December 10, 2011 admin

ਕੈਰੋਂ ਵੱਲੋਂ ਵਾਟੀਕਾ ਸਕੂਲ ‘ਚ ਵਿੰਟਰ ਕਾਰਨੀਵਲ ਦਾ ਉਦਘਾਟਨ

ਚੰਡੀਗੜ•, 10 ਦਸੰਬਰ: ਕੈਬਨਿਟ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਾਟੀਕਾ ਹਾਈ ਸਕੂਲ ਦੇ ਵਿਸ਼ੇਸ਼ (ਬਹਿਰੇ) ਬੱਚਿਆਂ ਦੀ ਮਦਦ ਲਈ ਸਕੂਲ ਵਿੱਚ ਸ਼ੁਰੂ ਹੋਏ ਦੋ ਦਿਨਾ ਵਿੰਟਰ ਕਾਰਨੀਵਲ ਦਾ ਉਦਘਾਟਨ ਕੀਤਾ। ਪੰਜਾਬ ਆਈ.ਏ.ਐਸ ਆਫ਼ੀਸਰਜ਼ ਵਾਈਫ਼ਜ਼ ਐਸੋਸੀਏਸ਼ਨ (ਪੀ.ਆਈ.ਓ.ਡਬਲਯੂ.ਏ.) ਵੱਲੋਂ ਸਕੂਲ ਦੇ ਸਹਿਯੋਗ ਨਾਲ ਲਾਏ ਇਸ ਕਾਰਨੀਵਲ ਵਿਚਲੀਆਂ ਸਟਾਲਾਂ ਦੀ ਫੇਰੀ ਦੌਰਾਨ ਸ੍ਰੀ ਕੈਰੋਂ ਨੇ ਐਸੋਸੀਏਸ਼ਨ ਅਤੇ ਸਕੂਲ ਪ੍ਰਬੰਧਕਾਂ ਦੇ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ।
ਕਾਰਨੀਵਲ ਵਿੱਚ ਜਿੱਥੇ 40 ਤੋਂ ਵੱਧ ਸਟਾਲਾਂ ਲਾਈਆਂ ਗਈਆਂ, ਉਥੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਣਾਈਆਂ ਵਸਤਾਂ ਵੀ ਵੇਚਣ ਲਈ ਰੱਖੀਆਂ ਗਈਆਂ। ਸਟਾਲਾਂ ‘ਤੇ ਗਾਰਡਨ ਫ਼ਰਨੀਚਰ, ਪੌਦੇ, ਜੁੜੀ-ਬੂਟੀਆਂ ਵਾਲੇ ਬੂਟੇ, ਸਕਾਰਫ਼, ਸ਼ਾਲਾਂ, ਸੂਟ, ਗਲੀਚੇ, ਦਰੀਆਂ, ਘਰਾਂ ਦੇ ਪਰਦੇ ਤੇ ਹੋਰ ਸਾਜ਼ੋ ਸਾਮਾਨ, ਅਬੋਹਰ ਦੀ ਪੋਟਰੀ ਤੇ ਜੁੱਤੀ, ਅੰਮ੍ਰਿਤਸਰ ਦੀ ਕਾਰਪੈਟ ਤੇ ਦਰੀਆਂ, ਲੁਧਿਆਣਾ ਦੀ ਵੂਲਨ ਤੇ ਹੁਸਿਆਰਪੁਰ ਦਾ ਫ਼ਰਨੀਚਰ, ਚੂੜੀਆਂ ਅਤੇ ਗਹਿਣੇ ਆਦਿ ਪ੍ਰਦਰਸ਼ਤ ਕੀਤੇ ਗਏ।
ਕਾਰਨੀਵਲ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਫ਼ੂਡ ਕੋਰਟ ਰਿਹਾ, ਜਿੱਥੇ ਪੀ.ਆਈ.ਓ.ਡਬਲਯੂ.ਏ. ਦੇ ਮੈਂਬਰਾਂ ਵੱਲੋਂ ਬਣਾਏ ਕੇਕ, ਕੂਕੀਜ਼, ਚਾਕਲੇਟ, ਖੀਰ, ਸਾਗ ਅਤੇ ਮੱਕੀ ਦੀ ਰੋਟੀ, ਕੁਲਚੇ, ਸਲਾਦ, ਆਚਾਰ ਆਦਿ ਬੜੇ ਸੁਚੱਜੇ ਢੰਗ ਨਾਲ ਪ੍ਰਦਰਸ਼ਤ ਕੀਤੇ ਗਏ।
ਇਸ ਮੌਕੇ ਪੀ.ਆਈ.ਓ.ਡਬਲਯੂ.ਏ. ਦੀ ਪ੍ਰਧਾਨ ਸ੍ਰੀਮਤੀ ਰੇਨੂ ਅਗਰਵਾਲ ਨੇ ਦੱਸਿਆ ਕਿ ਕਾਰਨੀਵਲ ਤੋਂ ਪ੍ਰਾਪਤ ਫ਼ੰਡ ਉਚੇਚੇ ਤੌਰ ‘ਤੇ ਸਕੂਲ ਦੇ ਵਿਸ਼ੇਸ਼ ਬੱਚਿਆਂ ਉੱਤੇ ਖ਼ਰਚ ਕੀਤੇ ਜਾਣਗੇ। ਸਕੂਲ ਦੇ ਬੱਚਿਆਂ ਨੇ ਕਈ ਵੰਨਗੀਆਂ ‘ਚ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।

Translate »