ਚੰਡੀਗੜ੍ਹ, ੧੨ ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਕਾਂਗਰਸ ਵਲੋਂ ਅਖਬਾਰੀ ਇਸ਼ਤਿਹਾਰਾਂ ਰਾਹੀਂ ਪੰਜਾਬੀਆਂ ਨੂੰ ਪਾਏ ਗਏ ”੫੧ ਝੂਠਾਂ” ਦੇ ਸ਼ਗਨ ਦਾ ਖਮਿਆਜਾ ਉਸ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦੇ ਰੂਪ ਵਿਚ ਭੁਗਤਣਾ ਪਵੇਗਾ।
ਪ੍ਰੋ. ਚੰਦੂਮਾਜਰਾ ਨੇ ਅੱਜ ਇਥੇ ਜਾਰੀ ਆਪਣੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੇ ਅਣਖੀ ਲੋਕ ਕਾਂਗਰਸ ਵਲੋਂ ਪਾਏ ਇਸ ਝੂਠ ਦੇ ਸ਼ਗਨ ਦਾ ਮਜ਼ਾ ਉਸ ਨੂੰ ਚੋਣਾਂ ਵਿਚ ਹਾਰ ਦੇ ਰੂਪ ਵਿਚ ਜਰੂਰ ਚਖਾਉਣਗੇ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਪੰਜਾਬ ਦੇ ਵਿਕਾਸ ਦਾ ਇੱਕ ਵੀ ਕੰਮ ਅਜਿਹਾ ਨਹੀਂ ਕੀਤਾ ਜਿਸ ਦੇ ਸਹਾਰੇ ਵੋਟਾਂ ਮੰਗੀਆਂ ਜਾ ਸਕਣ।ਇਸ ਲਈ ਹੀ ਕਾਂਗਰਸ ਹੁਣ ਝੂਠੀਆਂ ਪ੍ਰਾਪਤੀਆਂ ਗਿਣਾ ਗਿਣਾ ਕੇ ਆਪਣੀ ਨਖਿੱਧ ਕਾਰਗੁਜ਼ਾਰੀ ਉੱਤੇ ਪਰਦਾ ਪਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿਉਂ ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆਉਣਗੀਆਂ ਕਾਂਗਰਸ ਪਾਰਟੀ ਵਲੋਂ ਬੋਲੇ ਜਾਣ ਵਾਲੇ ਝੂਠਾਂ ਦੀ ਗਿਣਤੀ ਵੱਧਦੀ ਹੀ ਜਾਵੇਗੀ।ਉਹਨਾਂ ਕਿਹਾ ਕਿ ਇਹਨਾਂ ੫੧ ਝੂਠਾਂ ਤੋਂ ਬਾਅਦ ਕਾਂਗਰਸ ੧੦੧ ਅਤੇ ਫਿਰ ੫੦੧ ਝੂਠ ਹੋਰ ਬੋਲੇਗੀ ਕਿਉਂਕਿ ਇੱਕ ਝੂਠ ਨੂੰ ਛੁਪਾਉਣ ਲਈ ਇੱਕ ਸੌ ਝੂਠ ਹੋਰ ਬੋਲਣੇ ਪੈ’ਦੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਚੋਣ ਮੈਦਾਨ ਵਿਚ ”ਨਿਬੇੜੇ ਅਮਲਾਂ ਦੇ ਹੀ ਹੋਣਗੇ” ਅਤੇ ਝੂਠ, ਫੋਕੀਆਂ ਫੜਾਂ ਅਤੇ ਭਬਕੀਆਂ ਨੂੰ ਕਿਸੇ ਨੇ ਨਹੀਂ ਪੁੱਛਣਾ। ਪ੍ਰੋ. ਚੰਦੂਮਜਾਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਉੱਚੀ ਸੁਰ ਵਿਚ ਕੀਤੀਆਂ ਜਾ ਰਹੀਆਂ ਗੱਲਾਂ ”ਖਾਲੀ ਭਾਂਡੇ ਦੇ ਵੱਧ ਖੜਕਣ” ਦਾ ਪ੍ਰਤੱਖ ਸਬੂਤ ਹਨ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ ਵਿਚ ਕੀਤੇ ਗਏ ਲਾਮਿਸਾਲ ਤੇ ਸਰਬਪੱਖੀ ਵਿਕਾਸ ਨੇ ਪੰਜਾਬ ਕਾਂਗਰਸ ਕੋਲ ਕਹਿਣ ਲਈ ਕੁਝ ਵੀ ਨਹੀਂ ਛੱਡਿਆ ਅਤੇ ਚੋਣਾਂ ਵਿਚ ਆਪਣੀ ਪ੍ਰਤੱਖ ਦਿਸ ਰਹੀ ਹਾਰ ਕਾਰਨ ਬੌਖਲਾਏ ਹੋਏ ਕਾਂਗਰਸੀ ਆਗੂ ਸਸਤੀ ਸ਼ੋਹਰਤ ਹਾਸਲ ਕਰਨ ਲਈ ਪਹਿਲਾਂ ‘ਗਾਲੀ ਗਲੋਚ’ ਫਿਰ ”ਖੂੰਡੇ ਦਿਖਾਉਣ” ਵਰਗੀਆਂ ਘਟੀਆ ਕਾਰਵਾਈਆਂ ਉੱਤੇ ਉਤਰਣ ਤੋਂ ਬਾਅਦ ਝੂਠ ਦਾ ਸਹਾਰਾ ਲੈ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਝੂਠ ਦੇ ਪੈਰ ਨਹੀਂ ਹੁੰਦੇ, ਇਸ ਲਈ ਅਉਣ ਵਾਲੀ ਵਿਧਾਨ ਸਭਾ ਚੋਣ ਵਿਚ ਪੰਜਾਬ ਵਿਚੋਂ ਕਾਂਗਰਸ ਪਾਰਟੀ ਦੇ ਪੈਰ ਪੂਰੀ ਤਰਾਂ ਉਖੜ ਜਾਣਗੇ।