December 12, 2011 admin

55 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ‘ਤੇ ਬਣਨ ਵਾਲੇ ਮੱਤੇਵਾੜਾ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ — ਸ਼ਰਨਜੀਤ ਸਿੰਘ ਢਿੱਲੋਂ

—ਸੰਤ ਜਗਜੀਤ ਸਿੰਘ ਲੋਪੋਂ ਅਤੇ ਬਾਬਾ ਂਜਸਵੰਤ ਸਿੰਘ ਜੀ ਨੇ ਪੁਲ ਦੀ ਉਸਾਰੀ ਦੇ ਕੰਮ ਦੀ ਆਰੰਭਤਾ ਟੱਕ ਲਗਾ ਕੇ ਕੀਤੀ

— ਪੁਲ ਬਣ ਜਾਣ ‘ਤੇ ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਹਿਮਾਚਲ-ਪ੍ਰਦੇਸ਼ ਜਾਣ ਲਈ ਦੂਰੀ ਕਾਫ਼ੀ ਘਟ ਜਾਵੇਗੀ ਤੇ ਲੋਕਾਂ ਦੇ ਸਮੇਂ ਦੀ ਹੋਵੇਗੀ ਬੱਚਤ।

ਮੱਤੇਵਾੜਾ (ਲੁਧਿਆਣਾ) 12 ਦਸੰਬਰ: ਸਤਲੁਂਜ ਦਰਿਆ ਤੇ ਬਣਨ ਵਾਲੇ ਮੱਤੇਵਾੜਾ ਪੁਲ ਦੇ ਮਕੁੰਮਲ ਹੋਣ ਨਾਲ ਲੁਧਿਆਣਾ ਤੋਂ ਨਵਾਂ ਸ਼ਹਿਰ ਵਿਚਕਾਰਲੀ ਦੂਰੀ ਲਗਭੱਗ 30 ਕਿਲੋਮੀਟਰ ਘਟ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ।
               ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਨਿਗਮ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਮੱਤੇਵਾੜਾ ਵਿਖੇ 55 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ‘ਤੇ ਬਣਨ ਵਾਲੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕੀਤਾ। ਪੁਲ ਦੀ ਉਸਾਰੀ ਦਾ ਕੰਮ ਸੰਤ ਜਗਜੀਤ ਸਿੰਘ ਲੋਪੋਂ ਅਤੇ ਬਾਬਾ ਂਜਸਵੰਤ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਟੱਕ ਲਗਾ ਕੇ ਸ਼ੁਰੂ ਕੀਤਾ ਗਿਆ।
               ਸ੍ਰ. ਢਿੱਲੋਂ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਪੁਲ ਦਾ ਨੀਂਹ ਪੱਥਰ ਲਗਭੱਗ 2 ਮਹੀਨੇ ਪਹਿਲਾਂ ਰੱਖਿਆ ਗਿਆ ਸੀ ਅਤੇ ਸਬੰਧਤ ਕੰਪਨੀ ਵੱਲੋਂ ਭਾਵੇਂ ਉਸੇ ਦਿਨ ਤੋਂ ਹੀ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਪਰੰਤੂ ਅੱਜ ਰਸਮੀ ਤੌਰ ਤੇ ਕੰਮ ਦੀ ਆਰੰਭਤਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮਾਛੀਵਾੜਾ ਇਲਾਕੇ ਦੇ ਵਿਕਾਸ ਲਈ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਸਤਲੁਜ ਦਰਿਆ ਤੇ ਇਹ ਦੂਸਰਾ ਪੁਲ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 724 ਮੀਟਰ ਦੀ ਲੰਬਾਈ ਤੇ 10 ਮੀਟਰ ਦੀ ਚੌੜਾਈ ਵਾਲੇ ਇਸ ਪੁਲ ਦੀ ਉਸਾਰੀ ਦਾ ਕੰਮ 18 ਮਹੀਨਿਆਂ ਦੇ ਅਰਸੇ ਅੰਦਰ ਮਕੁੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲ ਬਣ ਜਾਣ ਤੇ ਜਿੱਥੇ ਦੋਆਬਾ ਅਤੇ ਮਾਲਵਾ ਵਿਚਕਾਰ ਵਿਕਾਸ ਦੀ ਕੜੀ ਮਜ਼ਬੂਤ ਹੋਵੇਗੀ, ਉਥੇ ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਅਤੇ ਹਿਮਾਚਲ-ਪ੍ਰਦੇਸ਼ ਜਾਣ ਲਈ ਵੀ ਕਾਫ਼ੀ ਦੂਰੀ ਘਟ ਜਾਵੇਗੀ, ਜਿਸ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਬੇਟ ਦੇ ਇਸ ਪਛੜੇ ਇਲਾਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਪੁਲ ਨੂੰ ਬਨਾਉਣ ‘ਚ ਵੀ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਨਿੱਜੀ ਦਿਲਚਸਪੀ ਹੈ, ਜਦ ਕਿ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਜਾਣ-ਬੁੱਝ ਕੇ ਇਸ ਇਲਾਕੇ ਨੁੰ ਪਛੜਿਆ ਹੋਇਆ ਬਣਾਈ ਰੱਖਿਆ।
               ਸ. ਢਿੱਲੋਂ ਨੇ ਕਿਹਾ ਕਿ ਮੱਤੇਵਾੜਾ ਵਿਖੇ 250 ਏਕੜ ਜ਼ਮੀਨ ਤੇ ਵਿਸ਼ਵ ਪੱਧਰੀ ਘੋੜਿਆਂ ਦਾ ਰੇਸ ਕੋਰਸ ਤਿਆਰ ਕਰਨ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਰੇਸ ਕੋਰਸ ਦੇ ਮਕੁੰਮਲ ਹੋ ਜਾਣ ਨਾਲ ਇਲਾਕੇ ਦਾ ਵੱਡੇ ਪੱਧਰ ਤੇ ਵਿਕਾਸ ਹੋਵੇਗਾ। ਉਹਨਾਂ ਕਿਹਾ ਕਿ  ਮਾਛੀਵਾੜਾ ਦੇ ਘੁਮਾਣਾ ਪੁਲ ਤੋਂ ਲਾਢੂਵਾਲ ਤੱਕ ਸਤਲੁਜ ਦਰਿਆ ‘ਤੇ ਰਿੰਗ ਰੋਡ ਦੀ ਵੀ ਉਸਾਰੀ ਕੀਤੀ ਜਾਵੇਗੀ।
               ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਸਤਿਨਾਮ ਸਿੰਘ ਨਾਮਧਾਰੀ, ,ਸ੍ਰ. ਰਣਜੀਤ ਸਿੰਘ ਮੰਗਲੀ ਮੈਂਬਰ ਐਸ.ਜੀ.ਪੀ.ਸੀ, ਸ੍ਰ. ਗੁਰਚਰਨ ਸਿੰਘ ਮੇਹਰਬਾਨ, ਸ. ਹਰਿੰਦਰ ਸਿੰਘ ਲੱਖੋਵਾਲ, ਸਰਪੰਚ ਹਰਨੇਕ ਸਿੰਘ ਢੇਰੀ, ਸ. ਮੇਜਰਪਾਲ ਸਿੰਘ ਬੂਥਗੜ੍ਹ, ਸਰਪੰਚ ਅੰਮ੍ਰਿਤਪਾਲ ਸਿਘ ਤਾਜਪੁਰ, ਸਰਪੰਚ ਸਰਬਜੀਤ ਸਿੰਘ ਅਤੇ ਸ. ਰਛਪਾਲ ਸਿੰਘ ਆਦਿ ਹਾਜ਼ਰ ਸਨ।

Translate »