ਪਟਿਆਲਾ: 9 ਦਸੰਬਰ-” ਅਜੋਕੇ ਯੁੱਗ ਵਿੱਚ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਨੀਚੇ ਜਾ ਰਿਹਾ ਹੈ ਇਸ ਲਈ ਕਿਸਾਨਾਂ ਨੂੰ ਰਵਾਇਤੀ ਖੇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਡੇਅਰੀ ਅਤੇ ਹੋਰ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਡੇਅਰੀ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਵਾਲੀਆਂ ਸਕੀਮਾਂ ਨੂੰ ਅਪਣਾ ਕੇ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਵਾਸੀ ਭਾਰਤੀ ਸ੍ਰ: ਚਰਨਜੀਤ ਸਿੰਘ ਰੱਖੜਾ ਨੇ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਪਿੰਡ ਰੱਖੜਾ ਵਿਖੇ ਸਾਂਝੇ ਤੌਰ ‘ਤੇ ਲਗਾਏ ਗਏ ਇੱਕ ਰੋਜ਼ਾ ਡੇਅਰੀ ਕਿਸਾਨ ਜਾਗਰੂਕਤਾ ਕੈਂਪ ਦਾ ਉਦਘਾਟਨ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕੀਤਾ । ਸ੍ਰ: ਰੱਖੜਾ ਨੇ ਕਿਹਾ ਕਿ ਅਜਿਹੇ ਕੈਂਪ ਪਸ਼ੂ ਪਾਲਕਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ ਕਿਉਂਕਿ ਇਹਨਾਂ ਕੈਂਪਾਂ ਵਿੱਚ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਅਤੇ ਵਿਸ਼ੇਸ਼ ਤੌਰ ‘ਤੇ ਸਾਫ ਦੁੱਧ ਪੈਦਾ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਹਰੇਕ ਪਿੰਡ ਵਿੱਚ ਲਗਾਉਣੇ ਚਾਹੀਦੇ ਹਨ ਕਿਉਂਕਿ ਇਹਨਾਂ ਕੈਂਪਾਂ ਦੌਰਾਨ ਨਬਾਰਡ ਦੀਆਂ ਡੇਅਰੀ ਵਿਕਾਸ ਸਕੀਮਾਂ, ਦੁਧਾਰੂ ਪਸ਼ੂਆਂ ਦੀਆਂ ਨਸਲਾਂ ਵਿੱਚ ਸੁਧਾਰ , ਪਸ਼ੂਆਂ ਦੀ ਖੁਰਾਕ, ਪਸ਼ੂਆਂ ਦੀ ਦੇਖਭਾਲ ਅਤੇ ਮੰਡੀ ਕਰਨ ਤੋਂ ਇਲਾਵਾ ਹੋਰ ਸਕੀਮਾਂ ਬਾਰੇ ਪਸ਼ੂ ਪਾਲਕਾਂ ਨੂੰ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਸ੍ਰ: ਰੱਖੜਾ ਨੇ ਦੁੱਧ ਪੈਦਾ ਕਰਨ ਨੂੰ ਉਤਸ਼ਾਹਤ ਕਰਨ ਲਈ ਕਲੀਨ ਮਿਲਕ ਕਿੱਟਾਂ ਵੀ ਵੰਡੀਆਂ ਗਈਆਂ। ਇਸ ਕੈਂਪ ਨੂੰ ਸੰਬੋਧਨ ਕਰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ਼੍ਰੀ ਅਸ਼ੋਕ ਰੌਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਲਈ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਦੇ ਸਹਾਇਕ ਧੰਦੇ ਡੇਅਰੀ ਨੂੰ ਅਪਣਾਉਣ ਕਿਉਂਕਿ ਸਰਕਾਰ ਵੱਲੋਂ ਡੇਅਰੀ ਦੇ ਧੰਦੇ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ‘ਤੇ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਪ੍ਰਾਪਤ ਕਰਕੇ ਪਸ਼ੂ ਪਾਲਕ ਕਾਫੀ ਲਾਭ ਉਠਾ ਸਕਦੇ ਹਨ। ਇਸ ਮੌਕੇ ਸ੍ਰ: ਇੰਦਰਜੀਤ ਸਿੰਘ ਸਰਪੰਚ ਪਿੰਡ ਰੱਖੜਾ, ਸ੍ਰ: ਭੀਮ ਸਿੰਘ, ਸ੍ਰ: ਰਣਤੇਜ ਸਿੰਘ ਬਾਜਵਾ ਅਤੇ ਜਥੇਦਾਰ ਸੁਖਜੀਤ ਸਿੰਘ ਬਘੋਰਾ ਵੀ ਹਾਜਰ ਸਨ।