ਤਲਵੰਡੀ ਸਾਬੋ ਤੇ ਰਾਮਾ ਮੰਡੀ ਵਿੱਚ ਕੀਤੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ
ਬਠਿੰਡਾ, 13 ਦਸੰਬਰ – ਪੰਜਾਬ ਦੀ ਮੌਜੂਦਾ ਸਰਕਾਰ ਦਾ ਇੱਕੋ ਇੱਕ ਉਦੇਸ਼ ਸੂਬੇ ਦਾ ਵਿਕਾਸ ਕਰਨਾ ਦੱਸਦਿਆਂ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕ ਇਸ ਸਰਕਾਰ ਨੂੰ ਇੱਕ ਹੋਰ ਮੌਕਾ ਦੇਣ ਤਾਂ ਅਕਾਲੀ-ਭਾਜਪਾ ਗੱਠਜੋੜ ਵਿਕਾਸ ਦੀ ਗਤੀ ਨੂੰ ਤੇਜ਼ ਕਰਕੇ ਸੂਬੇ ਦੀ ਨੁਹਾਰ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪਿਛਲੀਆਂ ਕਾਂਗਰਸੀ ਸਰਕਾਰਾਂ ਦੁਆਰਾ ਵਿਕਾਸ ਵਿੱਚ ਆਈ ਖੜੋਤ ਨੂੰ ਤੋੜ ਕੇ ਤਰੱਕੀ ਦੇ ਮੁੜ ਦਰਵਾਜੇ ਖੋਲ੍ਹ ੇ ਹਨ। ਇਹ ਗੱਲ ਉਨ੍ਹਾਂ ਅੱਜ ਤਲਵੰਡੀ ਸਾਬੋ ਤੇ ਰਾਮਾ ਮੰਡੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ।
ਬੀਬੀ ਬਾਦਲ ਨੇ ਤਲਵੰਡੀ ਸਾਬੋ ਵਿਖੇ ਗਲੀਆਂ-ਨਾਲੀਆਂ, ਸੜਕਾਂ ਤੇ ਆਰ.ਓ ਪਲਾਂਟਾਂ ਦੇ ਉਦਘਾਟਨ ਕਰਨ ਦੇ ਨਾਲ-ਨਾਲ ਸੀਵਰੇਜ ਤੇ ਬਰਸਾਤੀ ਪਾਣੀ ਦੀ ਸ਼ਤ ਪ੍ਰਤੀਸ਼ਤ ਨਿਕਾਸੀ ਦੇ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਰਾਮਾ ਮੰਡੀ ਵਿਖੇ ਵਾਟਰ ਸਪਲਾਈ, ਸੀਵਰੇਜ ਬੋਰਡ, ਬਠਿੰਡਾ ਵਿਕਾਸ ਅਥਾਰਟੀ ਵੱਲੋਂ ਕੀਤੇ ਸੜਕਾਂ, ਗਲੀਆਂ-ਨਾਲੀਆਂ ਦੇ ਵਿਕਾਸ ਕਾਰਜਾਂ ਅਤੇ ਆਰ.ਓਜ਼ ਪਲਾਂਟਾਂ ਦੇ ਉਦਘਾਟਨ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਡਾ. ਸੁਖਚੈਨ ਸਿੰਘ ਗਿੱਲ, ਹਲਕਾ ਇੰਚਾਰਜ ਸ੍ਰੀ ਅਮਰਜੀਤ ਸਿੰਘ ਸਿੱਧੂ, ਐਸ. ਡੀ.ਐਮ ਤਲਵੰਡੀ ਸਾਬੋ ਸ੍ਰੀ ਗੁਰਮੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।
ਲੋਕਾਂ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਹੋਈ ਹੈ ਤੇ ਇਸ ਸਰਕਾਰ ਕੋਲ ਕੋਲ ਪੱਖ ਦੀ ਕੋਈ ਨੀਤੀ ਨਹੀਂ। ਉਨ੍ਹਾਂ ਕਿਹਾ ਕਿ ਜੋ ਸਰਕਾਰ ਆਪ ਹੀ ਡਾਵਾਂਡੋਲ ਹੋਵੇ ਉਹ ਲੋਕਾਂ ਦਾ ਕੀ ਸੰਵਾਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਦਾ ਪੂਰਾ ਕਾਰਜਕਾਲ ਹੀ ਘੁਟਾਲਿਆਂ ਨਾਲ ਘਿਰਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕੋ-ਇਕ ਅਜਿਹੀ ਪਾਰਟੀ ਹੈ, ਜਿਸ ਦੇ ਪ੍ਰਧਾਨ ਮੰਤਰੀ ਦਾ ਫ਼ੈਸਲਾ ਵਿਦੇਸ਼ੀ ਹਾਈਕਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਕੇਂਦਰ ਦੀਆਂ ਨੀਤੀਆਂ ਤੋਂ ਜਾਗਰੂਕ ਹੋਣ ਤਾਂ ਜੋ ਇਨ੍ਹਾਂ ਗਰੀਬ ਤੇ ਆਮ ਲੋਕਾਂ ਉੱਪਰ ਬੋਝ ਪਾਉਣ ਵਾਲੀਆਂ ਨੀਤੀਆਂ ਤੋਂ ਮੁਲਕ ਨੂੰ ਨਿਜਾਤ ਦਿਵਾਈ ਜਾ ਸਕੇ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸਾਡੇ ਕੰਮ ਮੂੰਹੋ ਬੋਲਦੇ ਹਨ ਅਤੇ ਸਾਨੂੰ ਚੋਣਾਂ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਡਰ ਤਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ ਜਿਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਆਪਣੇ ਕੀਤੇ ਕੰਮ ਗਿਨਾਉਣ ਲਈ ਹੀ ਦੋ ਮਹੀਨੇ ਬਹੁਤ ਘੱਟ ਹਨ। ਲੋਕਪਾਲ ਬਿੱਲ ਸਬੰਧੀ ਕਾਂਗਰਸ ਦੇ ਰਵੱਈਏ ਬਾਰੇ ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਤਾਂ ਆਪਣੇ-ਆਪ ਨੂੰ ਇਸ ਦੇ ਘੇਰੇ ਵਿਚ ਲਿਆਉਣ ਲਈ ਤਿਆਰ ਹਨ, ਪਰੰਤੂ ‘ਪ੍ਰਾਈਮ ਮਨਿਸਟਰ ਇਨ ਵੇਟਿੰਗ’ ਇਸ ਤੋਂ ਡਰਦੇ ਹਨ। ਮੌਜੂਦਾ ਪੰਜਾਬ ਸਰਕਾਰ ਦਾ ਇਕੋ ਇੱਕ ਨਿਸ਼ਾਨਾ ਸੂਬੇ ਦਾ ਸਰਵਪੱਖੀ ਵਿਕਾਸ ਕਰਨਾ ਹੈ ਤੇ ਆਪਣੇ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਇਹ ਸਰਕਾਰ ਅਡੋਲ ਹੋ ਕੇ ਪ੍ਰਾਪਤ ਕਰ ਰਹੀ ਹੈ। ਉਨ੍ਵਾਂ ਕਿਹਾ ਕਿ ਭਾਵੇਂ ਸਿੱਖਿਆ ਦਾ ਖੇਤਰ ਹੋਵੇ, ਸਿਹਤ ਦਾ, ਉਦਯੋਗਿਕ ਵਿਕਾਸ ਦਾ ਜਾਂ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦਾ ਇਸ ਸਰਕਾਰ ਨੇ ਹਰ ਖੇਤਰ ਵਿੱਚ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਇੱਕ ਲੱਖ ਦੀ ਭਰਤੀ ਸਰਕਾਰੀ ਵਿਭਾਗਾਂ ਅੰਦਰ ਕੀਤੀ, ਕੇਂਦਰੀ ਯੂਨੀਵਰਸਿਟੀ ਸਥਾਪਤ ਕਰਵਾਈ, ਸਰਕਾਰੀ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ, ਵਿਰਾਸਤੀ ਯਾਦਗਾਰਾਂ ਸਥਾਪਤ ਕੀਤੀਆਂ ਤੇ ਹੋਰ ਵੀ ਵਿਕਾਸ ਦੇ ਕਾਰਜ ਕੀਤੇ । ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਸੇ ਸਰਕਾਰ ਨੇ ਸੇਵਾ ਦਾ ਅਧਿਕਾਰ ਕਾਨੂੰਨ ਲਿਆ ਕੇ ਇੱਕ ਕ੍ਰਾਂਤੀਕਾਰੀ ਕਦਮ ਚੁਕਿਆ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਸਰਕਾਰ ਨੇ ਗਰੀਬ ਵਰਗਾਂ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਤੇ ਹੋਰ ਅਜਿਹੀਆਂ ਸਮਾਜ ਭਲਾਈ ਦੀਆਂ ਸਕੀਮਾਂ ਚਾਲੂ ਕੀਤੀਆਂ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਠਿੰਡਾ ਖੇਤਰ ਦੇ ਵਿਕਾਸ ਲਈ ਵੀ ਸੰਜੀਦਾ ਯਤਨ ਕੀਤੇ ਹਨ ਜਿਸ ਤਹਿਤ ਕੇਂਦਰੀ ਯੂਨੀਵਰਸਿਟੀ ਦੀ ਸਥਾਪਤੀ ਹੋਈ, ਘੁੱਦਾ ਵਿਖੇ ਸਪੋਰਟਸ ਸਕੂਲ ਖੋਲ੍ਹਿਆ ਗਿਆ, ਆਮ ਲੋਕਾਂ ਲਈ ਵੱਡੀ ਗਿਣਤੀ ਵਿੱਚ ਆਰ.ਓ ਪਲਾਂਟ ਲਗਾਏ ਗਏ ਤੇ ਸੜਕਾਂ ਅਤੇ ਪੁਲਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਬਣਾਇਆ ਗਿਆ।