ਬਠਿੰਡਾ, 9 ਦਸੰਬਰ- ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਕਾਰਗੁਜ਼ਾਰੀ ਲਈ ਸਲਾਨਾ ਗੁਪਤ ਰਿਪੋਰਟਾਂ ਦੀ ਥਾਂ ਹੁਣ ਇਨ੍ਹਾਂ ਦੀ ਅਸਲ ਕਾਰਗੁਜ਼ਾਰੀ ਬਾਰੇ ਰਿਪੋਰਟ ‘ਐਕਚੂਅਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ’ ਤਿਆਰ ਹੋਇਆ ਕਰੇਗੀ। ਵਿਭਾਗਾਂ ਦੀ ਕੰਮਕਾਜ ਦੀ ਸਮਰੱਥਾ ਨੂੰ ਵਧਾਉਣ ਲਈ ਤਿਆਰ ਹੋਣ ਵਾਲੀਆਂ ਇਹ ਰਿਪੋਰਟਾਂ ਹੁਣ ਗੁਪਤ ਨਹੀਂ ਸਗੋਂ ਅਧਿਕਾਰੀਆਂ ਕਰਮਚਾਰੀਆਂ ਦੀਆਂ ਕਮੀਆਂ ਪੇਸ਼ੀਆਂ ਇਸ ਰਿਪੋਰਟ ਰਾਹੀੰ ਸਾਹਮਣੇ ਲਿਆਂਦੀਆਂ ਜਾਇਆ ਕਰਨਗੀਆਂ ਤਾਂ ਜੋ ਸਬੰਧਤ ਅਧਿਕਾਰੀ ਕਰਮਚਾਰੀ ਆਪਣੇ ਸਵੈ ਪੜਚੋਲ ਕਰਕੇ ਕੰਮ ਦੇ ਟੀਚੇ ਪ੍ਰਭਾਵਸ਼ਾਲੀ ਢੰਗ ਨਾਲ ਪੂਰੇ ਕਰ ਸਕਣ। ਇਹ ਜਾਣਕਾਰੀ ਮਹਾਤਮਾਂ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਚੰਡੀਗੜ੍ਹ ਦੇ ਜ਼ਿਲ੍ਹਾ ਕੇਂਦਰ ਬਠਿੰਡਾ ਦੁਆਰਾ ਐਕਚੂਅਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਵਿਸ਼ੇ ਸਬੰਧੀ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਸ੍ਰੀ ਰਮੇਸ਼ ਕੁਮਾਰ ਰਹਿਬਰ ਨੇ ਦਿੱਤੀ।
ਸਥਾਨਕ ਸਰਕਟ ਹਾਊਸ ਵਿਖੇ ਮੈਗਸੀਪਾ ਦੇ ਜ਼ਿਲ੍ਹਾ ਕੇਂਦਰ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਰਹਿਬਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਗੁਪਤ ਰਿਪੋਰਟਾਂ ਦੇ ਰਵਾਇਤੀ ਤਰੀਕੇ ਨੂੰ ਖਤਮ ਕਰਕੇ ਬਣਾਏ ਨਵੇਂ ਨਿਯਮ 01-04-2011 ਤੋਂ ਲਾਗੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਲਾਨਾ ਗੁਪਤ ਰਿਪੋਰਟਾਂ ਹੁਣ ਗੁਪਤ ਨਹੀਂ ਰਹਿਣਗੀਆਂ ਸਗੋਂ ਸਬੰਧਤ ਅਧਿਕਾਰੀ ਵੱਲੋਂ ਅਸਲ ਕਾਰਗੁਜ਼ਾਰੀ ਬਾਰੇ ਸਲਾਨਾ ਰਿਪੋਰਟ ਤਿਆਰ ਕਰਦੇ ਸਮੇਂ ਗੁਣ ਅਤੇ ਕਮੀਆਂ ਪੇਸ਼ੀਆਂ ਨਾਲ ਦੀ ਨਾਲ ਦੱਸੀਆਂ ਜਾਣਗੀਆਂ। ਸ੍ਰੀ ਰਹਿਬਰ ਨੇ ਕਿਹ ਕਿ ਸਲਾਨਾ ਰਿਪੋਰਟਾਂ ਦੇ ਇਹ ਨਵੇਂ ਨਿਯਮ ਲਾਗੂ ਹੋਣ ਨਾਲ ਮਿਹਨਤੀ ਤੇ ਡਿਊਟੀ ਪ੍ਰਤੀ ਸੁਹਿਰਦ ਅਧਿਕਾਰੀਆਂ ਕਰਮਚਾਰੀਆਂ ਨੂੰ ਲਾਭ ਹੋਵੇਗਾ। ਮੁੱਖ ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਸਲਾਨਾ ਰਿਪੋਰਟਾਂ ਦੇ ਰਵਾਇਤੀ ਤਰੀਕੇ ਵਿੱਚਲੀਆਂ ਕਮੀਆਂ ਪੇਸ਼ੀਆਂ ਦੀ ਘੋਖ ਪੜਤਾਲ ਤੋਂ ਬਾਅਦ ਐਕਚੂਅਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਦਾ ਆਧੁਨਿਕ ਸੰਕਲਪ ਅਪਣਾਇਆ ਗਿਆ ਹੈ ਜੋ ਕਿ ਪ੍ਰਤੱਖ, ਪਾਰਦਰਸ਼ਤਾ ਵਾਲਾ ਤੇ ਸਮੇਂ ਦੇ ਹਾਣ ਵਾਲੀ ਵਿਧੀ ਹੈ।
ਮੈਗਸੀਪਾ ਦੇ ਪ੍ਰਾਜੈਕਟ ਕੁਆਰਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਸ਼ੇ ਸਬੰਧੀ ਸੈਮੀਨਾਰ ਕਰਵਾਏ ਜਾਣ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾਨ ਵੱਲੋਂ ਪ੍ਰਸ਼ਾਸਨਿਕ ਕੰਮ ਕਾਜ ਨਾਲ ਸਿੱਧੇ ਰੂਪ ਵਿੱਚ ਸਬੰਧਤ ਇਸ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ। ਉਨ੍ਹਾਂ ਉਮੀਦ ਜਤਾਈ ਕਿ ਇਸ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਅਧਿਕਾਰੀ ਕਰਮਚਾਰੀ ਇਸ ਸੈਮੀਨਾਰ ਨਾਲ ਜਾਗਰੂਕ ਹੋਣਗੇ ਤੇ ਆਪਣੇ ਬਾਕੀ ਵਿਭਾਗੀ ਸਾਥੀਆਂ ਨੂੰ ਵਾ ਜਾਗਰੂਕ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੈਗਸੀਪਾ ਦੇ ਸੇਵਾ ਉੱਤਮ ਡਿਵੀਜ਼ਨ ਵੱਲੋਂ ਉੱਤਮ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਕਰਮਚਾਰੀਆਂ ਲਈ ਮੈਗਸੀਪਾ ਐਵਾਰਡ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਅਧਿਕਾਰੀਆਂ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੇ ਅਧਾਰ ਉੱਪਰ ਇਹ ਐਵਾਰਡ ਮਿਲਣਗੇ ਜੋ ਵਿਭਾਗਾਂ ਦੇ ਹੋਰ ਅਧਿਕਾਰੀਆਂ ਕਰਮਚਾਰੀਆਂ ਲਈ ਪ੍ਰੇਰਨਾਂ ਦਾ ਸਰੋਤ ਬਣ ਸਕਣ।