December 10, 2011 admin

ਪੰਜਾਬ ਦੇ ਰਾਜਪਾਲ ਵੱਲੋਂ 72ਵੀਂ ਚਾਰ ਰੋਜ਼ਾ ਇੰਡੀਅਨ ਹਿਸਟਰੀ ਕਾਂਗਰਸ ਦੇ ਪਲਾਟੀਨਮ ਜੁਬਲੀ ਸਮਾਰੋਹ ਦਾ ਉਦਘਾਟਨ

ਪਟਿਆਲਾ: 10 ਦਸੰਬਰ : ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਸ਼ਿਵਰਾਜ ਵੀ. ਪਾਟਿਲ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ 72ਵੀਂ ਚਾਰ ਰੋਜ਼ਾ ਇੰਡੀਅਨ ਹਿਸਟਰੀ ਕਾਂਗਰਸ ਦੇ ਪਲਾਟੀਨਮ ਜੁਬਲੀ ਸਮਾਰੋਹ  ਦੇ ਉਦਘਾਟਨ ਸਮੇਂ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟਸ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇੰਡੀਅਨ ਹਿਸਟਰੀ ਕਾਂਗਰਸ ਦੇਸ਼ ਦੇ ਵੱਡਮੁੱਲੇ ਇਤਿਹਾਸ ਨੂੰ ਉਜਾਗਰ ਕਰਨ ਵਿੱਚ ਅਹਿਮ ਯੋਗਦਾਨ ਪਾਵੇਗੀ ਅਤੇ ਇਸ ਤੋਂ ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਹੋਰ ਨੇੜੇ ਤੋਂ ਜਾਨਣ ਦਾ ਮੌਕਾ ਮਿਲੇਗਾ ਜੋ ਭਵਿੱਖ ਵਿੱਚ ਉਹਨਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਦੀ ਵਿਆਪਕ ਖੋਜ ਕਰਕੇ ਭਾਰਤੀ ਇਤਿਹਾਸ ਲਿਖਣ ਵਾਲੇ ਕੈਂਬਰਿਜ ਅਤੇ ਆਕਸਫੋਰਡ ਦੇ ਇਤਿਹਾਸਕਾਰਾਂ ਨੂੰ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅਹਿਮ ਹਿੱਸਾ ਹੈ ਅਤੇ ਇਥੋਂ ਦੀ ਧਰਤੀ ‘ਤੇ ਮਹਾਂਭਾਰਤ , ਪਾਣੀਪਤ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਈ ਹੈ ਜਿਸ ਵਿੱਚ ਪੰਜਾਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਭ ਤੋਂ ਵੱਧ ਕੁਰਬਾਨੀਆਂ ਦਿੰਦੇ ਹੋਏ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ।  ਰਾਜਪਾਲ ਸ਼੍ਰੀ ਪਾਟਿਲ ਨੇ ਆਏ ਹੋਏ ਡੈਲੀਗੇਟਾਂ ਨੂੰ ਕਿਹਾ ਕਿ ਉਹ ਇਸ ਕਾਨਫਰੰਸ ਦੇ ਜਰੀਏ ਪੰਜਾਬ ਦੇ ਲੋਕਾਂ ਦੇ ਰਹਿਣ ਸਹਿਣ, ਇਥੋਂ ਦੀ ਆਰਥਿਕਤਾ, ਖੇਤੀਬਾੜੀ, ਸਮਾਜਿਕ ਤੇ ਸਭਿਆਚਾਰਕ ਮਾਹੌਲ, ਵੱਖ-ਵੱਖ ਧਰਮਾਂ ਅਤੇ ਪੰਜਾਬੀਆਂ ਦੀ ਖੁਲ੍ਹਦਿਲੀ ਬਾਰੇ ਜਾਣਕਾਰੀ ਹਾਸਲ ਕਰਕੇ ਜਾਣ ਜੋ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਇਤਿਹਾਸ ਨਾਲ ਜੋੜਨ ਵਿੱਚ ਸਹਾਈ ਸਾਬਤ ਹੋਵੇਗੀ । ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੇ ਦੇਸ਼ ਵਿੱਚ ਹਰੀ ਕਰਾਂਤੀ ਲਿਆਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ ਅਤੇ ਇਥੋਂ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਹੋਰਨਾਂ ਸੂਬਿਆਂ ਨਾਲੋਂ ਵੱਧ ਹਿੱਸਾ ਪਾਇਆ ਹੈ।
         ਸ਼੍ਰੀ ਪਾਟਿਲ ਨੇ ਇਤਿਹਾਸ ਦੇ ਖੋਜਾਰਥੀਆਂ ਨੂੰ ਕਿਹਾ ਕਿ ਅਜੇ ਵੀ ਬਹੁਤ ਚੀਜਾਂ ਅਜਿਹੀਆਂ ਹਨ ਜੋ ਕਿ ਇਤਿਹਾਸ ਵਿੱਚ ਲਿਖਣੋ ਰਹਿ ਗਈਆਂ ਹਨ ਇਸ ਲਈ ਖੋਜਾਰਥੀਆਂ ਨੂੰ ਨਵੀਂਆਂ ਖੋਜਾਂ ਕਰਕੇ ਆਪਣੇ ਇਤਿਹਾਸ ਨੂੰ ਹੋਰ ਅਮੀਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਦਾ ਕੋਈ ਵੀ ਭਾਗ ਅਜਿਹਾ ਨਹੀਂ ਜਿਸ ਦੀ ਇਤਿਹਾਸ ਰਾਹੀਂ ਵਿਆਖਿਆ ਨਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਅਤੇ ਆਪਣੀ ਸੋਚ ਹਮੇਸ਼ਾਂ ਹਾਂ ਪੱਖੀ ਰੱਖਣੀ ਚਾਹੀਦੀ ਹੈ ਤਾਂ ਹੀ ਅਸੀਂ ਦੇਸ਼ ਅਤੇ ਰਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸ਼੍ਰੀ ਪਾਟਿਲ ਨੇ ਕਾਨਫਰੰਸ ਵਿੱਚ ਆਏ ਡੈਲੀਗੇਟਸ ਨੂੰ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਰਾਹੀਂ ਇੱਕ ਰਾਜ ਦਾ ਦੂਜੇ ਰਾਜ ਨਾਲ ਸਭਿਆਚਾਰਕ ਅਦਾਨ ਪ੍ਰਦਾਨ ਅਤੇ ਆਪਸੀ ਭਾਈਚਾਰਾ ਹੋਰ ਵੀ ਮਜਬੂਤ ਹੁੰਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਦੇ ਨੇੜੇ ਹੋਣ ਕਾਰਨ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਬਾਹਰੀ ਹਮਲਾਵਰ ਨੇ ਦੇਸ਼ ਦੀ ਏਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬੀਆਂ ਨੇ ਸਭ ਤੋਂ ਮੋਹਰੀ ਹੋ ਕੇ ਦੁਸ਼ਮਣਾ ਦਾ ਸਾਹਮਣਾ ਕੀਤਾ ਹੈ। ਇਸ ਮੌਕੇ ਸ਼੍ਰੀ ਪਾਟਿਲ ਨੇ ਇੰਡੀਅਨ ਹਿਸਟਰੀ ਕਾਂਗਰਸ ਦਾ ਸੋਵੀਨਾਰ ਵੀ ਰਲੀਜ ਕੀਤਾ ।  ਇਸ ਤੋਂ ਇਲਾਵਾ ਉਨ੍ਹਾਂ ਭਾਰਤ ਦੇ ਇਤਿਹਾਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਕਿਤਾਬਾਂ ਅਤੇ ਪੇਪਰ ਲਿਖਣ ਵਾਲੇ ਬੁੱਧੀਜੀਵੀਆਂ ਨੂੰ ਸਨਮਾਨਿਤ ਵੀ ਕੀਤਾ।  ਇਸ ਮੌਕੇ ਇੰਡੀਅਨ ਹਿਸਟਰੀ ਕਾਂਗਰਸ ਦੇ ਉਪ ਪ੍ਰਧਾਨ ਪ੍ਰੋ: ਇਰਫਾਨ ਹਬੀਬ ਨੇ ਮਾਣਯੋਗ ਉਪ ਰਾਸ਼ਟਰਪਤੀ ਮੁਹੰਮਦ ਹਮੀਦ ਅੰਸਾਰੀ, ਜੋ ਕਿ ਖਰਾਬ ਮੌਸਮ ਹੋਣ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਦਾ ਅਤੇ ਸਕੱਤਰ ਪ੍ਰੋ: ਅਰੁਣ ਬੰਧੋਉਪਾਧਿਆਏ ਨੇ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਦਾ ਭਾਸ਼ਣ ਵੀ ਪੜ੍ਹ ਕੇ ਸੁਣਾਇਆ ।
         ਇਸ ਮੌਕੇ ਪੰਜਾਬ ਦੇ ਜੇਲ੍ਹਾਂ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰ: ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬਹੁਤ ਅਮੀਰ ਹੈ ਅਤੇ ਪੰਜਾਬੀਆਂ ਨੇ ਦੇਸ਼ ਦੀ ਆਣ ਤੇ ਸ਼ਾਨ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ ਨੂੰ ਬਹੁਤ ਸਾਰੇ ਰਿਸ਼ੀਆਂ ਮੁਨੀਆਂ ਦੇ ਕਦਮਾਂ ਦੀ ਛੋਹ ਪ੍ਰਾਪਤ ਹੈ । ਸ੍ਰ: ਗਾਬੜੀਆ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਦੇਸ਼ ਦੀ ਜੰਗ-ਏ-ਆਜ਼ਾਦੀ ਵਿੱਚ 80 ਫੀਸਦੀ ਤੋਂ ਵੀ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਜਦੋਂ ਵੀ ਦੇਸ਼ ਨੂੰ ਕਿਸੇ ਬਾਹਰੀ ਚੁਣੋਤੀ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬੀਆਂ ਨੇ ਉਸ ਦਾ ਮੁੰਹ ਤੋੜ ਜਵਾਬ ਦਿੱਤਾ। ਇਸ ਮੌਕੇ ਸ੍ਰ: ਗਾਬੜੀਆ ਨੇ ਪੰਜਾਬੀ ਯੂਨੀਵਰਸਿਟੀ ਦਾ ਸੋਵੀਨਾਰ ਜਾਰੀ ਕੀਤਾ।  ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ: ਗਾਬੜੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਰਾਸਤੀ ਕੇਂਦਰ ਖੋਲਣ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਅਮੀਰ ਇਤਿਹਾਸ ਬਾਰੇ ਵਿਸਥਾਰਪੂਰਬਕ ਜਾਣਕਾਰੀ ਇਕੱਤਰ ਕਰਕੇ ਰੱਖੀ ਜਾਵੇਗੀ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਚਾਨਣ ਮੁਨਾਰਾ ਸਾਬਤ ਹੋਵੇਗੀ।
         ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ ਨੇ ਮਾਣਯੋਗ ਰਾਜਪਾਲ ਅਤੇ ਹੋਰ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਯੂਨੀਵਰਸਿਟੀ ਵਿਖੇ ਵੱਖ-ਵੱਖ ਵਿਸ਼ਿਆਂ ‘ਤੇ ਅਡਵਾਂਸ ਸਟੱਡੀ ਸੈਂਟਰ ਖੋਲੇ ਗਏ ਹਨ ਅਤੇ ਸੂਫੀ ਸਟੱਡੀ ਲਈ ਬਾਬਾ ਫਰੀਦ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਭਰ ਵਿੱਚੋਂ 2000 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ।  ਇਸ ਮੌਕੇ ਡਾ: ਜਸਪਾਲ ਸਿੰਘ ਨੇ ਰਾਜਪਾਲ ਸ਼੍ਰੀ ਸ਼ਿਵਰਾਜ ਵੀ. ਪਾਟਿਲ ਅਤੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰ: ਹੀਰਾ ਸਿੰਘ ਗਾਬੜੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।  ਇਸ ਮੌਕੇ ਇੰਡੀਅਨ ਹਿਸਟਰੀ ਕਾਂਗਰਸ ਦੇ ਪ੍ਰੋ: ਬੀ.ਬੀ. ਚੌਧਰੀ ਨੇ ਪੂਰਬੀ ਭਾਰਤ ਵਿੱਚ ਸਾਲ 1856 ਤੋਂ 1922 ਤੱਕ ਚੱਲੀਆਂ ਕੱਟੜ ਆਦਿਵਾਸੀ ਲਹਿਰਾਂ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ । ਇਸ ਮੌਕੇ ਇੰਡੀਅਨ ਹਿਸਟਰੀ ਕਾਂਗਰਸ ਪਟਿਆਲਾ ਦੇ ਸਕੱਤਰ ਪ੍ਰੋ: ਜੇ.ਐਸ. ਗਰੇਵਾਲ ਨੇ ਰਾਜਪਾਲ ਪੰਜਾਬ ਅਤੇ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ, ਐਸ.ਐਸ.ਪੀ. ਪਟਿਆਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਿਲ ਗਰਗ, ਐਸ.ਪੀ . (ਓਪਰੇਸ਼ਨ) ਸ਼੍ਰੀ ਐਸ.ਐਸ. ਬੋਪਾਰਾਏ, ਐਸ.ਪੀ. (ਸਿਟੀ) ਸ੍ਰ: ਦਲਜੀਤ ਸਿੰਘ ਰਾਣਾ, ਪ੍ਰੋ: ਐਸ.ਜੈਡ.ਐਚ. ਜਾਫਰੀ, ਪ੍ਰੋ: ਐਨ. ਰਜਿੰਦਰਨ, ਪ੍ਰੋ: ਪੁਸ਼ਪਾ ਪ੍ਰਸ਼ਾਦ, ਪ੍ਰੋ: ਰਾਣਾਬੀਰ ਚੱਕਰਵਰਤੀ, ਡਾ: ਸੁਕੰਦਰਾ ਘੋਸ਼, ਡਾ: ਅਪੂਰਵਾ ਚੱਕਰਵਰਤੀ, ਪ੍ਰੋ: ਇੰਦੂ ਬੰਗਾ, ਪ੍ਰੋ: ਸਤੀਸ਼ ਵਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟ ਅਤੇ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਮੌਜੂਦ ਸਨ।

Translate »