December 12, 2011 admin

ਲੋਕ ਪਾਰਟੀ ਕਾਰਗੁਜਾਰੀ ਦੇ ਅਧਾਰ ਤੇ ਵੋਟਾਂ ਪਾਉਣ – ਸੁਖਬੀਰ ਸਿੰਘ ਬਾਦਲ

੍ਹ         ਭਾਜਪਾ ਨਾਲ ਸੀਟਾਂ ਦੇ  ਵਟਾਂਦਰੇ ਬਾਰੇ ਗੱਲਬਾਤ ਅੰਤਿਮ ਦੌਰ ‘ਚ
੍ਹ         ਸ਼੍ਰੋਮਣੀ ਅਕਾਲੀ ਦਲ ਵਲੋਂ ਟਿਕਟਾਂ ਦਾ ਐਲਾਨ ਕੁਝ ਹੀ ਦਿਨਾਂ ਵਿੱਚ
ਅੰਮ੍ਰਿਤਸਰ/ਰਾਜਾਸਾਂਸੀ, 12 ਦਸੰਬਰ: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਵੋਟ ਦੀ ਵਰਤੋਂ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦੇ ਅਧਾਰ ‘ਤੇ ਕਰਨ। ਸ੍ਰ ਰਮਿੰਦਰ ਸਿੰਘ ਬੁਲਾਰੀਆ ਯਾਦਗਾਰੀ ਪਾਰਕ ਦਾ ਉਦਘਾਟਨ ਅਤੇ ਇਸ ਮੌਕੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਅੱਗੇ ਵਿਕਾਸ ਦੇ ਕੀਤੇ ਕੰਮਾਂ ਦਾ ਵਿਸਥਾਰਤ ਬਿਓਰਾ ਰੱਖਿਆ ਹੈ ਜਦ ਕਿ ਇਸ ਤੋਂ ਪਹਿਲਾਂ ਸਾਡੇ ਵਿਰੋਧੀ ਧਿਰ ਦੀ ਸਰਕਾਰ ਦੀ ਵਿਕਾਸ ਕੰਮਾਂ ਵਿੱਚ ਜ਼ੀਰੋ ਪ੍ਰਗਤੀ ਰਹੀ ਹੈ। ਸੋ, ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਆਉਂਦੇ 5 ਸਾਲਾਂ ਵਿੱਚ ਵਿਕਾਸ ਦੀ ਇਹ ਲਹਿਰ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਕਾਂਗਰਸ ਨੂੰ ਸੱਦਾ ਦੇ ਕੇ ਪੰਜਾਬ ਨੂੰ ਮੂਧੇ ਮੂੰਹ ਪਾਉਣੇ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਰੋਜ਼ਾਨਾ ਵਿਕਾਸ ਦੀਆਂ ਨਵੀਂਆਂ ਪੁਲਾਂਘਾ ਪੁੱਟ ਰਹੇ ਹਾਂ ਜਿਸ ਨੂੰ ਕਾਂਗਰਸ ਵੀ ਨਜ਼ਰ ਅੰਦਾਜ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਪੰਜਾਬ ਨੇ ਹਰ ਖੇਤਰ ਵਿੱਚ ਵੱਡਾ ਵਿਕਾਸ ਕੀਤਾ ਹੈ, ਜਿਸ ਵਿੱਚ 6669 ਕਰੋੜ ਰੁਪਏ ਸੜਕਾਂ   ਉਤੇ,  42 ਰੇਲਵੇ ਫਲਾਈ ਓਵਰਜ਼ ਉਤੇ 414 ਕਰੋੜ ਰੁਪਏ, ਬਠਿੰਡਾ ਜਿਥੇ ਕਿ 37 ਹਜ਼ਾਰ ਲੋਕਾਂ ਨੂੰ ਰੁਜਗਾਰ ਮਿਲਣਾ ਹੈ, ਉਥੇ 19 ਹਜ਼ਾਰ ਕਰੋੜ ਰੁਪਏ, ਸਿੰਚਾਈ ਨੈਟਵਰਕ ਵਿੱਚ ਸੁਧਾਰ ਲਈ 3715 ਕਰੋੜ ਰੁਪਏ ਅਤੇ ਹੋਰ ਵਿਕਾਸ ਕਾਰਜਾਂ ਉਤੇ ਕਰੋੜਾਂ ਰੁਪਏ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ 5 ਸਾਲ ਦੇ ਰਾਜ ਵਿੱਚ ਕੇਵਲ 2 ਹਜ਼ਾਰ ਅਧਿਆਪਕ ਠੇਕੇ ਤੇ ਭਰਤੀ ਕੀਤੇ ਸਨ, ਜਦ ਕਿ ਸ਼੍ਰੋਮਣੀ ਅਕਾਲੀ-ਭਾਜਪਾ ਸਰਕਾਰ ਨੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰੁਜਗਾਰ ਦਿੱਤਾ ਹੈ, ਜਿਸ ਵਿੱਚ 60 ਹਜ਼ਾਰ ਅਧਿਆਪਕ ਅਤੇ 20 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਨਿਯੁਕਤੀਆਂ ਵਿੱਚ ਕੋਈ ਪੱਖਪਾਤ ਜਾਂ ਭ੍ਰਿਸ਼ਟਾਚਾਰ ਨਹੀਂ ਕੀਤਾ ਅਤੇ  ਮੈਰਿਟ ਦੇ ਅਧਾਰ ‘ਤੇ ਨਿਯੁਕਤੀਆਂ ਕੀਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਆਪਣੀ ਸੱਤਾ ਦੌਰਾਨ ਕੇਵਲ ਤੇ ਕੇਵਲ ਘੁੰਮਣ ਫਿਰਨ ਲਈ ਵਿਦੇਸ਼ਾਂ ਦੇ ਦੌਰੇ ਹੀ ਕੀਤੇ। ਅੰਮ੍ਰਿਤਸਰ ਸ਼ਹਿਰ ਬਾਰੇ   ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਇਸ ਦੇ ਵਿਕਾਸ ਉਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਕਾਂਗਰਸ ਸਰਕਾਰ ਨੇ ਅੰਮ੍ਰਿਤਸਰ ਨਗਰ ਨਿਗਮ ਨੂੰ ਕੇਵਲ ਤੇ ਕੇਵਲ 38 ਕਰੋੜ ਰੁਪਏ ਦਿੱਤੇ ਸਨ ਜਦ ਕਿ ਅਸੀਂ 1500 ਕਰੋੜ ਰੁਪਏ ਇਸ ਸ਼ਹਿਰ ਦੇ ਵਿਕਾਸ ਉਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਐਲੀਵੇਟਿਡ ਸੜਕ ਉਤੇ 312 ਕਰੋੜ ਰੁਪਏ ਅਤੇ ਗੋਲਡਨ ਟੈਂਪਲ ਪਲਾਜਾ ਪ੍ਰਾਜੈਕਟ ਉਤੇ 820 ਕਰੋੜ ਰੁਪਏ ਖਰਚੇ ਜਾ ਰਹੇ ਹਨ।
         ਭਾਜਪਾ ਨਾਲ ਸੀਟਾਂ ਦੇ ਵਟਾਂਦਰੇ ਬਾਰੇ ਪੁੱਛੇ ਜਾਣ ਉਤੇ ਸ੍ਰ ਬਾਦਲ ਨੇ ਕਿਹਾ ਕਿ ਇਸ ਬਾਰੇ ਭਾਜਪਾ ਨਾਲ ਗੱਲਬਾਤ ਅੰਤਿਮ ਦੌਰ ਵਿੱਚ ਹੈ ਅਤੇ ਛੇਤੀ ਹੀ ਫੈਸਲਾ ਹੋ ਜਾਵੇਗਾ। ਉਨ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ  ਉਮੀਦਵਾਰਾਂ ਦਾ ਐਲਾਨ ਕਰ ਦੇਵੇਗਾ। ਉਨ੍ਹਾਂ ਕਿਹਾ ਕਿ 2012 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ 90 ਤੋਂ ਵੱਧ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਕਾਂਗਰਸ ਦੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਤੋਂ ਲੋਕ ਔਖੇ ਹੋਏ ਪਏ ਹਨ। ਅੰਨਾ ਹਜ਼ਾਰੇ ਦੀ ਮੁਹਿੰਮ ਬਾਰੇ ਪੁੱਛੇ ਜਾਣ ਤੇ ਸ੍ਰ ਬਾਦਲ ਨੇ ਕਿਹਾ ਕਿ ਅੰਨਾ ਦਾ ਜਨ ਲੋਕਪਾਲ ਅਤੇ ਸਾਡੇ ਵੱਲੋਂ ਲਿਆਂਦਾ ਸੇਵਾ ਅਧਿਕਾਰ ਕਾਨੂੰਨ ਦਾ ਇਕੋ ਇਕ ਮਕਸਦ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੇਣਾ ਹੀ ਹੈ। ਸ੍ਰ ਬਾਦਲ ਨੇ ਸੰਸਦੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਸੀਨੀਅਰ ਅਕਾਲੀ ਨੇਤਾ ਸ੍ਰ ਵੀਰ ਸਿੰਘ ਲੋਪੋਕੇ ਨੂੰ ਵਿਸ਼ਾਲ ਰੈਲੀਆਂ ਕਰਨ ਉਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਝੇ ਦੇ ਲੋਕ ਜੋ ਕਿ ਆਪਣੀ ਬਹਾਦਰੀ ਕਰਕੇ ਜਾਣੇ ਜਾਂਦੇ ਹਨ, ਇਸ ਵਾਰ ਪੰਜਾਬ ਦਾ ਨਵਾਂ ਇਤਿਹਾਸ ਸਿਰਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
         ਸ੍ਰ ਦਯਾ ਸਿੰਘ ਕੱਕੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ-ਰਾਜਾਸਾਂਸੀ ਵਿਖੇ ਹੋਈ ਵਿਸ਼ਾਲ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ੍ਰ ਦਯਾ ਸਿੰਘ ਕੱਕੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ੍ਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ।
         ਅੱਜ ਦੀਆਂ ਰੈਲੀਆਂ ਨੂੰ ਸੰਸਦ ਮੈਂਬਰ ਸ੍ਰ ਨਵਜੋਤ ਸਿੰਘ ਸਿੱਧੂ, ਯੂਥ ਅਕਾਲੀ ਦੇ ਪ੍ਰਧਾਨ ਸ੍ਰ ਬਿਕਰਮ ਸਿੰਘ ਮਜੀਠੀਆ, ਸੰਸਦੀ ਸਕੱਤਰ ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਸ੍ਰ ਵੀਰ ਸਿੰਘ ਲੋਪੋਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਸ੍ਰ ਬਲਵੰਤ ਸਿੰਘ ਰਾਮੂਵਾਲੀਆ, ਵਿਧਾਇਕ ਅਨਿਲ ਜੋਸੀ, ਵਿਧਾਇਕ ਸ੍ਰ ਮਲਕੀਤ ਸਿੰਘ ਏ:ਆਰ, ਸ੍ਰੀ ਬਲਦੇਵ ਰਾਜ ਚਾਵਲਾ, ਚੇਅਰਮੈਨ ਸੀਵਰੇਜ ਬੋਰਡ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ  ਸ੍ਰ ਜੋਧ ਸਿੰਘ ਸਮਰਾ, ਸ੍ਰ ਸੁਰਜੀਤ ਸਿੰਘ ਭਿੱਟੇਵੱਢ, ਸ੍ਰ ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਸ੍ਰ ਉਪਕਾਰ ਸਿੰਘ ਸੰਧੂ ਆਦਿ ਵੀ ਹਾਜਰ ਸਨ। 

Translate »