December 12, 2011 admin

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਖਰਚੇ ਬਾਰੇ ਉਮੀਦਵਾਰਾਂ ਨੂੰ ਆਪਣਾ ਵੱਖਰਾ ਬੈਂਕ ਖ਼ਾਤਾ ਖੁਲਵਾਉਣਾ ਲਾਜ਼ਮੀ ਹੋਵੇਗਾ: ਜ਼ਿਲ੍ਹਾ ਚੋਣ ਅਫਸਰ

* ਸਮੂਹ ਰਾਜਸੀ ਪਾਰਟੀਆਂ ਤੇ ਚੋਣ ਅਧਿਕਾਰੀਆਂ ਨਾਲ ਚੋਣਾਂ ਸਬੰਧੀ ਮੀਟਿੰਗ
* ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ
* ਕੇਵਲ ਫੋਟੋ ਵੋਟਰ ਸ਼ਨਾਖਤੀ ਕਾਰਡ ਧਾਰਕ ਹੀ ਪਾ ਸਕੇਗਾ ਵੋਟ
ਪਟਿਆਲਾ, 12 ਦਸੰਬਰ : ” ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਚੋਣ ਮੈਦਾਨ ਵਿੱਚ ਉਤਰਨ ਵਾਲੇ ਹਰ ਉਮੀਦਵਾਰ ਨੂੰ ਚੋਣਾਂ ਸਬੰਧੀ ਖਰਚੇ ਬਾਰੇ ਆਪਣਾ ਵੱਖਰਾ ਬੈਂਕ ਖ਼ਾਤਾ ਖੁਲਵਾਉਣਾ ਲਾਜ਼ਮੀ ਹੋਵੇਗਾ ਅਤੇ ਜੇ ਉਹ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਖਰਚੇ ਵੱਜੋਂ 20 ਹਜ਼ਾਰ ਰੁਪਏ ਤੋਂ ਵੱਧ ਰਾਸ਼ੀ ਖਰਚ ਕਰਦਾ ਹੈ ਤਾਂ ਉਹ ਇਸ ਖਰਚੇ ਦਾ ਭੁਗਤਾਨ ਨਗਦ ਨਹੀਂ ਬਲਕਿ ਚੈੱਕ ਦੇ ਰਾਹੀਂ ਹੀ ਕਰ ਸਕੇਗਾ । ” ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਵਿਕਾਸ ਗਰਗ ਨੇ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਆਗੂਆਂ/ਨੁਮਾਇੰਦਿਆਂ, ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ । ਸ਼੍ਰੀ ਗਰਗ ਨੇ ਕਿਹਾ ਕਿ ਸਬੰਧਤ ਉਮੀਦਵਾਰ ਨੂੰ ਚੋਣਾਂ ਦੇ ਖਰਚਿਆਂ ਸਬੰਧੀ ਇੱਕ ਰਜਿਸਟਰ ਲਗਾਉਣਾ ਲਾਜ਼ਮੀ ਹੋਵੇਗਾ ਜਿਸ ਵਿੱਚ ਟੈਂਟ/ਸ਼ਾਮਿਆਨਾ, ਵਾਹਨ, ਲਾਊਡ ਸਪੀਕਰ, ਬੈਨਰ, ਹੋਰਡਿੰਗ, ਫਲੈਕਸ, ਭੋਜਨ ਅਤੇ ਹੋਰ ਖ਼ਰਚੇ ਦਰਜ ਕਰਨੇ ਜ਼ਰੂਰੀ ਹੋਣਗੇ । ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤੇ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਜੋ ਵੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਸ਼੍ਰੀ ਗਰਗ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ/ਨੁਮਾਇੰਦਿਆਂ ਨੂੰ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਸਮੁੱਚੇ ਚੋਣ ਅਮਲ ਨੂੰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ । ਉਨ੍ਹਾਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ‘ਪੇਡ ਨਿਊਜ਼’ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਜਿਹੀਆਂ ਖਬਰਾਂ ‘ਤੇ ਪ੍ਰਸ਼ਾਸ਼ਨ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ । ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੇਵਲ ਫੋਟੋ ਵੋਟਰ ਸ਼ਨਾਖਤੀ ਕਾਰਡ ਧਾਰਕ ਹੀ ਵੋਟ ਪਾ ਸਕੇਗਾ ਅਤੇ ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਹੋਰ ਪਛਾਣ ਪੱਤਰ ਵਾਲੇ ਵਿਅਕਤੀ ਨੂੰ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ ।
         ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਸਰਕਾਰੀ ਇਮਾਰਤਾਂ ‘ਤੇ ਕਿਸੇ ਤਰ੍ਹਾਂ ਦਾ ਬੋਰਡ ਜਾਂ ਇਸ਼ਤਿਹਾਰ ਨਹੀਂ ਲਗਾਇਆ ਜਾਵੇਗਾ  ਅਤੇ ਜਨਤਕ ਸਥਾਨ ‘ਤੇ ਬੋਰਡ ਜਾਂ ਇਸ਼ਤਿਹਾਰ ਲਗਾਉਣ ਤੋਂ ਪਹਿਲਾਂ ਸਬੰਧਤ ਇਮਾਰਤ ਦੇ ਮਾਲਕ ਤੋਂ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ । ਸ਼੍ਰੀ ਗਰਗ ਨੇ ਕਿਹਾ ਕਿ ਸਬੰਧਤ ਉਮੀਦਵਾਰਾਂ ਵੱਲੋਂ ਜੋ ਚੋਣ ਸਮੱਗਰੀ ਪ੍ਰਿੰਟ ਕਰਵਾਈ ਜਾਵੇਗੀ ਉਸ ਉੱਪਰ ਸਬੰਧਤ ਪ੍ਰਿੰਟਿੰਗ ਪ੍ਰੈਸ ਦਾ ਰਜਿਸਟਰੇਸ਼ਨ ਨੰਬਰ ਦਰਜ ਹੋਣਾ ਲਾਜ਼ਮੀ ਹੈ ।  ਉਨ੍ਹਾਂ ਕਿਹਾ ਕਿ ਜੇ ਪਟਿਆਲਾ ਜ਼ਿਲ੍ਹੇ ਦਾ ਕੋਈ ਵੋਟਰ ਆਪਣੀ ਵੋਟ ਜਾਂ ਚੋਣਾਂ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਤ ਕੀਤੇ ਹੈਲਪ ਲਾਈਨ ਨੰਬਰ 0175-2350779 ‘ਤੇ ਸੰਪਰਕ ਕਰ ਸਕਦਾ ਹੈ । ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਸਮੂਹ ਪਾਰਟੀਆਂ ਦੇ ਆਗੂਆਂ ਨੂੰ ਬਲਾਕ ਲੈਵਲ ਏਜੰਟਾਂ ਦੀ ਨਿਯੁਕਤੀ ਕਰਕੇ ਉਨ੍ਹਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭੇਜਣ ਲਈ ਵੀ ਕਿਹਾ ।  ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਇੱਕ-ਇੱਕ ਸੀ.ਡੀ. ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀ ਗਈ ।
         ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਸ. ਅਜਾਇਬ ਸਿੰਘ ਮੁਖਮੇਲਪੁਰ, ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ. ਇੰਦਰਮੋਹਨ ਸਿੰਘ ਬਜਾਜ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਗੁਪਤਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੀ ਪ੍ਰੇਮ ਕ੍ਰਿਸ਼ਨ ਪੁਰੀ, ਜਨਰਲ ਸਕੱਤਰ ਦਿਹਾਤੀ ਸ਼੍ਰੀ ਗੋਪਾਲ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਨਰਲ ਸਕੱਤਰ ਸ਼੍ਰੀ ਗੁਰਵਿੰਦਰ ਸਿੰਘ ਸ਼ਕਤੀਮਾਨ, ਕੌਂਸਲਰ ਸ਼੍ਰੀ ਕੁਲਵੰਤ ਸਿੰਘ ਬਾਜਵਾ, ਸ਼੍ਰੀ ਹੈਰੀ ਮੁਖਮੇਲਪੁਰ, ਸ਼੍ਰੀ ਰਜਨੀਸ਼ ਸ਼ੋਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿੰਨਦਿੱਤਾ ਮਿੱਤਰਾ, ਐਸ.ਡੀ.ਐਮ ਪਟਿਆਲਾ ਸ਼੍ਰੀ ਅਨਿਲ ਗਰਗ, ਐਸ.ਡੀ.ਐਮ ਰਾਜਪੁਰਾ ਸ਼੍ਰੀ ਜੇ.ਕੇ.ਜੈਨ, ਐਸ.ਡੀ.ਐਮ. ਸਮਾਣਾ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਨਾਭਾ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਾਤੜਾਂ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ, ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਰਲਵਲੀਨ ਸਿੰਘ ਸਿੱਧੂ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਬਲਜੀਤ ਸਿੰਘ, ਤਹਿਸੀਲਦਾਰ (ਚੋਣਾਂ) ਸ਼੍ਰੀ ਨਾਮਦੇਵ ਸਿੰਘ ਸਿੱਧੂ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰ, ਬੀ.ਡੀ.ਪੀ.ਓਜ਼ ਤੇ ਹੋਰ ਅਧਿਕਾਰੀ ਹਾਜ਼ਰ ਸਨ ।

Translate »