ਚੰਡੀਗੜ•, 12 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਕੰਪਲੈਕਸ, ਕਾਹਨੂੰਵਾਨ ਛੰਭ (ਗੁਰਦਾਸਪੁਰ) ਵਿਖੇ ਛੋਟਾ ਘੱਲੂਘਾਰਾ ਸ਼ਹੀਦੀ ਯਾਦਗਾਰ, ਕੁੱਪ ਰੋਹੀੜਾ (ਸੰਗਰੂਰ) ਵਿਖੇ ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ ਅਤੇ ਚੱਪੜਚਿੜੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੀ ਸੁਚੱਜੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਸ੍ਰੀ ਐਸ.ਸੀ. ਅਗਰਵਾਲ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਗਠਨ ਕੀਤਾ ਹੈ।
ਇਹ ਫ਼ੈਸਲਾ ਸ. ਬਾਦਲ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਮੁੱਖ ਮੰਤਰੀ ਨਿਵਾਸ ‘ਤੇ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।
ਮੁੱਖ ਸਕੱਤਰ ਦੀ ਅਗਵਾਈ ਵਿਚ ਗਠਿਤ ਕੀਤੀ ਕਮੇਟੀ ‘ਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਐਸ. ਗੁਰੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਤੇ ਸ਼੍ਰੀ ਕਾਹਨ ਸਿੰਘ ਪਨੂੰ, ਸ਼੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕਰਮਜੀਤ ਸਿੰਘ ਸਰਾਂ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾਇਰੈਕਟਰ ਤੇ ਸਕੱਤਰ ਟੂਰਿਜ਼ਮ ਮੈਂਬਰ ਹੋਣਗੇ। ਇਹ ਕਮੇਟੀ ਉਕਤ ਯਾਦਗਾਰਾਂ ਦੇ ਰੱਖ-ਰਖਾਅ ਲਈ ਲੋੜੀਂਦੇ ਕਦਮ ਉਠਾਏਗੀ।
ਮੁੱਖ ਮੰਤਰੀ ਨੇ ਵਿਰਾਸਤ-ਏ-ਖਾਲਸਾ ਕੰਪਲੈਕਸ ਦਾ ਪ੍ਰਬੰਧ ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ, ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦਾ ਪ੍ਰਬੰਧ ਗਮਾਡਾ, ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ ਦਾ ਪ੍ਰਬੰਧ ਪਟਿਆਲਾ ਡਿਵੈਲਪਮੈਂਟ ਅਥਾਰਟੀ ਅਤੇ ਛੋਟਾ ਘੱਲੂਘਾਰਾ ਸ਼ਹੀਦੀ ਯਾਦਗਾਰ ਦਾ ਪ੍ਰਬੰਧ ਪੁੱਡਾ ਨੂੰ ਦੇਣ ਦੀ ਵੀ ਪ੍ਰਵਾਨਗੀ ਦਿੱਤੀ ਜੋ ਇਨ•ਾਂ ਨੂੰ ਚਲਾਉਣ, ਸਾਂਭ-ਸੰਭਾਲ, ਵਿੱਤੀ ਪ੍ਰਬੰਧ ਨੂੰ ਯਕੀਨੀ ਬਣਾਉਣਗੀਆਂ।
ਮੀਟਿੰਗ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਕਰਮਜੀਤ ਸਿੰਘ ਸਰਾਂ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਵਿਰਾਸਤ-ਏ-ਖਾਲਸਾ ਦੀ ਸੰਭਾਲ ਦਾ ਜ਼ਿੰਮਾ ਏ ਟੂ ਜ਼ੈੱਡ ਕੰਪਨੀ ਨੂੰ ਤਿੰਨ ਸਾਲਾਂ ਲਈ ਸੌਂਪਿਆ ਗਿਆ ਹੈ। ਇਹ ਕੰਪਨੀ ਆਪਣੇ 140 ਮੁਲਾਜ਼ਮਾਂ ਦੀ ਟੀਮ ਨਾਲ ਵਿਰਾਸਤ-ਏ-ਖਾਲਸਾ ਦੀ ਸਾਂਭ ਸੰਭਾਲ ਕਰੇਗੀ।
ਸ. ਬਾਦਲ ਨੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ‘ਚ ਸਥਿਤ ਫਤਹਿ ਬੁਰਜ ਵਿੱਚ ਲਿਫ਼ਟ ਲਾਉਣ ਲਈ ਤੁਰੰਤ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਵੀ ਪ੍ਰਵਾਨਗੀ ਦਿੱਤੀ। ਇਹ ਲਿਫਟ ਲਾਉਣ ਦਾ ਕਾਰਜ ਵਿਸ਼ਵ ਪ੍ਰਸਿੱਧ ਕੰਪਨੀ ਲਾਰਸਨ ਐਂਡ ਟੂਬਰੋ (ਐਲ ਐਂਡ ਟੀ) ਨੂੰ ਸੌਂਪਿਆ ਗਿਆ ਹੈ।
ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਵਿਅਕਤੀਆਂ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ, ਮੁੱਖ ਸਕੱਤਰ ਸ਼੍ਰੀ ਐਸ.ਸੀ. ਅਗਰਵਾਲ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਡੀ.ਐਸ. ਗੁਰੂ, ਸ਼੍ਰੀ ਕੇ.ਜੇ.ਐਸ. ਚੀਮਾ, ਸ਼੍ਰੀ ਕਾਹਨ ਸਿੰਘ ਪਨੂੰ ਅਤੇ ਸ਼੍ਰੀ ਗਗਨਦੀਪ ਸਿੰਘ ਬਰਾੜ (ਤਿੰਨੋਂ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ), ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਸ਼੍ਰੀ ਏ.ਕੇ. ਸਿੰਗਲਾ, ਆਰਕੀਟੈਕਟ ਰੇਨੂ ਖੰਨਾ, ਐਲ ਐਂਡ ਟੀ. ਦੇ ਜੀ.ਐਮ. (ਨਾਰਥ) ਸ੍ਰੀ ਜੇ.ਐਸ. ਗਿੱਲ, ਸੀਨੀਅਰ ਅਧਿਕਾਰੀ ਸ੍ਰੀ ਰਾਮ ਕੁਮਾਰ ਤੇ ਸੌਰਵ ਸਮੇਤ ਸਬੰਧਤ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰ ਉਚ ਅਧਿਕਾਰੀ ਵੀ ਹਾਜ਼ਰ ਸਨ।