ਸਰਪੰਚ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਇੱਜ਼ਤ ਨੂੰ ਹੱਥ ਪਾਉਣ ਦੇ ਮਾਮਲੇ ‘ਚ ਕੇਸ ਦਰਜ ਕਰਨ ਦੀ ਮੰਗ
ਗਿੱਦੜਬਾਹਾ, 13 ਦਸੰਬਰ -ਗਿੱਦੜਬਾਹਾ ਦੇ ਪਿੰਡ ਦੌਲਾ ਦੇ ਸਰਪੰਚ ਵੱਲੋਂ ਈ.ਜੀ.ਐਸ. ਅਧਿਆਪਕਾ ਬਰਿੰਦਰ ਪਾਲ ਕੌਰ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਅੱਜ ਦੋ ਈ.ਜੀ.ਐਸ. ਅਧਿਆਪਕਾਂ ਵੱਲੋਂ ਰਾਜਸਥਾਨ ਫੀਡਰ ਨਹਿਰ ‘ਚ ਛਾਲ ਮਾਰ ਕੇ ਆਤਮ-ਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ‘ਤੇ ਮੌਜੂਦ ਪੁਲੀਸ ਫੋਰਸ ਨੇ ਦੋਹਾਂ ਨੂੰ ਦਬੋਚ ਲਿਆ ਤੇ ਉਨ•ਾਂ ਵੱਲੋਂ ਆਤਮਦਾਹ ਦੀ ਕੀਤੀ ਕੋਸ਼ਿਸ਼ ਅਸਫਲ ਬਣਾ ਦਿੱਤੀ ਗਈ। ਈ.ਜੀ.ਐਸ. ਅਧਿਆਪਕਾਂ ਨੇ ਚੰਡੀਗੜ•-ਮਲੋਟ ਰੋਡ ਕੌਮੀ ਸ਼ਾਹ ਰਾਹ ਨੰਬਰ 15 ‘ਤੇ ਮਲੋਟ ਵਾਲੇ ਪਾਸੇ ਗਿੱਦੜਬਾਹਾ ਤੋਂ 4 ਕਿਲੋਮੀਟਰ ਦੂਰ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਵਾਲੇ ਦੋਹਾਂ ਰਾਹਾਂ ‘ਤੇ ਧਰਨਾ ਲਾਇਆ ਹੋਇਆ ਸੀ।
ਹਾਸਲ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਰਿ 1 ਵਜੇ ਕਰੀਬ 70 ਦੀ ਗਿਣਤੀ ‘ਚ ਈ.ਜੀ.ਐਸ. ਅਧਿਆਪਕਾਂ ਨੇ ਦੋਹਾਂ ਨਹਿਰਾਂ ਦੇ ਪੁਲਾਂ ‘ਤੇ ਕੌਮੀ ਸ਼ਾਹ ਰਾਹ ਜਾਮ ਕਰ ਦਿੱਤਾ। ਇਸ ਪੁਲ ਤੋਂ ਟਰੈਫਿਕ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋ ਸਕਣ ਕਾਰਨ ਈ.ਜੀ.ਐਸ. ਅਧਿਆਪਕਾਂ ਦੀ ਰਾਹਗੀਰਾਂ ਨਾਲ ਭਾਵੇਂ ਤਲਖ ਕਲਾਮੀ ਦੀ ਸੰਭਾਵਨਾ ਬਣੀ ਰਹੀ ਪਰ ਈ.ਜੀ.ਐਸ. ਅਧਿਆਪਕਾਂ ਨੇ ਰਾਹਗੀਰਾਂ ਅੱਗੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ। ਕਈ ਘੰਟੇ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਨਾ ਪੁੱਜਾ ਤਾਂ ਦੋ ਈ.ਜੀ.ਐਸ. ਅਧਿਆਪਕਾਂ ਕੁਲਵੀਰ ਸਿੰਘ ਜਨਰਲ ਸਕੱਤਰ ਈ.ਜੀ.ਐਸ. ਯੂਨੀਅਨ ਪੰਜਾਬ ਤੇ ਨਛੱਤਰ ਸਿੰਘ ਲੁਧਿਆਣਾ ਨੇ ਸਲਾਹ ਕਰਕੇ ਨਹਿਰ ‘ਚ ਛਾਲ ਮਾਰ ਕੇ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ। ਇਸ ‘ਤੇ ਕੁਝ ਸਮੇਂ ‘ਚ ਹੀ ਭਾਰੀ ਗਿਣਤੀ ‘ਚ ਪੁਲੀਸ ਫੋਰਸ ਤੇ ਕਮਾਂਡੋ ਫੋਰਸ ਪੁੱਜ ਗਈ। ਐਸ.ਡੀ.ਐਮ. ਪੁਸ਼ਪਿੰਦਰ ਸਿੰਘ ਕੈਲੇ ਤੇ ਡੀ.ਐਸ.ਪੀ. ਭੁਪਿੰਦਰ ਸਿੰਘ ਵੀ ਮੌਕੇ ‘ਤੇ ਪੁੱਜ ਗਏ।
ਦੋਵਾਂ ਅਧਿਆਪਕਾਂ ਨੇ ਕੱਪੜੇ ਉਤਾਰ ਕੇ ਨਹਿਰ ‘ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ‘ਤੇ ਹਾਜ਼ਰ ਪੁਲੀਸ ਫੋਰਸ ਨੇ ਫੁਰਤੀ ਵਰਤਦਿਆਂ ਦੋਹਾਂ ਅਧਿਆਪਕਾਂ ਨੂੰ ਖਿੱਚ ਲਿਆ ਭਾਵੇਂ ਕਾਫੀ ਦੇਰ ਹੋਈ ਜੱਦੋ-ਜ਼ਹਿਦ ਦੌਰਾਨ ਉਹ ਨਹਿਰ ‘ਚ ਲਟਕਦੇ ਰਹੇ ਪਰ ਆਖਰਕਾਰ ਉਨ•ਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਥੱਪੜ ਦੇ ਮਾਮਲੇ ‘ਚ ਉਨ•ਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ ‘ਚ ਅਧਿਆਪਕਾਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਸ਼ਾਮ 5.30 ਵਜੇ ਧਰਨਾ ਚੁੱਕ ਦਿੱਤਾ ਗਿਆ।
ਸੂਬਾ ਕਮੇਟੀ ਮੈਂਬਰ ਸੁਨੀਲ ਕੁਮਾਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਥੱਪੜ ਕਾਂਢ ਦੀ ਪੀੜਤਾ ਬਰਿੰਦਰ ਪਾਲ ਕੌਰ ਦੇ ਮਾਮਲੇ ‘ਚ ਉਸਦੀ ਇੱੰਜ਼ਤ ਨੂੰ ਹੱਥ ਪਾਉਣਾ ਮੰਨਦਿਆਂ ਹੋਇਆਂ ਸਰੰਪਚ ਬਲਵਿੰਦਰ ਸਿੰਘ ਤੋਤੀ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ। ਜਨਰਲ ਸਕੱਤਰ ਕੁਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਤੀ ਨੂੰ ਤੁਰੰਤ ਡਿਸਮਿਸ ਕਰਕੇ ਉਸਨੂੰ ਅਕਾਲੀ ਦਲ ‘ਚੋਂ ਕੱਢੇ। ਅੱਜ ਇਥੇ ਖਾਸ ਗੱਲ ਇਹ ਰਹੀ ਕਿ ਈ.ਜੀ.ਐਸ. ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਰੋਜ਼ਗਾਰ ਦੇਵੇ ਨਾ ਦੇਵੇ ਪਰ ਥੱਪੜ ਦੇ ਮਾਮਲੇ ‘ਚ ਉਹ ਪੰਜਾਬ ਸਰਕਾਰ ਨੂੰ ਕਟਹਿਰੇ ‘ਚ ਖੜ•ਾ ਕਰਨਗੇ। ਸੁਨੀਲ ਕੁਮਾਰ ਨੇ ਕਿਹਾ ਕਿ ਉਹ ਵੱਖ-ਵੱਖ ਚੈਨਲਾਂ ‘ਤੇ ਚੱਲੀਆਂ ਥੱਪੜ ਕਾਂਢ ਦੀਆਂ ਖਬਰਾਂ ਦੀ ਵੀਡੀਓ ਤਿਆਰ ਕਰਕੇ ਗਿੱਦੜਬਾਹਾ ਤੇ ਪੰਜਾਬ ਦੇ ਘਰ-ਘਰ ਪਹੁੰਚਾਉਣਗੇ ਤੇ ਪੰਜਾਬ ‘ਚ ਹੋ ਰਹੇ ਡੰਡੇ ਦੇ ਰਾਜ ਲੋਕਾਂ ਸਾਹਮਣੇ ਲਿਆਉਣਗੇ।