ਚੰਡੀਗੜ੍ਹ, ੧੨ ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਰਾਜ ਮੈਂਬਰ ਸ੍ਰ. ਬਲਵਿੰਦਰ ਸਿੰਘ ਭੂੰਦੜ ਨੇ ਅੱਜ ਇਥੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕਿ ਜੇ ਪੰਜਾਬ ਵਿਚ ਕਾਂਗਰਸ ਸਰਕਾਰ ਬਣ ਗਈ ਤਾਂ ਵੀ ਉਹ ਅਕਾਲੀ-ਭਾਜਪਾ ਸਰਕਾਰ ਦੇ ਫੈਸਲਿਆਂ ਨੂੰ ਨਹੀਂ ਬਦਲੇਗੀ ਸਾਡੀ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਫੈਸਲਿਆਂ ਦੇ ਦਰੁੱਸਤ ਅਤੇ ਲੋਕਪੱਖੀ ਹੋਣ ਦਾ ਮੂੰਹ ਬੋਲਦਾ ਸਬੂਤ ਹੈ।
ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਸ੍ਰ. ਭੂੰਦੜ ਨੇ ਕਿਹਾ ਕਿ ਉਂਜ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਲੋਕਪੱਖੀ ਫੈਸਲਿਆਂ ਬਾਰੇ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਕਾਂਗਰਸੀ ਸਰਕਾਰ ਬਨਣ ਸਬੰਧੀ ਅੰਨੇ ਪੈਰ ਬਟੇਰਾ ਆਉਣ ਦੇ ਜੋ ਸੁਪਨੇ ਉਹ ਲੈ ਰਹੇ ਹਨ ਉਹ ਕਦੇ ਵੀ ਪੂਰੇ ਨਹੀਂ ਹੋਣਗੇ।ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਪਹਿਲਾਂ ਹੀ ਦਰਵੇਸ਼ ਸਿਆਸਤਦਾਨ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲ਼ੀ-ਭਾਜਪਾ ਸਰਕਾਰ ਮੁੜ ਕਾਇਮ ਕਰਕੇ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਲਹਿਰ ਚਲਦੀ ਰੱਖਣ ਦਾ ਮਨ ਬਣਾਈ ਬੈਠੀ ਹੈ।ਸ੍ਰ. ਭੂੰਦੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਫੈਸਲਿਆਂ ਉੱਤੇ ਨਜ਼ਰਸਾਨੀ ਕਰਨ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੀ ਲੋਕਾਂ ਕੈਪਟਨ ਅਮਰਿੰਦਰ ਸਿੰਘ ਨੂੰ ਫੈਸਲੇ ਕਰਨ ਜਾਂ ਬਦਲਣ ਦੀ ਖੇਚਲ ਕਰਨ ਦਾ ਮੌਕਾ ਹੀ ਨਹੀਂ ਦੇਣਗੇ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਖੇਤੀ ਟਿਊਬਵੈਲਾਂ ਲਈ ਮੁਫਤ ਬਿਜਲੀ ਪਾਣੀ ਦੇਣ ਅਤੇ ਸੂਬੇ ਦੀ ਆਰਥਿਕਤਾ ਦੀ ਕਾਇਆ ਕਲਪ ਕਰਨ ਦੇਣ ਵਾਲੀ ਤੇਲ ਰੀਫਾਈਨਰੀ ਸਥਾਪਤ ਕਰਨ ਦੇ ਫੈਸਲਿਆਂ ਨੂੰ ਆਪਣੀ ਪਿਛਲੀ ਸਰਕਾਰ ਦੀ ਮਿਆਦ ਦੌਰਾਨ ਰੱਦ ਕਰ ਦੇਣ ਕਾਰਨ ਕੈਪਟਨ ਅਮਰਿੰਦਰ ਸਿੰਘ ਉਤੇ ਇਹ ਭੋਰਾ ਵੀ ਵਿਸ਼ਵਾਸ਼ ਨਹੀਂ ਰਿਹਾ।ਇਸ ਲਈ ਉਹ ਕੈਪਟਨ ਨੂੰ ਅਜਿਹਾ ਮੌਕਾ ਹੀ ਨਹੀਂ ਦੇਣਾ ਕਿ ਉਹ ਲੋਕ-ਪੱਖੀ ਫੈਸਲਿਆਂ ਨੂੰ ਬਦਲ ਸਕੇ।
ਸ੍ਰ. ਭੂੰਦੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਸੂਬੇ ਵਿਚ ਚੱਲ ਰਹੇ ਲਾਮਿਸਾਲ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਲਈ ਰਾਜ ਅੰਦਰ ਸ੍ਰ. ਪਰਕਾਸ਼ ਸਿੰਘ ਬਾਦਲ ਵਰਗੇ ਦੂਰਦ੍ਰਿਸ਼ਟ, ਲੋਕਪੱਖੀ ਅਤੇ ਅਣਥੱਕ ਆਗੂ ਦੀ ਅਗਵਾਈ ਵਿਚ ਮੁੜ ਸਰਕਾਰ ਬਨਣੀ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਤੇ ਪੰਥ ਦੁਸ਼ਮਣ ਜਮਾਤ ਕਾਂਗਰਸ ਦੇ ਦਿੱਲੀ ਵਿਚਲੇ ਪ੍ਰਭੂਆਂ ਤੋਂ ਪੁੱਛ ਕੇ ਸਾਹ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਕਾਂਗਰਸੀਆਂ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਸ੍ਰ. ਭੂੰਦੜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਹ ਭਲੀ ਭਾਂਤ ਯਾਦ ਹੈ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਜਿੰਨ੍ਹਾਂ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਸਰਕਾਰਾਂ ਦੌਰਾਨ ਹੀ ਹੋਇਆ ਹੈ।ਬਠਿੰਡੇ ਵਿਚ ਲੱਗੇ ਸੂਬੇ ਦੇ ਪਹਿਲੇ ਥਰਮਲ ਪਲਾਂਟ ਦੀ ਉਦਾਹਰਣ ਦਿੰਦਿਆਂ, ਸ੍ਰ. ਭੂੰਦੜ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਸ ਪਲਾਂਟ ਦੀ ਮਨਜ਼ੂਰੀ ਨਾ ਦੇ ਕੇ ਪੰਜਾਬ ਦੀ ਤਰੱਕੀ ਵਿਚ ਵੱਡਾ ਅੜਿੱਕਾ ਡਾਹ ਕੇ ਆਪਣੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਸੀ।ਇਹ ਤਾਂ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਜ਼ੁਰੱਅਤ ਅਤੇ ਦੂਰਦ੍ਰਿਸ਼ਟੀ ਸੀ ਜਿਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਆਪਣੇ ਤੌਰ ਉੱਤੇ ਹੀ ਇਸ ਪਲਾਂਟ ਦੀ ਉਸਾਰੀ ਸ਼ੁਰੂ ਕਰਵਾਕੇ ਸੂਬੇ ਦੀ ਤਰੱਕੀ ਦਾ ਰਾਹ ਖੋਲਿਆ ਸੀ।ਉਹਨਾਂ ਕਿਹਾ ਕਿ ਹਰ ਕਿਸਮ ਦੇ ਵਿਕਾਸ ਦਾ ਧੁਰਾ ਮੰਨੀ ਜਾਂਦੀ ਬਿਜਲੀ ਪੈਦਾ ਕਰਨ ਲਈ ਪੰਜਾਬ ਵਿਚ ਜਿੰਨ੍ਹੇ ਵੀ ਥਰਮਲ ਪਲਾਂਟ ਲੱਗੇ ਹਨ ਉਹ ਸਿਰਫ ਅਕਾਲੀ ਸਰਕਾਰਾਂ ਨੇ ਹੀ ਲਾਏ ਹਨ।
ਸ੍ਰ. ਭੂੰਦੜ ਨੇ ਕਿਹਾ ਕਿ ਪੰਜਾਬ ਵਿਚ ਮੁੜ ਅਕਾਲੀ ਸਰਕਾਰ ਬਨਣ ਤਾਂ ਤਹਿ ਹੈ, ਲੋਕ ਸਿਰਫ ਵੋਟਾਂ ਪਾਉਣ ਵਾਲੇ ਦਿਨ ਦੀ ਹੀ ਉਡੀਕ ਕਰ ਰਹੇ ਹਨ।