December 13, 2011 admin

ਸਾਹਿਤ ਸਿਰਜਣ ਪ੍ਰੀਕ੍ਰਿਆ ਵਿਚ ਪ੍ਰਾਚੀਨ ਪੰਜਾਬ ਦੀ ਸਾਂਝੀ ਸਭਿਅਤਾ ਨੂੰ ਆਧਾਰ ਬਣਾਉਣ ‘ਤੇ ਜ਼ੋਰ

ਉੱਘੇ ਨਾਵਲਕਾਰ, ਸ੍ਰੀ ਮਨਮੋਹਨ ਬਾਵਾ ਨਾਦ-ਪ੍ਰਗਾਸ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਰੂ-ਬ-ਰੂ
ਅੰਮ੍ਰਿਤਸਰ 1੩ ਦਸੰਬਰ- ਪ੍ਰਸਿੱਧ ਪਰਬਤ ਆਰੋਹੀ, ਅਨੇਕਾਂ ਸਫਰਨਾਮਿਆਂ ਦੇ ਲੇਖਕ, ਕਹਾਣੀਕਾਰ ਅਤੇ ਨਾਵਲਕਾਰ, ਸ੍ਰੀ ਮਨਮੋਹਨ ਬਾਵਾ ਨੇ ਕਿਹਾ ਕਿ ਅਜੋਕੀਆਂ ਰਚਨਾਵਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਰਤਮਾਨ ਹੋਂਦ ਦਾ ਪ੍ਰਗਟਾਵਾ ਹਨ ਅਤੇ ਵਰਤਮਾਨ ਸਾਹਿਤ ਸਿਰਜਣਾ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਨਸਲੀ ਟਕਰਾਵਾਂ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਲੋੜ ਹੈ ਕਿ ਸਾਹਿਤ ਸਿਰਜਣ ਪ੍ਰੀਕ੍ਰਿਆ ਵਿਚ ਪ੍ਰਾਚੀਨ ਸਮਿਆਂ ਦੀ ਪੰਜਾਬ ਦੀ ਸਾਂਝੀ ਸਭਿਅਤਾ ਨੂੰ ਆਧਾਰ ਬਣਾਇਆ ਜਾਵੇ।

         ਉਹ ਨਾਦ-ਪ੍ਰਗਾਸ ਵੱਲੋਂ ਖੋਜਾਰਥੀਆਂ ਅਤੇ ਵਿਦਿਆਰਥੀਆਂ ਨਾਲ ਕਰਵਾਏ ਰੂ-ਬ-ਰੂ ਸਮਾਗਮ ਦੌਰਾਨ ਆਪਣੇ ਵਿਚਾਰ ਪੇਸ਼ ਕਰ ਰਹੇ ਸਨ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਖਾਲਸਾ ਕਾਲਜ, ਗੜ੍ਹਦੀਵਾਲ ਦੇ ਪ੍ਰੋਫੈਸਰ ਸ਼ਾਮ ਸਿੰਘ ਨੇ ਕੀਤੀ।

ਸ੍ਰੀ ਬਾਵਾ ਨੇ ਆਪਣੇ ਵਿਚਾਰਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਰਜਣਾਤਮਕ ਚੇਤਨਾ ਪ੍ਰਾਚੀਨ ਸਮਿਆਂ ਦੀ ਪੰਜਾਬੀ ਦੀ ਸਾਂਝੀ ਸਭਿਅਤਾ ਦੇ ਨਕਸ਼ ਪਛਾਨਣ ਦਾ ਯਤਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਪਿੱਛੇ ਉਨ੍ਹਾਂ ਦਾ ਵੱਖ-ਵੱਖ ਦੇਸ਼ਾਂ, ਪ੍ਰਾਚੀਨ ਥਾਵਾਂ ਅਤੇ ਧਰਮ ਕੇਂਦਰਾਂ ਦਾ ਦੀਰਘ ਭ੍ਰਮਣ ਹੈ ਅਤੇ ਉਨਾਂ੍ਹ ਦਾ ਕਾਰਜ ਖੇਤਰ ਇਤਿਹਾਸ ਅਤੇ ਮਿੱਥ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਆਪਣੇ ਨਿੱਜੀ ਜ਼ਿੰਦਗੀ ਦੇ ਕਠਿਨ ਤਜਰਬਿਆਂ ਨੂੰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸੰਘਰਸ਼ ਮਨੁੱਖ ਦੀ ਪ੍ਰਤਿਭਾ ਨੂੰ ਹੋਰ ਨਿਖਾਰਦਾ ਹੈ ਅਤੇ ਉਸ ਵਿਚ ਆਤਮ ਨਿਰਭਰਤਾ, ਵਿਸ਼ਵਾਸ ਅਤੇ ਹੌਂਸਲੇ ਲਈ ਪ੍ਰੇਰਨਾਸ੍ਰੋਤ ਵੀ ਬਣਦਾ ਹੈ। ਇਸ ਮੌਕੇ ਆਪਣੀਆਂ ਪ੍ਰਸਿੱਧ ਰਚਨਾਵਾਂ ਯੁੱਧ-ਨਾਦ, ਅਜਾਤ ਸੁੰਦਰੀ, ਅਫਗਾਨਿਸਤਾਨ ਦੀ ਉਰਸਲਾ ਆਦਿ ਦੀ ਸਿਰਜਨ ਪ੍ਰਕ੍ਰਿਆ ਬਾਰੇ ਵੀ ਜਾਣਕਾਰੀ ਦਿੱਤੀ।
ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਸ੍ਰੀ ਮਨਮੋਹਨ ਬਾਵਾ ਦੇ ਆ ਰਹੇ ਨਵੇਂ ਨਾਵਲੈੱਟ ”1857 ਦਿੱਲੀ ਦਿੱਲੀ ਤੇ ਤਿੰਨ ਕਹਾਣੀਆਂ” ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿਚ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਡਾ. ਮਨਜਿੰਦਰ ਸਿੰਘ, ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਪ੍ਰੋ. ਸਰਬਜੀਤ ਸਿੰਘ, ਮਾਲਵਾ ਕਾਲਜ, ਸਮਰਾਲਾ ਤੋਂ ਪ੍ਰੋ. ਅਮਰਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੋਜਾਰਥਣਾਂ, ਮਨਿੰਦਰ ਜੀਤ ਕੌਰ ਤੇ ਰੁਪਿੰਦਰਜੀਤ ਕੌਰ ਨੇ ਇਸ ਰਚਨਾ ‘ਤੇ ਆਪਣੇ ਪਰਚੇ ਪੇਸ਼ ਕੀਤੇ।                                
         ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਸੀ ਮਨਮੋਹਨ ਬਾਵਾ ਨੇ ਪੰਜਾਬੀ ਗਲਪ ਨੂੰ ਇਕਹਿਰੀ ਕਿਸਮ ਦੇ ਰੋਮਾਂਟਿਕ ਅਤੇ ਪ੍ਰਗਤੀਵਾਦੀ ਆਧਾਰਾਂ ਤੋਂ ਮੁਕਤ ਕਰਕੇ ਚਿੰਤਨ, ਮਿੱਥ ਅਤੇ ਇਤਿਹਾਸ ਦੇ ਗਿਆਨਮੂਲਕ ਪਰਿਪੇਖ ਦਾ ਆਧਾਰ ਪ੍ਰਵਾਨ ਕੀਤਾ ਹੈ। ਉਨਾਂ੍ਹ ਕਿਹਾ ਕਿ ਸ੍ਰੀ ਬਾਵਾ ਜੀ ਦੀ ਰਚਨਾ ਹੁਣ ਦੇ ਸਮਾਜਿਕ ਟਕਰਾਵਾਂ ਦੀਆਂ ਮੂਲ ਜੜ੍ਹਾਂ ਨੂੰ ਪਛਾਣਦੇ ਹੋਏ ਭਾਰਤੀ ਮਿੱਥ ਵਿਚੋਂ ਇਨ੍ਹਾਂ ਦੇ ਹੱਲ ਤਲਾਸ਼ਣ ਦਾ ਯਤਨ ਹੈ ਅਤੇ ਸ੍ਰੀ ਬਾਵਾ ਨੇ ਪਹਿਲੀ ਵਾਰ ਸਿੱਖ ਇਤਿਹਾਸ ਦੇ ਨਾਇਕਾਂ ਨੂੰ ਪੰਜਾਬੀ ਗਲਪ ਵਿਚ ਵੱਡੇ ਰਾਜਨੀਤਿਕ, ਸਮਾਜਿਕ ਅਤੇ ਇਤਿਹਾਸਕ ਚਿੱਤਰਪਟ ‘ਤੇ ਜੇਤੂ ਰੂਪ ਵਿਚ ਉਭਾਰਿਆ ਹੈ।

         ਤੀਜੇ ਸੈਸ਼ਨ ਦੌਰਾਨ ਕਵੀ ਦਰਬਾਰ ਦਾ ਸੰਚਾਲਨ ਵੀ ਕੀਤਾ ਗਿਆ, ਜਿਸ ਵਿਚ ਸ੍ਰੀ ਬਾਵਾ ਤੋਂ ਇਲਾਵਾ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰਸਿੱਧ ਕਵੀ ਸ. ਪਰਮਵੀਰ ਸਿੰਘ ਨੇ ਕੀਤੀ ਅਤੇ ਆਪਣੀਆਂ ਕਵਿਤਾਵਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੀ ਧਰਤੀ ਦੇ ਅਸਲ ਖਾਸੇ ਨੂੰ ਰੂਪਮਾਨ ਕਰਦੀ ਚੇਤਨਾ ਨਾਲ ਸੰਵਾਦ ਰਚਾਉਣ ਦੀ ਪ੍ਰੇਰਨਾ ਕੀਤੀ।
         ਸੰਸਥਾ ਦੇ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਦਾ ਭੁਗੋਲਿਕ ਪੱਖ ਸਿੱਖ ਸਭਿਅਤਾ ਦੇ ਸਮੁੱਚੇ ਨਕਸ਼ਾਂ ਨੂੰ ਆਪਣੇ ਕਲਾਵੇ  ਵਿਚ ਨਹੀਂ ਲੈਂਦਾ ਸਗੋਂ ਪੰਜਾਬ ਦਾ ਵਾਸਤਵਿਕ ਰੂਪ ‘ਸਪਤਸਿੰਧੂ’ ਵਿਚ ਵਿਦਮਾਨ ਹੈ। ਉਨਾਂ ਕਿਹਾ ਕਿ ਪੰਜਾਬੀ ਗਲਪ ਰਚਨਾਵਾਂ ਵਿਚ ਸਿੱਖ ਨਾਇਕ ਦੀ ਹਸਤੀ ਨੂੰ ਇਕਹਿਰੇ ਪ੍ਰਸੰਗਾਂ ਰਾਹੀਂ ਸਮਝਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਇਸਦਾ ਬਹੁਪਰਤੀ ਸੁਭਾਅ ਸਿਰਜਣਾਤਮਕ ਚਿੰਤਨ ਦਾ ਵਿਸ਼ਾ ਨਹੀਂ ਬਣ ਸਕਿਆ। 

Translate »