December 12, 2011 admin

ਘੋੜੇ, ਬੱਕਰੀਆਂ, ਸੂਰ ਅਤੇ ਮੱਛੀ ਪਾਲਣ ਵਰਗੇ ਸਹਾਇਕ ਧੰਦੇ ਵੀ ਕਿਸਾਨਾਂ ਲਈ ਲਾਹੇਵੰਦ।

ਫ਼ਤਹਿਗੜ੍ਹ ਸਾਹਿਬ: 12 ਦਸੰਬਰ

       ਵਧੇਰੇ ਦੁੱਧ ਦੇਣ ਵਾਲੀਆਂ  ਗਾਵਾਂ  ਅਤੇ ਮੱਝਾਂ  ਤੋਂ ਇਲਾਵਾਂ  ਘੋੜੇ, ਬੱਕਰੀਆਂ, ਸੂਰ ਅਤੇ ਮੱਛੀ ਪਾਲਣ ਵਰਗੇ ਸਹਾਇਕ ਧੰਦੇ ਵੀ ਕਿਰਸਾਨੀ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਆਮਦਨ ਦਾ ਪ੍ਰਮੁੱਖ ਸਾਧਨ ਬਣ ਸਕਦੇ ਹਨ ਕਿਉਂਕਿ ਇਨ੍ਹਾਂ ਸਹਾਇਕ ਧੰਦਿਆਂ ਨੂੰ ਵਿਗਿਆਨਕ ਢੰਗ ਤਰੀਕੇ ਨਾਲ ਅਪਣਾ ਕੇ ਕਿਸਾਨ ਆਰਥਿਕ ਤੌਰ ‘ਤੇ ਹੋਰ ਮਜਬੂਤ ਹੋ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਕਮਿਸ਼ਨਰ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਸ੍ਰੀ ਗੁਰਿੰਦਰ ਜੀਤ ਸਿੰਘ ਸੰਧੂ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਮਹਾਦੀਆਂ ਵਿਖੇ ਆਯੋਜਤ ਕੀਤੇ 7 ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਲੁਧਿਆਣਾ, ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੀ ਤਿੰਨ ਰੋਜਾ ‘ਪੰਜਾਬ ਰਾਜ ਖੇਤਰੀ ਪਸ਼ੂਧਨ ਚੈਂਪੀਅਨਸ਼ਿਪ’ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਇਕੱਤਰ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕੀਤਾ।

         ਸ. ਸੰਧੂ ਨੇ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਅਜਿਹੇ ਪਸ਼ੂ ਮੇਲਿਆਂ ‘ਚ ਸ਼ਮੂਲੀਅਤ ਕਰਕੇ ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਤੋਂ ਪਸ਼ੂ ਪਾਲਣ ਦੀਆਂ ਆਧੁਨਿਕ ਤਕਨੀਕਾਂ ਦੀ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਅਤੇ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ ਵਾਸਤੇ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਦੁਧਾਰੂ ਪਸ਼ੂਆਂ ਨੂੰ ਸਿਹਤਯਾਬ ਬਨਾਉਣ ਵਾਸਤੇ ਵਿਭਾਗ ਵੱਲੋਂ ਉੱਤਮ ਕਿਸਮ ਦਾ ਹਰਾ ਚਾਰਾ ਪੈਦਾ ਕਰਨ ਲਈ ਕਰੀਬ 4 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾ ਕੇ 32/- ਰੁਪਏ ਕਿਲੋ ਦੇ ਹਿਸਾਬ ਨਾਲ ਬਰਸੀਮ ਦਾ ਬੀਜ ਪਸ਼ੂ ਪਾਲਕਾਂ ਨੂੰ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਬੱਕਰੀਆਂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਵਾਸਤੇ ਹਰੇਕ ਯੂਨਿਟ ਲਈ 85 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਸੂਰ ਪਾਲਣ ਲਈ ਹਰੇਕ ਯੂਨਿਟ ਨੂੰ 1 ਲੱਖ 70 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।

         ਵਿੱਤ ਕਮਿਸ਼ਨਰ ਨੇ ਦੱਸਿਆ ਕਿ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਵਾਸਤੇ ਪਿਛਲੇ 5 ਸਾਲਾਂ ਦੌਰਾਨ ਲਾਭਪਾਤਰਾਂ ਨੂੰ ਕਰੀਬ 17 ਕਰੋੜ 35 ਲੱਖ ਦੀ ਕਰਜ਼ੇ ਵੱਖ-ਵੱਖ ਬੈਂਕਾਂ ਤੋਂ ਦਿਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਮੱਛੀ ਪਾਲਕਾਂ ਨੂੰ 1 ਕਰੋੜ 90 ਲੱਖ ਰੁਪਏ ਦੀ ਸਬਸਿਡੀ ਨਵੇਂ ਛੱਪੜ ਬਨਾਉਣ ਤੇ ਪੁਰਾਣੇ ਛੱਪੜਾ ਦੀ ਮੁਰੰਮਤ ਅਤੇ ਮੱਛੀਆਂ ਦੀ ਖਾਦ-ਖੁਰਾਕ ਵਾਸਤੇ ਵੰਡੀ ਗਈ। ਸ. ਸੰਧੂ ਨੇ ਹੋਰ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ ਕਰੀਬ 97 ਹਜ਼ਾਰ ਟਨ ਤੋਂ ਵਧੇਰੇ ਮੱਛੀ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 14 ਮੱਛੀ ਪੂੰਗ ਕੇਂਦਰ ਵੀ ਸਥਾਪਤ ਕੀਤੇ ਗਏ ਹਨ ਜਿੱਥੇ ਕਿ ਹਰ ਸਾਲ 1680 ਲੱਖ ਤੋਂ ਵੱਧ ਚੰਗੀ ਨਸਲ ਦੀ ਮੱਛੀ ਪੂੰਗ ਦੀ ਪੈਦਾਵਾਰ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੱਛੀ ਪਾਲਣ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ 16 ਹਜ਼ਾਰ 317 ਸਿੱਖਿਆਰਥੀਆਂ ਨੂੰ ਮੱਛੀ ਪਾਲਣ ਦੇ ਧੰਦੇ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਗਈ।  

         ਸ. ਸੰਧੂ ਨੇ ਇਸ ਮੌਕੇ ਪਹਿਲੇ ਦਿਨ ਹੋਏ ਪਸ਼ੂਧਨ ਅਤੇ ਮੱਝਾਂ ਤੇ ਗਾਵਾਂ ਦੇ ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਸੰਯੁਕਤ ਸਕੱਤਰ ਪਸ਼ੂ ਪਾਲਣ ਵਿਭਾਗ ਸ਼੍ਰੀਮਤੀ ਅਮਨਦੀਪ ਕੌਰ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ਼੍ਰੀ ਐਚ.ਐਸ. ਸੰਧਾ, ਡਾਇਰੈਕਟਰ ਮੱਛੀ ਪਾਲਣ ਸ਼੍ਰੀ ਬੀ.ਕੇ. ਸੂਦ, ਡਾਇਰੈਕਟਰ ਡੇਅਰੀ ਸ਼੍ਰੀ ਇੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਫਤਹਿਗੜ੍ਹ ਸਾਹਿਬ ਡਾ. ਜਤਿੰਦਰ ਸਿੰਘ, ਡਿਪਟੀ ਡਾਇਰੈਕਟਰ ਸ਼੍ਰੀ ਰਵੀ ਭੂਸ਼ਣ, ਡਿਪਟੀ ਡਾਇਰੈਕਟਰ ਡਾ. ਜੈ ਦੇਵ ਸਿੰਘ, ਡਾ. ਪਰਮਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਸ਼ੂ ਪਾਲਕ ਵੀ ਹਾਜ਼ਰ ਸਨ।

         ਪਹਿਲੇ ਦਿਨ ਹੋਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ: ਸਭ ਤੋਂ ਵਧੀਆ ਵਛੇਰਾ ਨੁਕਰਾ ਦੇ ਮੁਕਾਬਲੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਉੱਚਾ ਗਾਂਵ ਪਿੰਡ ਦੇ ਸ਼੍ਰੀ ਕੁਲਵਿੰਦਰ ਸਿੰਘ ਦਾ ਵਛੇਰਾ ਪਹਿਲੇ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਮਾਣੋਂ ਦੇ ਸ਼੍ਰੀ ਅਮਰਿੰਦਰ ਸਿੰਘ ਦਾ ਵਛੇਰਾ ਦੂਜੇ ਅਤੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਸੈਦਪੁਰ ਦੇ ਸ਼੍ਰੀ ਭਗਤ ਸਿੰਘ ਦਾ ਵਛੇਰਾ ਤੀਜੇ ਸਥਾਨ ‘ਤੇ ਰਿਹਾ। ਸਭ ਤੋਂ ਵਧੀਆ ਮਛੇਰਾ ਮਾਰਵਾੜੀ ਦੇ ਮੁਕਾਬਲੇ ਵਿੱਚ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੋਹਨਮਾਜਰਾ ਦੇ ਸ. ਜਗਜੀਤ ਸਿੰਘ ਦਾ ਵਛੇਰਾ ਪਹਿਲੇ, ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਲੋਵਾਲ ਦੇ ਸ਼੍ਰੀ ਧਰਮਿੰਦਰ ਸਿੰਘ ਦਾ ਵਛੇਰਾ ਦੂਜੇ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਇਸਮਾਇਲਪੁਰ ਦੇ ਸ਼੍ਰੀ ਧਰਵੀਰ ਸਿੰਘ ਦਾ ਵਛੇਰਾ ਤੀਜੇ ਸਥਾਨ ‘ਤੇ ਰਿਹਾ।  ਦੁੱਧ ਦਿੰਦੀ ਐਚ.ਐਫ. ਗਾਂ ਦੇ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਚੀਮਨਾ ਪਿੰਡ ਦੇ ਸ਼੍ਰੀ ਅਮਰਜੀਤ ਸਿੰਘ ਦੀ ਗਾਂ ਪਹਿਲੇ, ਸੰਗਰੂਰ ਜ਼ਿਲ੍ਹੇ ਦੇ ਪਿੰਡ ਸੇਰੋਂ ਦੇ ਸਿੱਧੂ ਫਾਰਮ ਦੀ ਗਾਂ ਦੂਜੇ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਉੱਚੀ ਰੂੜਕੀ ਦੇ ਸ਼੍ਰੀ ਬਲਵਿੰਦਰ ਸਿੰਘ ਦੀ ਗਾਂ ਤੀਜੇ ਸਥਾਨ ‘ਤੇ ਰਹੀ। ਦੁੱਧ ਦਿੰਦੀ ਸਾਹੀਵਾਲ ਗਾਂ ਦੇ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੇ ਵਿਸ਼ਵ ਨਾਮਧਾਰੀ ਸੰਗਤ ਦੀ ਗਾਂ ਪਹਿਲੇ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੇ ਵਿਸ਼ਵ ਨਾਮਧਾਰੀ ਸੰਗਤ ਦੀ ਗਾਂ ਦੂਜੇ ਅਤੇ ਲੁਧਿਆਣਾ ਜ਼ਿਲ੍ਹੇ ਦੇ ਹੀ ਪਿੰਡ ਰੋਹਲਾਂ ਦੇ ਸ਼੍ਰੀ ਰਣਜੀਤ ਸਿੰਘ ਦੀ ਗਾਂ ਤੀਜੇ ਸਥਾਨ ‘ਤੇ ਰਹੀ। ਸਭ ਤੋਂ ਵਧੀਆ ਵਛੇਰੀ ਨੁਕਰੀ ਦੇ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੌਣੀ ਦੇ ਸ਼੍ਰੀ ਸਰਬਜੀਤ ਸਿੰਘ ਦੀ ਵਛੇਰੀ ਪਹਿਲੇ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਾਜਪੁਰ ਦੇ ਸ਼੍ਰੀ ਅਮਨਪ੍ਰੀਤ ਸਿੰਘ ਦੀ ਵਛੇਰੀ ਦੂਜੇ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਰੋੜਾ ਦੇ ਸ਼੍ਰੀ ਬਲਰਾਜ ਸਿੰਘ ਦੀ ਵਛੇਰੀ ਤੀਜੇ ਸਥਾਨ ‘ਤੇ ਰਹੀ। ਵਧੀਆ ਜਰਸੀ ਕਰਾਸ ਗਾਂ ਦੇ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਪਿੰਡ ਚੀਮਨਾ ਦੇ ਸ਼੍ਰੀ ਅਮਰਜੀਤ ਸਿੰਘ ਦੀ ਗਾਂ ਪਹਿਲੇ, ਮੁਹਾਲੀ ਜ਼ਿਲ੍ਹੇ ਦੇ ਪਿੰਡ ਗੜਾਂਗਾ ਦੇ ਕਮਲਜੀਤ ਸਿੰਘ ਡੇਅਰੀ ਫਾਰਮ ਦੀ ਗਾਂ ਦੂਜੇ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਲੋਹਰਾਂ ਕਲਾਂ ਦੇ ਸ਼੍ਰੀ ਕੇਸਰ ਸਿੰਘ ਦੀ ਗਾਂ ਤੀਜੇ ਸਥਾਨ ‘ਤੇ ਰਹੀ। ਸਭ ਤੋਂ ਵਧੀਆ ਮੁਰੱਹਾ ਮੱਝ ਦੇ ਮੁਕਾਬਲੇ ਵਿੱਚ ਫਤਹਿਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਸ਼੍ਰੀ ਬਲਵਿੰਦਰ ਸਿੰਘ ਦੀ ਮੱਝ ਪਹਿਲੇ, ਰੁੜਕੀ ਦੇ ਹੀ ਸ਼੍ਰੀ ਦਵਿੰਦਰ ਸਿੰਘ ਦੀ ਮੱਝ ਦੂਜੇ ਸਥਾਨ ‘ਤੇ ਰਹੀ ਅਤੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਲਠੇੜੀ ਦੇ ਸ਼੍ਰੀ ਮਨਪ੍ਰੀਤ ਸਿੰਘ ਦੀ ਮੱਝ ਤੀਜੇ ਸਥਾਨ ‘ਤੇ ਰਹੀ

Translate »