* ਪੰਜਾਬ ਸਰਕਾਰ ਵੱਲੋਂ ਕੋਰਟ ਕੰਪਲੈਕਸਾਂ ਦੀ ਉਸਾਰੀ ਲਈ 135 ਕਰੋੜ ਰੁਪਏ ਦਾ ਬਜਟ ਜਾਰੀ : ਜਸਟਿਸ ਰਣਜੀਤ ਸਿੰਘ
ਸਮਾਣਾ (ਪਟਿਆਲਾ), 10 ਦਸੰਬਰ : ਸਮਾਣਾ ਵਿਖੇ ਕਰੀਬ ਪੌਣੇ 13 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਸੈਸ਼ਨਜ਼ ਡਵੀਜ਼ਨ ਪਟਿਆਲਾ ਦੇ ਐਡਮਨਿਸਟਰੇਟਿਵ ਜੱਜ ਜਸਟਿਸ ਸੂਰਯਾ ਕਾਂਤ ਨੇ ਕੀਤਾ । ਲਗਭਗ ਡੇਢ ਸਾਲ ਦੇ ਅੰਦਰ ਤਿਆਰ ਕੀਤੇ ਗਏ ਇਸ ਅਤਿ ਆਧੁਨਿਕ ਸਹੂਲਤਾਂ ਵਾਲੇ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਚਾਰ ਕੋਰਟਾਂ ਦੀ ਵਿਵਸਥਾ ਕੀਤੀ ਗਈ ਹੈ । ਉਦਘਾਟਨ ਮੌਕੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਬਿਲਡਿੰਗ ਕਮੇਟੀ ਪੰਜਾਬ ਦੇ ਚੇਅਰਮੈਨ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਕੇ.ਸੀ. ਪੁਰੀ ਵੀ ਖਾਸ ਤੌਰ ‘ਤੇ ਸ਼ਾਮਿਲ ਹੋਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਸੂਰਯਾ ਕਾਂਤ ਨੇ ਕਿਹਾ ਕਿ ਪੰਜਾਬ ਦੇ ਲਗਭਗ ਸਾਰੇ ਜ਼ਿਲਿਆਂ ਵਿੱਚ ਕੋਰਟ ਕੰਪਲੈਕਸ ਤਿਆਰ ਹੋ ਚੁੱਕੇ ਹਨ ਅਤੇ ਰਾਜ ਸਰਕਾਰ ਨੇ ਕੋਰਟ ਕੰਪਲੈਕਸਾਂ ਦੀ ਉਸਾਰੀ ਲਈ ਕਰੋੜਾਂ ਰੁਪਏ ਜਾਰੀ ਕੀਤੇ ਹਨ ।
ਬਾਰ ਐਸੋਸੀਏਸ਼ਨ ਸਮਾਣਾ ਵੱਲੋਂ ਆਯੋਜਿਤ ਸਮਾਗਮ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕਰਨ ਤੋਂ ਬਾਅਦ ਜਸਟਿਸ ਸੂਰਯਾ ਕਾਂਤ ਨੇ ਵੱਡੀ ਗਿਣਤੀ ਵਕੀਲਾਂ, ਜ਼ਿਲ੍ਹਾ ਅਧਿਕਾਰੀਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰਟ ਕੰਪਲੈਕਸ ਨਿਆਂ ਦਾ ਮੰਦਰ ਹੁੰਦੇ ਹਨ ਅਤੇ ਲੋਕਾਂ ਨੂੰ ਨਿਆਂ ਦੇਣਾ ਬੇਹੱਦ ਮਹੱਤਵਪੂਰਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਸਮਾਣਾ ਅਤੇ ਪਾਤੜਾਂ ਦੇ ਲੋਕਾਂ ਲਈ ਇਹ ਕੋਰਟ ਕੰਪਲੈਕਸ ਲਾਹੇਵੰਦ ਸਾਬਿਤ ਹੋਵੇਗਾ । ਉਨ੍ਹਾਂ ਕਿਹਾ ਕਿ ਲੋਕ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋ ਰਹੇ ਹਨ ਅਤੇ ਸਮੇਂ ਦੇ ਨਾਲ-ਨਾਲ ਨਵੇਂ ਕਾਨੂੰਨ ਹੋਂਦ ਵਿੱਚ ਆ ਰਹੇ ਹਨ ਜਿਸ ਕਾਰਨ ਮਨੁੱਖਤਾ ਦੀ ਸੇਵਾ ਦੇ ਆਪਣੇ ਮੁੱਢਲੇ ਫਰਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ।
ਇਸ ਮੌਕੇ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰੰਜਨ ਗਗੋਈ ਦੀ ਅਗਵਾਈ ਹੇਠ ਤਿਆਰ ਕਰਵਾਏ ਗਏ ਇਸ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਚ ਜਿਥੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਉਥੇ ਹੀ ਸੁਚੱਜਾ ਚੌਗਿਰਦਾ ਵੀ ਉਪਲਬਧ ਕਰਵਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਲਗਭਗ 135 ਕਰੋੜ ਰੁਪਏ ਕੋਰਟ ਕੰਪਲੈਕਸਾਂ ਦੀ ਉਸਾਰੀ ਲਈ ਜਾਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਕੋਰਟ ਕੰਪਲੈਕਸ ਵਿੱਚ ਰਿਕਾਰਡ ਰੂਮ, ਬਾਰ ਰੂਮ ਅਤੇ 2 ਕੰਟੀਨਾਂ ਵੀ ਬਣਾਈਆਂ ਗਈਆਂ ਹਨ । ਇਸ ਮੌਕੇ ਮਾਣਯੋਗ ਜਸਟਿਸ ਸੂਰਯਾ ਕਾਂਤ, ਜਸਟਿਸ ਰਣਜੀਤ ਸਿੰਘ, ਜਸਟਿਸ ਕੇ.ਸੀ. ਪੁਰੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਸ਼੍ਰੀ ਰਾਜ ਸ਼ੇਖਰ ਅੱਤਰੀ ਨੇ ਕੋਰਟ ਕੰਪਲੈਕਸ ਵਿਖੇ ਬੂਟੇ ਵੀ ਲਗਾਏ ।
ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਬਲਬੀਰ ਸਿੰਘ, ਸਿਵਲ ਜੱਜ ਸੀਨੀਅਰ ਡਵੀਜ਼ਨ ਪਟਿਆਲਾ ਸ਼੍ਰੀ ਸ਼ਾਮ ਲਾਲ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਉਪ ਕੁਲਪਤੀ ਪ੍ਰੋ. ਪੀ.ਐਸ. ਜਾਇਸਵਾਲ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਸਮਾਣਾ ਸ਼੍ਰੀ ਮਨੋਜ ਕੁਮਾਰ ਸਿੰਗਲਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਸ਼੍ਰੀ ਜੇ.ਐਸ. ਗਰੇਵਾਲ, ਬਾਰ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਸ਼੍ਰੀ ਕੇ.ਐਸ. ਵਿਰਕ, ਮੀਤ ਪ੍ਰਧਾਨ ਸ਼੍ਰੀ ਰਵਿੰਦਰ ਸਹੋਤਾ, ਇੰਜੀਨੀਅਰ ਦੀਪਕ ਗੋਇਲ, ਇੰਜੀਨੀਅਰ ਐਸ.ਐਸ. ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਕੀਲ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ । ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ । ਅਖੀਰ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਸ਼੍ਰੀ ਰਾਜ ਸ਼ੇਖਰ ਅੱਤਰੀ ਨੇ ਆਏ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ।