December 9, 2011 admin

ਜ਼ਿਲ੍ਹਾ ਯੋਜਨਾ ਕਮੇਟੀ ਦੀ ਮੀਟਿੰਗ ਦੌਰਾਨ ਚੇਅਰਮੈਨ ਮਲੂਕਾ ਨੇ ਲਿਆ ਵਿਕਾਸ ਕਾਰਜਾਂ ਦਾ ਜਾਇਜ਼ਾ

*ਵੱਖ-ਵੱਖ ਸਕੀਮਾਂ ਤਹਿਤ ਖ਼ਰਚ ਹੋਏ ਫੰਡਾਂ ਬਾਰੇ ਲਈ ਜਾਣਕਾਰੀ
ਬਠਿੰਡਾ, 9 ਦਸੰਬਰ -ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੀ ਮੀਟਿੰਗ ਅੱਜ ਚੇਅਰਮੈਨ ਸ੍ਰੀ ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਥੇ ਵੱਖ-ਵੱਖ ਸਕੀਮਾਂ ਤਹਿਤ ਖ਼ਰਚ ਹੋਏ ਫੰਡਾਂ ਬਾਰੇ ਜਾਣਕਾਰੀ ਲਈ ਗਈ ਉਥੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਗਿਆ। ਸ੍ਰੀ ਮਲੂਕਾ ਨੇ ਰਹਿੰਦੇ ਕੰਮ ਜਲਦ ਮੁਕੰਮਲ ਕਰਵਾਉਣ ਦੇ ਆਦੇਸ਼ ਦਿੱਤੇ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਭਿਨਵ ਤ੍ਰਿਖਾ, ਐਸ. ਡੀ. ਐਮ. ਬਠਿੰਡਾ ਸ੍ਰੀ ਸੰਦੀਪ ਰਿਸ਼ੀ, ਐਸ. ਡੀ. ਐਮ. ਰਾਮਪੁਰਾ ਸ੍ਰੀ ਸੁਖਦੇਵ ਸਿੰਘ, ਐਸ. ਡੀ. ਐਮ. ਤਲਵੰਡੀ ਸਾਬੋ ਸ੍ਰੀ ਗੁਰਮੀਤ ਸਿੰਘ, ਡਿਪਟੀ ਈ. ਐਸ. ਏ. ਸ੍ਰੀਮਤੀ ਸੁਰਿੰਦਰ ਕੌਰ, ਸ੍ਰੀ ਦਿਆਲ ਸਿੰਘ ਸੋਢੀ, ਸ੍ਰੀ ਬਲਕਾਰ ਸਿੰਘ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
                  ਮੀਟਿੰਗ ਦੌਰਾਨ ਦੱਸਿਆ ਗਿਆ ਕਿ ਵਿੱਤੀ ਸਾਲ 2011-12 ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਨੂੰ ਕੁੱਲ 1297.988 ਲੱਖ ਰੁਪਏ ਦਾ ਬੱਜਟ ਵੱਖ-ਵੱਖ ਸਕੀਮਾਂ ਅਧੀਨ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਪ੍ਰਾਪਤ ਹੋਇਆ ਜੋ ਕਿ ਸਮੂਹ ਵਿਭਾਗਾਂ ਨੂੰ ਸਮੇਂ ਸਿਰ ਪ੍ਰਵਾਨ ਅਤੇ ਜਾਰੀ ਗਿਆ। ਇਨ੍ਹਾਂ ਫੰਡਾਂ ਵਿਚੋਂ ਸਬੰਧਤ ਵਿਭਾਗਾਂ ਵੱਲੋਂ ਲੋੜ ਅਨੁਸਾਰ ਹੁਣ ਤੱਕ 698.105 ਲੱਖ ਰੁਪਏ ਖਜ਼ਾਨੇ ਵਿਚੋਂ ਕਢਵਾਏ ਗਏ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਵੱਖ-ਵੱਖ ਸਕੀਮਾਂ ਤਹਿਤ ਕਮੇਟੀ ਵੱਲੋਂ 711.54  ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਜਿਸ ਵਿਚੋਂ 261.34 ਲੱਖ ਰੁਪਏ ਖ਼ਰਚ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਠਿੰਡਾ ਨੂੰ ਵੱਖ-ਵੱਖ ਪੈਨਸ਼ਨ ਸਕੀਮਾਂ ਲਈ 58.378 ਲੱਖ ਰੁਪਏ ਦੀ ਪ੍ਰਵਾਨਗੀ ਪ੍ਰਾਪਤ ਹੋਈ ਜਿਸ ਵਿਚੋਂ 54.364 ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਪ ਅਰਥ ਅਤੇ ਅੰਕੜਾ ਸਲਾਹਕਾਰ ਬਠਿੰਡਾ ਨੂੰ 9.40 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਜਿਸ ਵਿਚੋਂ 2.401 ਰੁਪਏ ਖਰਚ ਹੋ ਚੁੱਕੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਬਠਿੰਡਾ ਨੂੰ 133.56 ਲੱਖ ਰੁਪਏ ਜਾਰੀ ਕੀਤੇ ਗਏ। ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੀਆਂ 39 ਟੇਲਾਂ ‘ਤੇ ਪੈਂਦੇ ਪਿੰਡਾਂ ਦੀਆਂ ਡਿਸਟਰੀਬਿਊਟਰੀਆਂ ‘ਤੇ ਟਿਊਬਵੈਲ ਲਗਾਉਣ ਲਈ 156 ਲੱਖ ਰੁਪਏ, ਤਲਵੰਡੀ ਸਾਬੋ/ਭੁੱਚੋ ਮੰਡੀ/ਰਾਮਪੁਰਾ/ਮੌੜ ਦੀਆਂ 50 ਡਿਸਟਰੀਬਿਊਟਰੀਆਂ ‘ਤੇ ਟਿਊਬਵੈਲ ਲਗਾਉਣ ਲਈ 200 ਲੱਖ ਰੁਪਏ ਅਤੇ ਪਿੰਡ ਚਾਉਕੇ ਦੀ ਟੇਲ ‘ਤੇ ਮੋਘੇ ਉਤੇ ਬਿਜਲੀ ਦਾ ਕੁਨੈਕਸ਼ਨ ਦੇਣ ਲਈ 5.11 ਲੱਖ ਰੁਪਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਜਾਰੀ ਕੀਤੇ ਗਏ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਬੰਧਨ ਮੁਕਤ ਫੰਡਜ਼ ਅਧੀਨ ਥਰਮਲ ਝੀਲ ‘ਤੇ ਸਥਾਪਿਤ ਕੀਤੇ ਗਏ ਐਨ. ਸੀ. ਸੀ. ਨੇਵਲ ਯੂਨਿਟ ਲਈ 24 ਲੱਖ ਰੁਪਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਜਾਰੀ ਕੀਤੇ ਗਏ।
         ਇਸ ਦੌਰਾਨ 17 ਮਈ 2011 ਨੂੰ ਹੋਈ ਕਮੇਟੀ ਦੀ ਪਿਛਲੀ ਮੀਟਿੰਗ ਵਿਚ ਹਾਊਸ ਵੱਲੋਂ ਪਾਸ ਕੀਤੇ ਮਤਿਆਂ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਸਬੰਧਿਤ ਅਧਿਕਾਰੀਆਂ ਨੇ ਹਾਊਸ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹੇ ਵਿਚ 124 ਆਰ. ਓ. ਪਲਾਂਟਾਂ ਦੇ ਗੇਟ ਅਤੇ ਚਾਰਦੀਵਾਰੀ ਮੁਕੰਮਲ ਹੋ ਚੁੱਕੀ ਹੈ। ਸ੍ਰੀ ਮਲੂਕਾ ਨੇ ਸਿੰਗਲ ਬੱਤੀ ਕੁਨੈਕਸ਼ਨ ਤੋਂ ਵਾਂਝੇ ਰਹਿੰਦੇ ਗ਼ਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਨੂੰ ਇਕ ਮਹੀਨੇ ਅੰਦਰ ਕੁਨੈਕਸ਼ਨ ਜਾਰੀ ਕਰਨ ਦੇ ਆਦੇਸ਼ ਦਿੱਤੇ। ਇਸੇ ਤਰ੍ਹਾਂ ਜ਼ਿਲ੍ਹੇ ‘ਚ ਚੱਲ ਰਹੇ ਸੀਵਰੇਜ ਦੇ ਕੰਮ, ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਰੂੜੀਆਂ ਚੁਕਵਾਉਣ ਅਤੇ ਬਰਮਾਂ ‘ਤੇ ਮਿੱਟੀ ਪਵਾਉਣ ਆਦਿ ਦੇ ਕੰਮ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ। ਪਿੰਡ ਲਹਿਰਾ ਧੂਰਕੋਟ ਵਿਖੇ ਪਾਣੀ ਵਿਚ ਤੇਜ਼ਾਬੀ ਤੱਤਾਂ ਦੀ ਜਾਂਚ ਕਰਵਾਉਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਬੀ. ਡੀ. ਪੀ. ਓ. ਨਥਾਣਾ ਦੀ ਡਿਊਟੀ ਲਗਾਈ ਗਈ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ‘ਚ ਜਿਨ੍ਹਾਂ 18 ਪਿੰਡਾਂ ਦੇ ਰਾਸ਼ਨ ਕਾਰਡ ਬਣਨੋਂ ਰਹਿੰਦੇ ਸਨ, ਉਨ੍ਹਾਂ ਵਿਚੋਂ 11 ਪਿੰਡਾਂ ਦੇ ਰਾਸ਼ਨ ਕਾਰਡ ਬਣ ਗਏ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਦੇ ਵੀ 31 ਦਸੰਬਰ ਤੱਕ ਬਣਾ ਦਿੱਤੇ ਜਾਣਗੇ। ਚੇਅਰਮੈਨ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਆਦੇਸ਼ ਦਿੱਤੇ ਕਿ ਸਾਰੇ ਡਿਪੂਆਂ ਦੇ ਕਾਰਡ ਇਕੋ ਜਿਹੇ ਕੀਤੇ ਜਾਣ ਅਤੇ ਡਿਪੂਆਂ ਦੇ ਖੁੱਲ੍ਹਣ ਦਾ ਟਾਈਮ ਨੀਯਤ ਕੀਤਾ ਜਾਵੇ। ਬਿਜਲੀ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਭਗਤਾ ਬਲਾਕ ‘ਚ 200 ਟਿਊਬਵੈਲ ਕੁਨੈਕਸ਼ਨ ਬਕਾਇਆ ਹਨ। ਇਸ ‘ਤੇ ਸ੍ਰੀ ਮਲੂਕਾ ਨੇ ਇਨ੍ਹਾਂ ਨੂੰ 31 ਜਨਵਰੀ 2012 ਤੱਕ ਜਾਰੀ ਕਰਨ ਦੇ ਆਦੇਸ਼ ਦਿੱਤੇ।  
         ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਪਿਛਲੇ ਸਾਲਾਂ ਦੌਰਾਨ ਜਾਰੀ ਕੀਤੇ ਗਏ ਫੰਡਾਂ ਵਿਚੋਂ 510.911 ਲੱਖ ਰੁਪਏ ਦੇ ਵਰਤੋਂ ਸਰਟੀਫਿਕੇਟ ਬਕਾਇਆ ਹਨ ਅਤੇ ਵੱਖ-ਵੱਖ ਵਿਭਾਗਾਂ ਵੱਲ ਪਲਾਨ ਫੰਡਾਂ ਦੇ ਕੁੱਲ 261 ਪੈਰ੍ਹੇ ਲੰਬਿਤ ਹਨ। ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਬਕਾਇਆ ਵਰਤੋਂ ਸਰਟੀਫਿਕੇਟਾਂ ਅਤੇ ਲੰਬਿਤ ਪੈਰ੍ਹਿਆਂ ਬਾਰੇ ਅਗਲੇ ਸ਼ੁੱਕਰਵਾਰ ਨੂੰ ਮੀਟਿੰਗ ਸੱਦੀ ਹੈ।

Translate »