December 13, 2011 admin

ਜਿਲ੍ਹਾ ਯੋਜਨਾ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਜਾਰੀ 12 ਕਰੋੜ 66 ਲੱਖ 36 ਹਜਾਰ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ

ਕਪੂਰਥਲਾ,13 ਦਸੰਬਰ:-ਜਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੀ ਮੀਟਿੰਗ ਅੱਜ  ਬੀਬੀ ਜਗੀਰ ਕੋਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੀ ਪ੍ਰਧਾਨਗੀ ਹੇਠ ਯੋਜਨਾ ਭਵਨ ਕਪੂਰਥਲਾ ਵਿਖੇ ਹੋਈ ।ਇਸ ਮੀਟਿੰਗ ਵਿੱਚ ਜਿਲ੍ਹਾ ਪੱਧਰ ਤੇ ਯੋਜਨਾ ਕਮੇਟੀ ਰਾਂਹੀ ਵੱਖ-ਵੱਖ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਈ 12 ਕਰੋੜ 66 ਲੱਖ 36 ਹਜਾਰ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ।ਸ਼੍ਰੀ ਗੁਰਮੇਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਰਨਲ), ਸ਼੍ਰੀ ਬੀ.ਐਸ.ਸੰਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਸ਼੍ਰੀ ਸਵਰਨ ਸਿੰਘ ਜੋਸ਼  ਚੇਅਰਮੈਨ ਮਾਰਕਿਟ ਕਮੇਟੀ ਭੁਲੱਥ,ਸ਼੍ਰੀਮਤੀ ਅਨੁਪਮ ਕਲੇਰ ਐਸ.ਡੀ.ਐਮ ਕਪੂਰਥਲਾ,ਸ਼੍ਰੀ ਲਖਮੀਰ ਸਿੰਘ ਐਸ.ਡੀ.ਐਮ ਸੁਲਤਾਨਪੁਰ ਲੋਧੀ,ਸ਼੍ਰੀ ਮਨਪ੍ਰੀਤ ਸਿੰਘ ਐਸ.ਡੀ.ਐਮ ਫਗਵਾੜਾ ਅਤੇ ਸ਼੍ਰੀਮਤੀ ਰਜਨੀਸ਼ ਕੌਰ ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਕਪੂਰਥਲਾ ਤੋਂ ਇਲਾਵਾ ਜਿਲ੍ਹਾ ਯੋਜਨਾ ਕਮੇਟੀ ਦੇ ਗੈਰ ਸਰਕਾਰੀ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖ ਅਧਿਕਾਰੀ ਸ਼ਾਮਲ ਸਨ ।
         ਬੀਬੀ ਜਗੀਰ ਕੋਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਨਾਲ-ਨਾਲ ਜਿਲ੍ਹਾ ਕਪੂਰਥਲਾ ਵਿੱਚ ਵੀ ਨਵੀਆਂ ਸੜਕਾਂ ਅਤੇ ਪੁਲਾਂ ਦੀ ਉਸਾਰੀ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਗਏ ਹਨ ।ਉਹਨਾਂ ਨੇ ਦੱਸਿਆ ਕਿ ਜਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਦੇ ਰਾਂਹੀ ਜਿਲ੍ਹੇ ਦੀਆਂ ਵੱਖ-ਵੱਖ ਲਿੰਕ ਸੜਕਾਂ ਦੀ ਮਰੰਮਤ ਵਾਸਤੇ 4 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਜਿਸ ਦੀ ਅੱਜ ਪ੍ਰਵਾਨਗੀ ਦਿੱਤੀ ਗਈ ਹੈ ।ਉਹਨਾਂ ਨੇ ਦੱਸਿਆ ਕਿ ਬੰਧਣ ਮੁਕਤ ਫੰਡਜ ਫਾਰ ਡੀ ਪੀ ਸੀਜ ਸਕੀਮ ਅਧੀਨ 38 ਲੱਖ 70 ਹਜਾਰ ਰੁਪਏ ਦੀ ਰਾਸ਼ੀ ਵੱਖ-ਵੱਖ ਵਿਕਾਸ ਕਾਰਜਾਂ ਵਾਸਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਪੂਰਥਲਾ ਦੇ ਨਾਮ ‘ਤੇ ਜਾਰੀ ਕੀਤੀ ਗਈ ਸੀ ਜਿਸ ਦੀ ਅੱਜ ਪ੍ਰਵਾਨਗੀ ਦਿੱਤੀ ਗਈ ਹੈ ,ਇਸੇ ਤਰਾਂ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਮਾਡਲ ਆਂਗਣਵਾੜੀ ਸੈਂਟਰਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਵਾਸਤੇ 32 ਲੱਖ ਰੁਪਏ ਅਤੇ ਕਿਸ਼ੋਰੀ ਸ਼ਕਤੀ ਨਿਊਟਰੀਸ਼ਨ ਸਕੀਮ ਅਧੀਨ 6 ਲੱਖ 42 ਹਾਜਰ ਰੁਪਏ ਦੀ ਰਾਸ਼ੀ ਜਿਲ੍ਹਾ ਪ੍ਰੋਗਰਾਮ ਅਫਸਰ ਕਪੂਰਥਲਾ ਨੂੰ ਜਾਰੀ ਕੀਤੀ ਗਈ ਸੀ ਇਸ ਦੀ ਵੀ ਅੱਜ ਮੀਟਿੰਗ ਦੌਰਾਨ ਪ੍ਰਵਾਨਗੀ ਦਿੱਤੀ ਗਈ ।
ਇਸ ਮੀਟਿੰਗ ਵਿੱਚ ਦੱਸਿਆ ਗਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਕਪੂਰਥਲਾ ਨੂੰ ਸਾਲ 2011-12 ਦੌਰਾਨ ਵੱਖ-ਵੱਖ ਪਲਾਨ ਸਕੀਮਾਂ ਅਧੀਨ 4 ਕਰੋੜ 96 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਇਸ ਰਾਸ਼ੀ ਵਿੱਚੋਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ,ਗਰਭਵੱਤੀ ਅਤੇ ਦੁੱਧ ਪਿਉਦੀਆਂ ਮਾਵਾਂ ਨੂੰ ਪੌਸ਼ਟਿਕ ਖੁਰਾਕ ਦੇਣ ਵਾਸਤੇ 4 ਕਰੋੜ 45 ਲੱਖ 67 ਹਜਾਰ ਰੁਪਏ ਇੰਦਰਾ ਗਾਂਧੀ ਨੈਸ਼ਨਲ ਵਿਧਵਾ ਪੈਨਸ਼ਨ ਸਕੀਮ ਨੂੰ 1 ਲੱਖ 26 ਹਜਾਰ ਰੁਪਏ,ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ ਅਧੀਨ 49 ਲੱਖ 52 ਹਜਾਰ ਰੁਪਏ ਦੀ ਰਾਸ਼ੀ ਨੂੰ ਪ੍ਰਵਾਨਗੀ ਦਿੱਤੀ ਗਈ ।ਇਸ ਮੀਟਿੰਗ ਵਿੱਚ ਜਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਕਪੂਰਥਲਾ ਰਾਂਹੀ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਜਾਰੀ ਕੀਤੇ ਗਏ 1 ਕਰੋੜ 70 ਲੱਖ ਰੁਪਏ ਦੇ ਫੰਡਾਂ ਨੂੰ ਪ੍ਰਵਾਨਗੀ ਦਿੰਦਿਆਂ ਜਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਨੇ ਪੰਚਾਇਤੀ ਵਿਭਾਗ,ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਆਦੇਸ਼ ਦਿੱਤੇ ਕਿ ਉਹ ਪਖਾਨਿਆਂ ਦੀ ਸਹੂਲਤ ਲਈ ਦਿੱਤੇ ਗਏ ਫੰਡਾਂ ਨਾਲ ਜਲਦੀ ਕੰਮ ਸ਼ੁਰੂ ਕਰਵਾਉਣ ਅਤੇ ਕੰਮ ਦੀ ਕੁਆਲਟੀ ਵੱਲ ਵਿਸ਼ੇਸ਼ ਧਿਆਨ ਦੇਣ ।
ਬੀਬੀ ਜਗੀਰ ਕੋਰ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਨੇ ਇਸ ਮੀਟਿੰਗ ਵਿੱਚ ਹਾਜਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਨੂੰ ਕਿਹਾ ਕਿ ਉੇਹ ਵਿਕਾਸ ਕਾਰਜਾਂ ਲਈ ਖਰਚ ਕੀਤੀ ਜਾ ਚੁੱਕੀ ਰਾਸ਼ੀ ਦੇ ਵਰਤੋ ਸਰਟੀਫਿਕੇਟ ਜਲਦੀ ਭੇਜਣ ।ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਸਾਲ 2012-13 ਲਈ ਜਿਲ਼੍ਹਾ ਯੋਜਨਾ ਤਿਆਰ ਕਰਨ ਵਾਸਤੇ ਆਪਣੇ ਆਪਣੇ ਵਿਭਾਗ ਦੀ ਯੋਜਨਾ ਤਿਆਰ ਕਰਕੇ ਜਲਦੀ ਭਿਜਵਾਉਣ ਤਾਂ ਕਿ ਇਹ ਯੋਜਨਾ ਰਾਜ ਦੀ ਯੋਜਨਾ ਕਮੇਟੀ ਨੂੰ ਭੇਜੀ ਜਾ ਸਕੇ ।ਉਹਨਾਂ ਨੇ ਇਹ ਵੀ ਦੱਸਿਆ ਕਿ ਜਿਲ੍ਹਾ ਪੱਧਰ ਦੀ ਯੋਜਨਾ ਹਰ ਹਾਲਤ ਵਿੱਚ ਇਸੇ ਮਹੀਨੇ ਵਿੱਚ ਭੇਜੀ ਜਾਣੀ ਹੈ ਅਤੇ ਜਦੋ ਤੱਕ ਜਿਲ੍ਹੇ ਦੀ ਸਾਲਾਨਾ ਯੋਜਨਾ ਤਿਆਰ ਨਹੀ ਹੋ ਜਾਂਦੀ ਉਦੋਂ ਤੱਕ ਇਸ ਜਿਲ੍ਹੇ ਨੂੰ ਰਾਜ ਦੀ ਯੋਜਨਾ ਕਮੇਟੀ ਵੱਲੋਂ ਅੱਗੋਂ ਫੰਡ ਜਾਰੀ ਨਹੀ ਹੋ ਸਕਦੇ ।ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨਾਂ ਵਿਭਾਗਾਂ ਨੇ ਅਜੇ ਤੱਕ ਵੀ ਆਪਣੀ ਸਾਲਾਨਾ ਯੋਜਨਾ ਤਿਆਰ ਨਹੀ ਕੀਤੀ ਉਹ 1 ਹਫਤੇ ਦੇ ਅੰਦਰ-ਅੰਦਰ ਆਪਣੀ ਯੋਜਨਾ ਤਿਆਰ ਕਰਕੇ ਸਿੱਧੇ ਤੋਰ ਤੇ ਪ੍ਰੋਗਰਾਮ ਕੋਆਰਡੀਨੇਟਰ ਮੈਗਸੀਪਾ ਕਪੂਰਥਲਾ ਨੂੰ ਭਿਜਵਾਉਣ ।
ਸ਼੍ਰੀਮਤੀ ਭੁਪਿੰਦਰ ਕੋਰ ਉਪ ਅਰਥ ਤੇ ਅੰਕੜਾ ਸਲਾਹਕਾਰ ਕਪੂਰਥਲਾ,ਇੰਜੀ: ਛੱਜਾ ਸਿੰਘ,ਮਾਸਟਰ ਪੂਰਨ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ,ਜਥੇਦਾਰ ਹਰਭਜਨ ਸਿੰਘ ਤਲਵੰਡੀ ਚੌਧਰੀਆਂ,ਸ਼੍ਰੀ ਜਗਜੀਤ ਸਿੰਘ ਡਾਲਾ,ਸ਼੍ਰੀ ਰਾਜਿੰਦਰ ਸਿੰਘ ਚੰਦੀ,ਸ਼੍ਰੀ ਪਰਮਜੀਤ ਸਿੰਘ ਲੱਦੜ ਅਤੇ ਸ਼੍ਰੀਮਤੀ ਬਲਜੀਤ ਕੌਰ ਸਾਰੇ ਮੈਂਬਰ ਜਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਵੀ ਇਸ ਮੀਟਿੰਗ ਵਿੱਚ ਹਾਜਰ ਸਨ । 

Translate »