* ਲਾਲਵਾ ਅਤੇ ਡਿਪਟੀ ਕਮਿਸ਼ਨਰ ਵੱਲੋਂ ਉਡੀਕ ਸਥਾਨ ਦਾ ਉਦਘਾਟਨ
ਪਟਿਆਲਾ, 9 ਦਸੰਬਰ : ” ਪੰਜਾਬ ਸਰਕਾਰ ਵੱਲੋਂ ਰਾਜ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਭਲਾਈ ਸਕੀਮਾਂ ਦੇ ਪੱਖ ਤੋਂ ਵੀ ਰਾਜ ਸਰਕਾਰ ਮੋਹਰੀ ਸਾਬਿਤ ਹੋ ਰਹੀ ਹੈ । ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ ਨੇ ਅੱਜ ਜ਼ਿਲ੍ਹਾ ਪਰਿਸ਼ਦ ਦੇ ਦਫ਼ਤਰ ਵਿਖੇ ਬਣਨ ਵਾਲੇ ਰਿਹਾਇਸ਼ੀ ਕੰਪਲੈਕਸ ਅਤੇ ਨਵੀਂ ਪਾਰਕਿੰਗ ਦੇ ਨੀਂਹ ਪੱਥਰ ਦਾ ਉਦਘਾਟਨ ਕਰਨ ਤੋਂ ਬਾਅਦ ਕੀਤਾ । ਸ. ਲਾਲਵਾ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਦੀ ਇਮਾਰਤ ਵਿੱਚ ਸਥਿਤ ਦਰਜਨ ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਰੂਰਤ ਨੂੰ ਦੇਖਦਿਆਂ ਸੁਚੱਜੇ ਪਾਰਕਾਂ ਅਤੇ ਪਾਰਕਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ । ਇਸ ਮੌਕੇ ਸ਼੍ਰੀ ਲਾਲਵਾ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਜ਼ਿਲ੍ਹਾ ਪਰਿਸ਼ਦ ਵਿਖੇ ਲੋਕਾਂ ਲਈ ਬਣਾਏ ਗਏ ਉਡੀਕ ਸਥਾਨ (ਪੋਰਚ) ਦਾ ਉਦਘਾਟਨ ਵੀ ਕੀਤਾ ।
ਚੇਅਰਮੈਨ ਸ. ਲਾਲਵਾ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਦੀ ਆਮਦਨ ਵਿੱਚੋਂ 35 ਲੱਖ ਰੁਪਏ ਦੀ ਲਾਗਤ ਨਾਲ ਰਿਹਾਇਸ਼ੀ ਕੰਪਲੈਕਸ ਬਣਾਇਆ ਜਾ ਰਿਹਾ ਹੈ ਅਤੇ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਪਾਰਕਿੰਗ ਤਿਆਰ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਦਰਸਾਉਂਦਾ ਅਤੇ ਇਮਾਰਤ ਵਿੱਚ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵੇਰਵੇ ਵਾਲਾ ਬੋਰਡ ਵੀ ਇਥੇ ਲਗਾਇਆ ਜਾ ਰਿਹਾ ਹੈ । ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਗਰਗ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਜ਼ਿਲ੍ਹੇ ਦਾ ਮਹੱਤਵਪੂਰਨ ਦਫ਼ਤਰ ਹੁੰਦਾ ਹੈ ਅਤੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਕਰਵਾਉਣ ਨਾਲ ਜੁੜੇ ਇਸ ਵਿਭਾਗ ਵਿੱਚ ਵੱਡੀ ਗਿਣਤੀ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਜਿਸ ਕਾਰਨ ਇਥੇ ਪੋਰਚ ਅਤੇ ਪਾਰਕਿੰਗ ਦੇ ਬਣਨ ਨਾਲ ਲੋਕਾਂ ਦੀ ਵੱਡੀ ਮੰਗ ਪੂਰੀ ਹੋ ਜਾਵੇਗੀ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਸਕੱਤਰ ਜ਼ਿਲ੍ਹਾ ਪਰਿਸ਼ਦ ਸ਼੍ਰੀ ਹਰਿੰਦਰ ਸਿੰਘ ਸਰਾਂ, ਉਪ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ. ਜਸਪਾਲ ਸਿੰਘ ਕਲਿਆਣ, ਸ. ਫੌਜਇੰਦਰ ਸਿੰਘ ਮੁਖਮੇਲਪੁਰ, ਸ. ਦਲਜੀਤ ਸਿੰਘ ਗਲੌਲੀ, ਸ਼੍ਰੀਮਤੀ ਗੁਲਸ਼ਨ ਕੌਰ, ਸ਼੍ਰੀਮਤੀ ਕਮਲੇਸ਼ ਰਾਣੀ, ਸ. ਹਮੀਰ ਸਿੰਘ ਕੁਲਾਰਾਂ (ਸਾਰੇ ਮੈਂਬਰ ਜ਼ਿਲ੍ਹਾ ਪਰਿਸ਼ਦ), ਬਲਾਕ ਸੰਮਤੀ ਘਨੌਰ ਦੇ ਚੇਅਰਮੈਨ ਸ. ਅਵਤਾਰ ਸਿੰਘ ਕਪੂਰੀ, ਇਸਤਰੀ ਅਕਾਲੀ ਦਲ ਪੰਜਾਬ ਦੀ ਜਨਰਲ ਸਕੱਤਰ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ, ਮੈਂਬਰ ਜਨਰਲ ਕੌਸਲ ਸ਼੍ਰੀ ਜੋਗਾ ਸਿੰਘ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਬੀ.ਡੀ.ਪੀ.ਓ ਤੇ ਪਤਵੰਤੇ ਹਾਜ਼ਰ ਸਨ ।