਾਲੋਂ ਕਿਤੇ ਬਹੁਤ ਵੱਧ ਹੈ। ਘਟ-ਗਿਣਤੀ ਵਜੋਂ ਸਿੱਖਾਂ ਦੀ ਗਲ ਘਟ-ਵੱਧ ਹੀ ਸੁਣਨ ਨੂੰ ਮਿਲਦੀ ਹੈ, ਸ਼ਾਇਦ ਇਸਦਾ ਕਾਰਣ ਦੇਸ਼ ਵਿੱਚ ਉਨ੍ਹਾਂ ਦੀ ਆਬਾਦੀ ਸਭ ਨਾਲੋਂ ਘਟ ਹੋਣਾ ਹੈ। ਉਧਰ ਕੇਂਦਰ ਤੋਂ ਲੈ ਕੇ ਰਾਜਾਂ ਤਕ ਦੇ ਘਟ-ਗਿਣਤੀ ਕਮਿਸ਼ਨਾਂ ਦੇ ਦੂਸਰੇ ਫਿਰਕਿਆਂ ਦੇ ਪ੍ਰਤੀਨਿਧੀ ਆਪੋ-ਆਪਣੇ ਫਿਰਕੇ ਦੀਆਂ ਸਮੱਸਿਆਵਾਂ ਦਾ ਹਲ ਕਰਵਾਉਣ ਪ੍ਰਤੀ ਈਮਾਨਦਾਰ ਰਹਿੰਦੇ ਹਨ, ਪ੍ਰੰਤੁ ਸਿੱਖਾਂ ਦੇ ਪ੍ਰਤੀਨਿਧੀ ਸੱਤਾਧਾਰੀਆਂ ਦੀ ਚਮਚਾਗਿਰੀ ਕਰਨ ਵਿੱਚ ਹੀ ਆਪਣਾ ਭਲਾ ਮੰਨ ਕੇ ਚਲਦੇ ਹਨ। ਉਹ ਸਹਿਯੋਗ ਕਰਨ ਦੇ ਨਾਂ ਤੇ ਸਲਾਹਕਾਰ ਕਮੇਟੀਆਂ ਤਾਂ ਬਣਾ ਲੈਂਦੇ ਹਂ, ਪ੍ਰੰਤੁ ਉਨ੍ਹਾਂ ਦੀਆਂ ਬੈਠਕਾਂ ਦੀਆਂ ਖਬਰਾਂ ਨੂੰ ਪੜ੍ਹਨ-ਸੁਣਨ ਤੋਂ ਕਦੀ ਵੀ ਅਜਿਹਾ ਨਹੀਂ ਜਾਪਦਾ ਕਿ ਉਨ੍ਹਾਂ ਵਿੱਚ ਕਦੀ ਸਿੱਖਾਂ ਦੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਵੀ ਕੋਈ ਗਲ ਹੁੰਦੀ ਹੋਵੇਗੀ। ਜੇ ਉਨ੍ਹਾਂ ਖਬਰਾਂ ਵਿੱਚ ਕੁਝ ਪੜ੍ਹਨ ਨੂੰ ਮਿਲਦਾ ਹੈ ਤਾਂ ਕੇਵਲ ਇਹੀ ਕਿ ਸਰਕਾਰ ਨੇ ਘਟ-ਗਿਣਤੀਆਂ ਦੀ ਭਲਾਈ ਲਈ ਇਹ ਕੀਤਾ, ਉਹ ਕੀਤਾ, ਇਹ ਕਾਨੂੰਨ ਬਣਾਇਆ, ਉਹ ਕਾਨੂੰਨ ਬਣਾਇਆ। ਦਿੱਲੀ ਪ੍ਰਦੇਸ਼ ਘਟ-ਗਿਣਤੀ ਕਮਿਸ਼ਨ ਦੇ ਸਿੱਖ ਮੈਂਬਰ ਦੇ ਚਿਤਰ ਅਤੇ ਬਿਆਨ ਮੀਡੀਆ ਵਿੱਚ ਆਮ ਆਉਂਦੇ ਰਹਿੰਦੇ ਹਨ, ਪਰ ਉਨ੍ਹਾਂ ਵਿੱਚ ਸ਼ਾਇਦ ਹੀ ਕਦੀ ਇਹ ਪੜ੍ਹਨ ਜਾਂ ਸੁਣਨ ਨੂੰ ਮਿਲਿਆ ਹੋਵੇ ਕਿ ਉਨ੍ਹਾਂ ਨੇ ਸਿੱਖਾਂ ਦੀ ‘ਫਲਾਂ’ ਸਮੱਸਿਆ ਨੂੰ ਹਲ ਕਰਵਾਇਆ ਹੈ। ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਕਾਲਜਾਂ ਨੂੰ ਘਟ-ਗਿਣਤੀ ਵਿਦਿਅਕ ਸੰਸਥਾ ਹੋਣ ਦੀ ਦਿੱਤੀ ਗਈ ਮਾਨਤਾ ਨੂੰ ਕੁਝ ਲੋਕਾਂ ਵਲੋਂ ਅਦਾਲਤ ਵਿੱਚ ਚੁਨੌਤੀ ਦਿੱਤੀ ਗਈ। ਪ੍ਰੰਤੂ ਉਸਦੇ ਸੰਬੰਧ ਵਿੱਚ ਦਿੱਲੀ ਘਟ-ਗਿਣਤੀ ਕਮਿਸ਼ਨ ਦੇ ਸਿੱਖ ਮੈਂਬਰ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਕੁਝ ਸਮਾਂ ਪਹਿਲਾਂ ਜਦੋਂ ਇਨ੍ਹਾਂ ਕਾਲਜਾਂ ਨੂੰ ਘਟ-ਗਿਣਤੀ ਵਿਦਿਅਕ ਸੰਸਥਾ ਵਜੋਂ ਮਾਨਤਾ ਦਿੱਤੇ ਜਾਣ ਦਾ ਫੈਸਲਾ ਸਾਹਮਣੇ ਆਇਆ ਤਾਂ ਵੀ ਉਨ੍ਹਾਂ ਦੀ ਕੋਈ ਪ੍ਰਤੀਕਿਰਿਆ ਪੜ੍ਹਨ-ਸੁਣਨ ਨੂੰ ਨਹੀਂ ਮਿਲੀ। ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਮਿਸਾਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਹਾਂ, ਉਨ੍ਹਾਂ ਵਲੋਂ ਆਪਣੇ-ਆਪਨੂੰ ਵੱਖ-ਵੱਖ ਕਮੇਟੀਆਂ ਵਿੱਚ ਮਿਲੀ ਪ੍ਰਤੀਨਿਧਤਾ ਦਾ ਪ੍ਰਚਾਰ ਬਹੁਤ ਹੀ ਵੱਡੇ ਪੈਮਾਨੇ ਤੇ ਕਰਵਾਇਆ ਜਾਂਦਾ ਹੈ, ਜਿਸਤੋਂ ਜਾਪਦਾ ਹੈ ਕਿ ਰਾਜ ਦੇ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੈ ਕਿ ‘ਕਈ’ ਸੰਸਥਾਵਾਂ ਉਨ੍ਹਾਂ ਨੂੰ ਆਪਣੀਆਂ ਕਮੇਟੀਆਂ ਵਿੱਚ ਸ਼ਾਮਲ ਕਰਨ ਵਿੱਚ ‘ਮਾਣ’ ਸਮਝਦੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਘਟ-ਗਣਤੀ ਕਮਿਸ਼ਨਾਂ ਦੇ ਸਿੱਖ ਮੈਂਬਰ ਉਨ੍ਹਾਂ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਚਲਣ, ਜੋ ਆਮ ਸਿੱਖਾਂ ਨਾਲ ਜੁੜੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣ, ਤਾਂ ਜੋ ਉਹ ਉਨ੍ਹਾਂ ਸਮੱਸਿਆਵਾਂ ਨੂੰ ਹਲ ਕਰਵਾਉਣ ਪ੍ਰਤੀ ਆਪਣੀ ਜਿ਼ੰਮੇਦਾਰੀ ਨਿਭਾਉਂਦੇ ਰਹਿ ਸਕਣ। ਪਰ…
…ਅਤੇ ਅੰਤ ਵਿੱਚ : ਇੱਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ, ਸਿੱਖ ਜਗਤ ਵਲੋਂ ਕੀਤੇ ਜਾ ਰਹੇ ਭਾਰੀ ਵਿਰੋਧਾਂ ਨੂੰ ਨਜ਼ਰ-ਅੰਦਾਜ਼ ਕਰ, ਪੰਥ ਰਤਨ ‘ਫਖਰ-ਏ-ਕੌਮ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ, ਅਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਹਿੰਦੇ ਹਨ ਕਿ ਆਪਣੇ ‘ਵਿਦਾ’ ਹੋ ਰਹੇ ਪ੍ਰਧਾਨ, ਜ. ਅਵਤਾਰ ਸਿੰਘ ਮੱਕੜ ਨੂੰ ‘ਗੁਰੂ ਘਰ ਕੇ ਅਨਿੰਨ ਸੇਵਕ ਅਤੇ ਪੰਥ ਦੀ ਅਜ਼ੀਮ ਸ਼ਖ਼ਸੀਅਤ’ ਦੇ ਖਿਤਾਬ ਨਾਲ ਨਿਵਾਜ ਦਿੱਤਾ। ਇਸ ਗਲ ਦੀ ਪੁਸ਼ਟੀ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬੀ ਦੀਆਂ ਅਖਬਾਰਾਂ ਵਿੱਚ ਛਪਵਾਏ ਗਏ ਖੇਡਾਂ ਨਾਲ ਸੰਬੰਧਤ ਇਸ਼ਤਿਹਾਰਾਂ ਪੁਰ ਨਜ਼ਰ ਮਾਰ ਕੇ ਕੀਤੀ ਜਾ ਸਕਦੀ ਹੈ।000
ੰੋਬਲਿੲ : + 91 98 68 91 77 31