ਪਟਿਆਲਾ (13 ਦਸੰਬਰ-2011) – ਪ੍ਰਸਿੱਧ ਪ੍ਰਵਾਸੀ ਭਾਰਤੀ ਸਰਦਾਰ ਚਰਨਜੀਤ ਸਿੰਘ ਧਾਲੀਵਾਲ (ਰੱਖੜਾ) ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਾਈ ਭਾਗੋ ਵਿਦਿਆ ਸਕੀਮ ਅਧੀਨ ਅੱਜ ਹਲਕਾ ਸਮਾਣਾ ਦੇ 3 ਵੱਖ-ਵੱਖ ਪਿੰਡਾਂ ਗੱਜੂਮਾਜਰਾ, ਕਲਬੁਰਛਾਂ ਅਤੇ ਗਾਜੇਵਾਸ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀਆਂ ਲੜਕੀਆਂ ਨੂੰ 169 ਸਾਇਕਲ ਦਿੱਤੇ । ਆਪਣੇ ਇਸ ਦੌਰੇ ਦੇ ਦੌਰਾਨ ਸਰਦਾਰ ਚਰਨਜੀਤ ਸਿੰਘ ਧਾਲੀਵਾਲ ਨੇ ਪਿੰਡ ਗੱਜੂਮਾਜਰਾ ਵਿਖੇ ਲੋੜਵੰਦ ਲੜਕੀਆਂ ਨੂੰ 87, ਅਤੇ ਪਿੰਡ ਕਲਬੁਰਛਾਂ ਤੇ ਗਾਜੇਵਾਸ ਵਿਖੇ 41-41 ਸਾਇਕਲ ਪ੍ਰਦਾਨ ਕੀਤੇ । ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਉੱਚੇ ਹੋ ਰਹੇ ਮਿਆਰ ਦੀ ਵੀ ਪ੍ਰਸ਼ੰਸ਼ਾ ਕੀਤੀ ਅਤੇ ਸਕੂਲਾਂ ਦੇ ਮਿਹਨਤੀ ਸਟਾਫ ਵੱਲੋਂ ਬੱਚਿਆਂ ਨੂੰ ਵਧੀਆ ਢੰਗ ਨਾਲ ਪੜ੍ਹਾਈ ਕਰਵਾਉਣ ਲਈ ਵਧਾਈ ਵੀ ਦਿੱਤੀ । ਇਸ ਮੌਕੇ ਸਕੂਲਾਂ ਦੇ ਸਟਾਫ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਸਰਦਾਰ ਚਰਨਜੀਤ ਸਿੰਘ ਧਾਲੀਵਾਲ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ । ਇਸ ਸਬੰਧੀ ਪਿੰਡ ਗੱਜੂਮਾਜਰਾ ਦੇ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਵਿਖੇ ਸਕੂਲ ਦੀਆਂ 87 ਲੜਕੀਆਂ ਨੂੰ ਸਾਇਕਲ ਪ੍ਰਦਾਨ ਕਰਨ ਤੋਂ ਬਾਅਦ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਬੋਲਦਿਆਂ ਸਰਦਾਰ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਪਿੰਡਾਂ ਤੋਂ ਬਾਹਰਲੇ ਪਾਸੇ ਬਣੇ ਡੇਰਿਆਂ ਵਿੱਚ ਰਹਿੰਦੀਆਂ ਲੜਕੀਆਂ ਨੂੰ ਉਚੇਰੀ ਪੜ੍ਹਾਈ ਕਰਵਾਉਣ ਲਈ ਮੁਫ਼ਤ ਸਾਇਕਲਾਂ ਦੇਣ ਦੀ ਜੋ ਪਿਰਤ ਸ਼ੁਰੂ ਕੀਤੀ ਗਈ ਹੈ ਇਹ ਸਹੀ ਰੂਪ ਵਿੱਚ ਹੀ ਨਾ ਕੇਵਲ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਲਈ ਹੀ ਲਾਭਦਾਇਕ ਸਾਬਿਤ ਹੋ ਰਹੀ ਹੈ ਬਲਕਿ ਇਨ੍ਹਾਂ ਲੜਕੀਆਂ ਦੇ ਗਰੀਬ ਮਾਪਿਆਂ ਨੂੰ ਵੀ ਇਸ ਮਹੱਤਵ ਪੂਰਨ ਉਪਰਾਲੇ ਨਾਲ ਕਾਫੀ ਰਾਹਤ ਮਹਿਸੂਸ ਹੋ ਰਹੀ ਹੈ । ਸਰਦਾਰ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥਣਾਂ ਲਈ ਮੁਫਤ ਪੜ੍ਹਾਈ ਦੀ ਸਹੂਲਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਫਤ ਸਾਇਕਲ ਮੁਹੱਈਆ ਕਰਵਾਉਣ ਦੀ ਇਸ ਪਹਿਲ ਦੀ ਵੀ ਸਾਰੇ ਸ਼ਲਾਘਾ ਕਰ ਰਹੇ ਹਨ । ਸਮਾਗਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਭੱਟੀ , ਪਿੰਡ ਦੇ ਸਰਪੰਚ ਸਰਦਾਰ ਬਲਜੀਤ ਸਿੰਘ ਅਤੇ ਹੋਰ ਪਤਵੰਤਿਆਂ ਵੱਲੋਂ ਸਰਦਾਰ ਧਾਲੀਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕੁਲਦੀਪ ਸਿੰਘ ਨੱਸੂਪੁਰ ਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ । ਇਨ੍ਹਾਂ ਸਮਾਗਮਾਂ ਵਿੱਚ ਸਰਦਾਰ ਜੋਗਿੰਦਰ ਸਿੰਘ ਲਲੋਛੀ, ਸਰਦਾਰ ਗੁਰਜਿੰਦਰ ਸਿੰਘ ਕਾਲਾ, ਸਰਦਾਰ ਮਿੱਠੂ ਸਿੰਘ ਸਦਰਪੁਰ, ਸਰਦਾਰ ਨਿਰਮਲ ਸਿੰਘ, ਸਰਦਾਰ ਭਾਨ ਸਿੰਘ, ਸ੍ਰੀ ਭੂਪਚੰਦ, ਸਰਦਾਰ ਪਰਤਾਪ ਸਿੰਘ, ਸਰਦਾਰ ਜੋਗਾ ਸਿੰਘ ਕੂਕਾ, ਸਰਦਾਰ ਜਰਨੈਲ ਸਿੰਘ ਤੇ ਪਿੰਡਾਂ ਦੇ ਹੋਰ ਪਤਵੰਤਿਆਂ ਨੇ ਵੀ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ।