December 10, 2011 admin

ਮਨੁੱਖੀ ਅਧਿਕਾਰ ਦਿਵਸ ‘ਤੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਹੋਏ ਸੈਮੀਨਾਰ ‘ਚ ਭਰੂਣ ਹੱਤਿਆ ਉੱਪਰ ਮਾਹਿਰਾਂ ਵੱਲੋਂ ਚਿੰਤਾ

ਅੰਮ੍ਰਿਤਸਰ, 10 ਦਸੰਬਰ, 2011 : ਪੰਜਾਬ ਵਿੱਚ ਭਰੂਣ ਹੱਤਿਆ ਦੀ ਵੱਧਦੀ ਲੱਤ ਉੱਪਰ ਚਿੰਤਾ ਪ੍ਰਗਟਾਉਂਦਿਆਂ ਮਾਹਿਰਾਂ ਨੇ ਅੱਜ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ‘ਤੇ ਇੱਕ ਸੈਮੀਨਾਰ ਵਿੱਚ ਨਵ-ਜੰਮੀਆਂ ਬੱਚੀਆਂ ਦੇ ਹੱਕਾਂ ਦੀ ਰਾਖੀ ਵਾਸਤੇ ਵੱਡੇ ਹੰਭਲੇ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਜਿਹੜਾ ਇੱਕ ਖੁਸ਼ਹਾਲ ਪ੍ਰਦੇਸ਼ ਹੈ, ਉਸ ਉਪਰ ਕੁੜੀਮਾਰ ਵਰਗੇ ਮਾੜੇ ਧੱਬੇ ਦਾ ਜੋ ਦਾਗ ਲੱਗਾ ਹੈ, ਉਸ ਨੂੰ ਸਮਾਜਿਕ, ਧਾਰਮਿਕ, ਸਿਆਸੀ ਅਤੇ ਕਾਨੂੰਨੀ ਪੱਧਰ ‘ਤੇ ਜੰਗ ਹੋਰ ਤੇਜ ਕਰਕੇ ਹੀ ਧੋਇਆ ਜਾ ਸਕਦਾ ਹੈ।
ਡਾ. ਜਸਮੀਤ ਕੌਰ ਨਈਅਰ, ਸਾਬਕਾ ਡੀਪੀਆਈ (ਕਾਲਜ), ਪੰਜਾਬ ਨੇ ਆਪਣੇ ਜ਼ੋਰਦਾਰ ਭਾਸ਼ਣ ਵਿੱਚ ਆਪਣੇ ਲੰਮੇ ਕੈਰੀਅਰ ਦੌਰਾਨ ਵਾਸਤਵਿਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਵਿੱਚ ਭਰੂਣ ਹੱਤਿਆ ਵਰਗੇ ਕੋਹੜ ਨੂੰ ਖਤਮ ਕਰਨ ਲਈ ਇੱਕ ਵੱਡੇ ਪਰਿਵਰਤਨ ਦੀ ਲੋੜ ਹੈ। ਉਨ੍ਹਾਂ ਨੇ ਮਿਡ-ਡੇ-ਮੀਲ ਵਰਗੀਆਂ ਬੱਚਿਆਂ ਵਾਸਤੇ ਬਣੀਆਂ ਹੋਰ ਕਈ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਮਾਜ ਵਿੱਚ ਨਵ-ਜੰਮੀਆਂ ਬੱਚੀਆਂ ਦੇ ਹੱਕਾਂ ਦੀ ਰਾਖੀ ਕਰਨੀ ਹੈ ਤਾਂ ਵਿੱਦਿਅਕ ਖੇਤਰਾਂ ਵਿੱਚ ਵੀ ਸੁਧਾਰ ਕਰਨੇ ਪੈਣਗੇ।
ਉਨ੍ਹਾਂ ਨੇ ਜਿੱਥੇ ਸਮਾਜ ਵਿੱਚ ਨਿੱਘਰ ਰਹੀਆਂ ਕਦਰਾਂ-ਕੀਮਤਾਂ ਨੂੰ ਭਰੂਣ ਹੱਤਿਆ ਦਾ ਜ਼ਿੰਮੇਵਾਰ ਠਹਿਰਾਇਆ, ਉੱਥੇ ਉਨ੍ਹਾਂ ਨੇ ਪਰਿਵਾਰ ਅਤੇ ਸਮਾਜ ਨੂੰ ਵੀ ਆਪਣੀ ਸੋਚ ਨੂੰ ਬਦਲਣ ਵਾਸਤੇ ਪ੍ਰੇਰਿਆ। ਉਨ੍ਹਾਂ ਨੇ ਡਾਕਟਰੀ ਦੇ ਪ੍ਰਭਾਵਸ਼ਾਲੀ ਪੇਸ਼ੇ ਨੂੰ ਵੀ ਕੁਝ ਹੱਦ ਤਕ ਇਸ ਲੱਤ ਦਾ ਜ਼ਿੰਮੇਵਾਰ ਠਹਿਰਾਇਆ,ਉੱਥੇ ਉਨ੍ਹਾਂ ਕਿ ਜੇਕਰ ਹਰ ਵਿਅਕਤੀ ਚਾਹੇ ਉਹ ਔਰਤ ਹੈ ਜਾਂ ਮਰਦ, ਇਸ ਗੱਲ ਦੀ ਹਾਮੀ ਭਰੇ ਕਿ ਉਹ ਭਰੂਣ ਹੱਤਿਆ ਨਹੀਂ ਹੋਣ ਦੇਣਗੇ, ਤਾਂ ਹੀ ਨਵ-ਜੰਮੀਆਂ ਕੁੜੀਆਂ ਦੀ ਰਾਖੀ ਹੋ ਸਕਦੀ ਹੈ।
ਡਾ. ਬਲਜੀਤ ਕੌਰ, ਰਾਸ਼ਟਰੀ ਟ੍ਰੇਨਰ, ਪਰਿਵਾਰ, ਸਿਹਤ ਅਤੇ ਐਚਆਈਵੀ ਫੈਲੋ ਨੇ ਪਾਵਰਪੁਆਇੰਟ ਪੇਸ਼ਕਾਰੀ ਦੌਰਾਨ ਲਿੰਗ ਅਨੁਪਾਤ ਵਿੱਚ ਵੱਡੇ ਅੰਤਰ ਉੱਤੇ ਚਿੰਤਾਜਨਕ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਅਨੁਪਾਤ ਵਿੱਚ ਕੁਝ ਲੋੜੀਂਦੇ ਸਿੱਟੇ ਪਿਛਲੇ ਕੁਝ ਸਾਲਾਂ ਵਿੱਚ ਜ਼ਰੂਰ ਹਾਸਲ ਹੋਏ ਹਨ ਪਰ ਅਜੇ ਵੀ ਲਿੰਗ ਅਨੁਪਾਤ ਪੂਰੇ ਭਾਰਤ ਅਤੇ ਖਾਸ ਕਰਕੇ ਪੰਜਾਬ ਰਾਜ ਲਈ ਖਾਸ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਵਜਾਤ ਬੱਚਿਆਂ ਦੇ ਮੁਢਲੇ ਹੱਕ ਵੀ ਓਨੇ ਹੀ ਜ਼ਰੂਰੀ ਹਨ ਜਿੰਨੇ ਵੱਡਿਆਂ ਦੇ ਅਤੇ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਲੜਕੀਆਂ ਦੇ ਲੋੜੀਂਦੇ ਹੱਕ ਉਨ੍ਹਾਂ ਨੂੰ ਦੇਵਾਂਗੇ।
ਡਾ. ਡੀਐਨ ਸੰਸਨਵਾਲ, ਸਾਬਕਾ ਚੇਅਰਪਰਸਨ, ਉੱਤਰੀ ਖੇਤਰੀ ਕਮੇਟੀ, ਨੈਸ਼ਨਲ ਕਾਂਊਂਸਲ ਫਾਰ ਟੀਚਰ ਐਜ਼ੂਕੇਸ਼ਨ, ਨਵੀਂ ਦਿੱਲੀ, ਜੋ ਕਿ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਅਤੇ ਬੱਚਿਆਂ ਦੇ ਹੱਕਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ। ਕਾਲਜ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਹਰ ਸਾਲ ਅੱਜ ਦੇ ਦਿਨ ਸੈਮੀਨਾਰ ਕਰਾਉਂਦੇ ਹਨ ਤਾਂ ਕਿ ਦੁਨੀਆ ਭਰ ਵਿੱਚ ਮੁੱਢਲੇ ਮਨੁੱਖੀ ਅਧਿਕਾਰਾਂ ਪ੍ਰਤੀ ਚਿੰਤਨ ਵੱਧ ਸਕੇ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਰਨਜੀਤ ਐਵੀਨਿਊ ਦੀ ਪ੍ਰਿੰਸੀਪਲ, ਡਾ. ਸੁਰਿੰਦਰਪਾਲ ਕੌਰ ਢਿੱਲੋਂ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਪ੍ਰੋ. ਮਨਿੰਦਰ ਕੌਰ ਨੇ ਬਾਖੂਬੀ ਸੰਭਾਲੀ।

Translate »